ਗ਼ਜ਼ਲ/ ਜਿਹੜਾ ਕਰਦਾ / ਮਹਿੰਦਰ ਸਿੰਘ ਮਾਨ


ਜਿਹੜਾ ਕਰਦਾ ਤੁਰਨ ਦੀ ਹਿੰਮਤ ਨਹੀਂ,
ਉਸ ਨੂੰ ਮਿਲ ਸਕਦੀ ਕਦੇ ਮੰਜ਼ਲ ਨਹੀਂ।

ਕਿੰਜ ਹੋਵੇ ਵਰਖਾ ਵਕਤ ਸਿਰ,
ਆਦਮੀ ਨੇ ਛੱਡੇ ਜਦ ਜੰਗਲ ਨਹੀਂ।

ਗ਼ਮ ਤੇ ਖੁਸ਼ੀਆਂ ਜ਼ਿੰਦਗੀ ਦਾ ਅੰਗ ਨੇ,
ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ।

ਜ਼ਿੰਦਗੀ ਦੇ ਸਫਰ ਨੂੰ ਤਹਿ ਕਰਦਿਆਂ,
ਕੋਈ ਪੱਕਾ ਵੈਰੀ ਜਾਂ ਮਿੱਤਰ ਨਹੀਂ।

ਝੂਠਿਆਂ ਨੂੰ ਮਾਣ ਮਿਲਦਾ ਹੈ ਬੜਾ,
ਸੱਚਿਆਂ ਦੇ ਵੱਜੇ ਕਦ ਪੱਥਰ ਨਹੀਂ?

ਨ੍ਹੇਰੇ ਵਿੱਚ ਦੀਵੇ ਜਗਾਣੇ ਪੈਂਦੇ ਨੇ,
ਦੂਰ ਕਰਦੇ ਨ੍ਹੇਰੇ ਨੂੰ ਜੁਗਨੂੰ ਨਹੀਂ।

ਜਿਸਦਾ ਪਾਣੀ ਪੰਛੀ ਪੀ ਸਕਦੇ ਨਹੀਂ,
ਕੋਈ ਕੀਮਤ ਰੱਖਦਾ ਉਹ ਸਾਗਰ ਨਹੀਂ।

***
ਜਦ ਦਾ ਤੂੰ ਆਇਆਂ /ਗ਼ਜ਼ਲ
ਜਦ ਦਾ ਤੂੰ ਆਇਆਂ ਕੀਤੀ ਕੋਈ ਗੱਲ ਨਹੀਂ,
ਚੁੱਪ ਰਹਿਣਾ ਤਾਂ ਮਸਲੇ ਦਾ ਕੋਈ ਹੱਲ ਨਹੀਂ।

ਜਿਹੜਾ ਬੱਚਾ ਬਚਪਨ ’ਚ ਕਿਸੇ ਦੀ ਸੁਣਦਾ ਨ੍ਹੀ,
ਵੱਡਾ ਹੋ ਕੇ ਵੀ ਉਸ ਨੇ ਸੁਣਨੀ ਗੱਲ ਨਹੀਂ।

ਏਨੇ ਸਾਲਾਂ ਦੀ ਆਜ਼ਾਦੀ ਦੇ ਪਿੱਛੋਂ ਵੀ,
ਏਥੇ ਗੁਰਬਤ ਦਾ ਮਸਲਾ ਹੋਇਆ ਹੱਲ ਨਹੀਂ।

ਭਾਵੇਂ ਲੱਖ ਹੰਝੂ ਕੇਰ ਕੇ ਦੱਸੋ ਲੋਕਾਂ ਨੂੰ,
ਹਿੰਮਤ ਤੇ ਸਬਰ ਬਿਨਾਂ ਦੁੱਖ ਸਕਦੇ ਠੱਲ੍ਹ ਨਹੀਂ।

ਏਨਾ ਹੋ ਗਿਆ ਹੈ ਨਸ਼ਿਆਂ ਦੇ ਵਿੱਚ ਗਲਤਾਨ ਉਹ,
ਲੱਗਦਾ ਹੈ ਉਸ ਦਾ ਆਣਾ ਯਾਰੋ, ਕੱਲ੍ਹ ਨਹੀਂ।

ਭਾਵੇਂ ਉਹ ਦਿਨ ਰਾਤ ਰਹੇ ਆਦਮੀਆਂ ਦੇ ਵਿੱਚ,
ਤਾਂ ਵੀ ਉਸ ਨੂੰ ਗੱਲ ਕਰਨ ਦਾ ਆਂਦਾ ਵੱਲ ਨਹੀਂ।

ਮਿਲਦਾ ਨਾ ਤੂੰ ‘ਮਾਨ’ ਕਦੇ ਚੰਗੇ ਕਵੀਆਂ ਨੂੰ,
ਤਾਂ ਹੀ ਉਹਨਾਂ ਵਿੱਚ ਤੇਰੀ ਹੁੰਦੀ ਗੱਲ ਨਹੀਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...