
ਨਵੀਂ ਦਿੱਲੀ, 23 ਜੁਲਾਈ-ਕੌਮਾਂਤਰੀ ਮੀਡੀਆ ਗਰੁੱਪ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਦਲਾਈਲਾਮਾ ਦੇ ਮੁੱਖ ਸਲਾਹਕਾਰਾਂ ਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲਿਮ (ਐੱਨਐੱਸਸੀਐੱਨ) ਦੇ ਕਈ ਆਗੂਆਂ ਦੇ ਫੋਨ ਨੰਬਰ ਵੀ ਉਸ ਸੂਚੀ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ।
ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਰਿਪੋਰਟਾਂ ਦੀ ਲੜੀ ਦਰਮਿਆਨ ‘ਦਿ ਵਾਇਰ’ ਵੱਲੋਂ ਜਾਰੀ ਰਿਪੋਰਟ ਅਨੁਸਾਰ ਦੁਬਈ ਦੀ ਸ਼ਹਿਜ਼ਾਦੀ ਸ਼ੇਖਾ ਲਤੀਫਾ ਦੇ ਨੇੜਲੇ ਕਈ ਲੋਕਾਂ ਦੇ ਫੋਨ ਨੰਬਰ ਵੀ ਇਸ ਸੂਚੀ ’ਚ ਸ਼ਾਮਲ ਹਨ ਜਿਸ ਨੂੰ 2018 ’ਚ ਭਾਰਤੀ ਫੌਜ ਨੇ ਫੜ ਲਿਆ ਸੀ। ‘ਦਿ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਪੈਗਾਸਸ ਦੀ ਸੂਚੀ ’ਚ ਦਲਾਈਲਾਮਾ ਦੇ ਮੁੱਖ ਸਲਾਹਕਾਰਾਂ ਦੇ ਨੰਬਰ ਵੀ ਹੋ ਸਕਦੇ ਹਨ। ਇਸ ’ਚ ਦਾਅਵਾ ਕੀਤਾ ਗਿਆ ਹੈ, ‘ਅਧਿਐਨ ਤੋਂ ਇਹ ਮਜ਼ਬੂਤ ਸੰਕੇਤ ਮਿਲੇ ਹਨ ਕਿ ਇਹ ਭਾਰਤ ਸਰਕਾਰ ਦੇ ਸੰਭਾਵੀ ਨਿਸ਼ਾਨੇ ’ਤੇ ਹੋ ਸਕਦੇ ਹਨ। ਇਸ ਸੂਚੀ ’ਚ ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਲੋਬਸੈਂਗ ਸਾਂਗੇ, ਇੱਕ ਹੋਰ ਬੋਧੀ ਧਰਮ ਗੁਰੂ ਗਿਆਲਗਾਂਗ ਕਰਮਾਪਾ ਦੇ ਦਫ਼ਤਰ ਦਾ ਅਮਲਾ ਅਤੇ ਭਾਰਤ ’ਚ ਜਲਾਵਤਨ ਭਾਈਚਾਰੇ ਨਾਲ ਸਬੰਧਤ ਕਈ ਕਾਰਕੁਨ ਤੇ ਧਾਰਮਿਕ ਆਗੂਆਂ ਦੇ ਫੋਨ ਨੰਬਰ ਵੀ ਸ਼ਾਮਲ ਹਨ।’ ਦਲਾਈ ਲਾਮਾ ਦੇ ਜਿਨ੍ਹਾਂ ਸੀਨੀਅਰ ਸਲਾਹਕਾਰਾਂ ਦੇ ਫੋਨ ਨੰਬਰ ਮਿਲੇ ਹਨ ਉਨ੍ਹਾਂ ’ਚ ਤੇਂਪਾ ਸ਼ੇਰਿੰਗ, ਸੀਨੀਅਰ ਸਥੀ ਤੈਨਜ਼ਿਨ ਤਕਲਹਾ ਚਿਮੇ ਰਿਗਜ਼ੇਨ ਸ਼ਾਮਲ ਹਨ। ਬੋਧੀ ਟਰੱਸਟ ਦੇ ਮੁਖੀ ਸਮਧੌਂਗ ਰਿਨਪੋਚੇ ਦਾ ਫੋਨ ਨੰਬਰ ਵੀ ਪੈਗਾਸਸ ਦੀ ਸੂਚੀ ’ਚ ਸ਼ਾਮਲ ਹੈ ਜੋ ਦਲਾਈ ਲਾਮਾ ਦੇ ਗੱਦੀਨਸ਼ੀਨ ਦੀ ਚੋਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ‘ਦਿ ਵਾਇਰ’ ਦੀ ਵੱਖਰੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲਿਮ, ਐੱਨਐੱਸਸੀਐੱਨ (ਆਈਐੱਮ) ਦੇ ਉੱਚ ਆਗੂਆਂ ਦੇ ਫੋਨ ਨੰਬਰਾਂ ਦੀ ਜਾਸੂਸੀ ਵੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ’ਚ ਐੱਨਐੱਸਸੀਐੱਨ (ਆਈ-ਐੱਮ) ਦੇ ਆਤੇਮ ਵਾਸ਼ੂਮ, ਆਪਮ ਮੁਈਵਾਹ, ਐਂਥਨੀ ਸ਼ਿਮਰੇ ਤੇ ਫੁਨਥਿੰਗ ਸ਼ਿਮਰਾਂਗ ਅਤੇ ਨਾਗਾ ਨੈਸ਼ਨਲ ਪੋਲੀਟੀਕਲ ਗਰੁੱਪ ਦੇ ਕਨਵੀਨਰ ਐੱਨ ਕਿਤੋਵੀ ਜ਼ਿਮੋਮੀ ਦੇ ਨਾਂ ਸ਼ਾਮਲ ਹਨ।