
ਭਖਦਾ ਲਾਲ ਸੂਹਾ ਰੰਗ,ਪੀਡਾ ਪੱਤਲਾ ਮਧਰਾ ਕੱਦ ਆਪੇ ਗੱਲ ਕਰਕੇ ਆਪੇ ਹੀ ਹਾਸੇ ਦੇ ਖੜਾਕੇ ਛਡਦੇ ਰਹਿਣਾ,ਉਸ ਦੇ ਸੁਭਾਅ ਦਾ ਪੱਕਾ ਹਿੱਸਾ ਸੀ। ਉਹ ਪਛਲੱਗ ਸੀ ਭਾਵ ਉਹ ਆਪਣੀ ਮਾਂ ਕਰਮੋ ਦੇ ਦੂਜੇ ਨਹੀਂ ਤੀਜੇ ਵਿਆਹ ਵਿੱਚੋਂ ਸੀ।ਮਾਂ ਨੇ ਬੜੇ ਪਿਆਰ ਨਾਲ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ ਸੀ ਉਹ ਜਿੱਥੇ ਜਿੱਥੇ ਵੀ ਗਈ ਉਹ ਗਈ ਉਹ ਮਾਂ ਦੇ ਅਖੀਰ ਦਮ ਤੱਕ ਨਾਲ ਹੀ ਰਿਹਾ।
ਉਸ ਦੇ ਪਛੋਕੜ ਦਾ ਪਿੰਡ ਦੇ ਲੋਕਾਂ ਨੂੰ ਬਹੁਤ ਘੱਟ ਪਤਾ ਸੀ।ਪਿਛਲਗ ਉਸ ਦੀ ਭੈਣ ਮੰਸੋ ਵੀ ਸੀ ਪਰ ਉਹ ਆਪਣੀ ਮਾਂ ਦੇ ਪਿਛਲੇ ਦੂਜੇ ਘਰ ਹੀ ਰਹਿੰਦੀ ਸੀ। ਉੱਚ ਲੰਮੇ ਗੋਰੇ ਦੰਦਾਸੇ ਵਾਲੇ ਲਿਸ਼ਕਦੇ ਦੰਦਾਂ ਨਾਲ ਉਹ ਹਸਦੀ ਹੋਈ ਬਹੁਤ ਸੁਹਣੀ ਲੱਗਦੀ ਸੀ।ਇਸ ਲਈ ਉਸ ਦਾ ਵਿਆਹ ਛੇਤੀ ਹੀ ਇੱਕ ਫੌਜੀ ਨਾਲ ਹੋ ਗਿਆ। ਪਰ ਪਿਆਰਾ ਸਿੰਘ ਦਾ ਵਿਆਹ ਹੋਣ ਵਿੱਚ ਬਹੁਤ ਮੁਸ਼ਕਲਾਂ ਆਈਆਂ।ਜਦੋਂ ਵੀ ਕਿਤੇ ਉਸ ਦੇ ਰਿਸ਼ਤੇ ਦੀ ਗੱਲ ਚਲਦੀ ਤਾਂ ਲੋਕਾਂ ਵੱਲੋਂ ਉਸ ਦਾ ਕੋਈ ਅੱਗਾ ਪਿਛਾ ਨਾ ਹੋਣ ਕਰਕੇ ਭਾਨੀ ਮਾਰਣ ਕਰਕੇ ਉਸ ਦੇ ਹੁੰਦੇ ਰਿਸ਼ਤੇ ਵਿੱਚ ਰੋੜਾ ਅਟਕਾਉਣੋਂ ਨਾ ਖੁੰਝਦਾ ।
ਅਖੀਰ ਉਹ ਜਿਵੇਂ ਕਹਿੰਦੇ ਨੇ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ,ਉਸ ਦੀ ਵੀ ਸੁਣੀ ਗਈ ਜਦੋਂ ਉਸ ਦਾ ਵਿਆਹ ਨੇੜੇ ਦੇ ਪਿੰਡ ਇਕ ਕਾਲੀ ਮਿੱਟੀ ਤੋਂ ਲਿਆਂਦੀ ਮੁੱਲ ਦੀ ਕਿਸੇ ਤੀਵੀਂ ਜਿਸ ਨੂੰ ਪਿੰਡ ਦੇ ਲੋਕ ਕੁਦੇਸਣ ਕਹਿੰਦੇ ਸਨ, ਉਸ ਦੀ ਧੀ ਨਾਲ ਹੋ ਹੀ ਗਿਆ। ਪਰ ਉਸ ਦੀ ਮਾਂ ਨੇ ਉਸ ਨੂੰ ਵੱਖ ਨਹੀ ਕੀਤਾ।ਭਾਂਵੇ ਉਸ ਦੇ ਨਵੇਂ ਘਰ ਆਕੇ ਪੰਜ ਪੁੱਤਰ ਤੇ ਇੱਕ ਧੀ ਵੀ ਹੋਈ ਪਰ ਮਾਂ ਉਸ ਨੂੰ ਉਨ੍ਹਾਂ ਵਿੱਚੋਂ ਆਪਣਾ ਵੱਡਾ ਪੁਤਰ ਹੀ ਸਮਝਦੀ ਰਹੀ। ਵੱਡਾ ਪ੍ਰਿਵਾਰ ਪਰ ਛੋਟਾ ਜ਼ਿਮੀਂਦਾਰ ਘਰ,ਇੱਕ ਫੁਲਵਾੜੀ ਵਾਂਗੋਂ ਸਾਰੇ ਪਿੰਡ ਵਿੱਚ ਬੜਾ ਹੀ ਸਾਊ ਘਰਾਂ ਵਿੱਚ ਗਿਣਿਆ ਜਾਂਦਾ ਸੀ।ਉਸ ਦੇ ਨਿੱਕੇ ਭੈਣ ਭਰਾ ਹੁਣ ਹੌਲੀ ਹੌਲੀ ਵੱਡੇ ਹੋ ਗਏ ਸਨ। ਮਾਂ ਦਾ ਉਸ ਨੂੰ ਆਪਣੇ ਨਾਲੋਂ ਵੱਖਰੇ ਕਰਨ ਦਾ ਜੀਅ ਨਹੀਂ ਸੀ ਕਰਦਾ,ਪਰ ਅਖੀਰ ਉਸ ਨੂੰ ਛੋਟਾ ਜਿਹਾ ਘਰ ਅਤੇ ਥੋੜ੍ਹੀ ਜ਼ਮੀਨ ਦੇ ਕੇ ਵੱਖਰਾ ਕਰ ਦਿੱਤਾ ਗਿਆ।
ਇੱਕ ਮੇਹਣਤੀ ਕਿਸਾਨ ਹੋਣ ਦੇ ਨਾਲ ਨਾਲ ਉਹ ਗੁਰੂ ਘਰ ਇਹ ਦਾ ਪ੍ਰੇਮੀ ਵੀ ਸੀ। ਹੁਣ ਪਿੰਡ ਦੇ ਗਿਣੇ ਮਿੱਥੇ ਚੋਣਵੇਂ ਬੰਦਿਆਂ ਵਿੱਚ ਗਿਣਿਆ ਜਾਣ ਲੱਗਾ।ਪਿੰਡ ਦੇ ਸਾਦ ਮੁਰਾਦੇ ਗੁਰਦੁਆਰੇ ਵਿੱਚ ਕੁਝ ਸਾਥੀਆਂ ਨਾਲ ਰਲ਼ਕੇ ਜੱਥਾ ਬਣਾ ਕੇ ਜਦੋਂ ਉਹ ਕੀਰਤਣ ਵੀ ਕਰਦਾ ਹੁੰਦਾ ਸੀ ਇਸ ਕਰਕੇ ਉਹ ਸਾਰੇ ਪਿੰਡ ਵਿੱਚ ਗਿਆਨੀ ਪਿਆਰਾ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ।ਅਤੇ ਇਨ੍ਹਾਂ ਚੰਗੇ ਗੁਣਾਂ ਕਰਕੇ ਉਹ ਗੁਰਦੁਆਰੇ ਦੀ ਪ੍ਰਧਾਨਗੀ ਤੱਕ ਪਹੁੰਚ ਗਿਆ। ਉਦੋਂ ਅਜੇ ਗੁਰੂ ਘਰ ਵਿੱਚ ਗੋਲਕ ਨਹੀਂ ਸੀ ਲੱਗੀ ਪਰ ਉਸ ਦੀ ਪ੍ਰਧਾਨਗੀ ਸਮੇਂ ਉਸ ਤੇ ਕਿਸੇ ਦੀ ਉੰਗਲ ਨਹੀਂ ਉੱਠੀ।
ਉਸ ਦੀ ਘਰ ਵਾਲੀ ਮਿੰਦੋ ਬਹੁਤ ਹੀ ਸਾਦੇ ਸੁਭਾ ਦੀ ਅਤੇ ਸ਼ਰਮਾਕਲ ਜਿਹੀ ਤੀਵੀਂ ਸੀ।ਉਸ ਨੂੰ ਕਦੇ ਕਿਸੇ ਨਾਲ ਲੜਾਈ ਝਗੜਾ ਕਰਨਾ ਆਉਂਦਾ ਹੀ ਨਹੀਂ ਸੀ। ਹੋਲ਼ੀ ਹੌਲੀ ਪੰਜ ਪੁੱਤਰਾਂ ਤੇ ਦੋ ਧੀਆਂ ਦੀ ਮਾਂ ਬਣ ਗਈ ਸਬਰ,ਸਿਦਕ ਘੱਟ ਬੋਲਣਾ,ਨਿਮ੍ਰਤਾ ਉਸ ਦਾ ਗਹਿਣਾ ਉਸ ਦੇ ਗਹਿਣੇ ਸਨ।
ਸਸਤੇ ਸਮੇਂ ਸਮੇਂ ਸਨ ਪ੍ਰਿਵਾਰ ਸਾਰੇ ਆਪੋ ਆਪਣੇ ਕੰਮ ਧੰਦਿਆਂ ਤੇ ਲੱਗ ਗਿਆ,ਕੁਝ ਜੀਆਂ ਦੇ ਵੁਦੇਸ਼ ਚਲੇ ਜਾਣ ਕਰਕੇ ਘਰ ਦੀ ਹਾਲਤ ਦਿਨੋ ਦਿਨ ਸੁਧਰਦੀ ਗਈ। ਅਤੇ ਪ੍ਰਿਵਾਰ ਦੀਆਂ ਜ਼ਿਮੇਵਾਰੀਆਂ ਤੋਂ ਹੁਣ ਉਹ ਪੂਰੀ ਤਰ੍ਹਾਂ ਸੁਰ ਖੁਰੂ ਹੋ ਚੁਕਾ ਸੀ।
ਘਰ ਵਾਲੀ ਕਿਸੇ ਛੋਟੀ ਬੀਮਾਰੀ ਕਾਰਣ ਉਸ ਦਾ ਸਾਥ ਛੱਡ ਚੁੱਕੀ ਸੀ। ਪਰ ਉਸ ਦੀ ਨੇਕ ਤੇ ਮਿਹਣਤੀ ਔਲਾਦ ਨੇ ਹਰ ਪੱਖੋਂ ਉਸ ਦਾ ਪੂਰਾ ਪੂਰਾ ਖਿਆਲ ਰੱਖ ਕੇ ਉਸ ਨੂੰ ਕਿਸੇ ਗੱਲੋਂ ਕੋਈ ਥੁੜ ਨਹੀਂ ਆਉਣ ਦਿੱਤੀ।
ਹੁਣ ਉਹ ਪੋਤਰਿਆਂ ਦੋਹਤਿਆਂ ਵਾਲਾ ਹੋ ਚੁੱਕਾ ਸੀ ਅਤੇ ਜੀਵਣ ਦੇ ਨੌਂ ਦਹਾਕੇ ਪਾਰ ਕਰ ਚੁਕਿਆ ਸੀ। ਅਤੇ ਆਪਣੇ ਨਿੱਕਿਆਂ ਖਿਡੌਣਿਆਂ ਨਾਲ ਹੱਸਦਾ ਖੇਡਦਾ ਕਿਹਾ ਕਰਦਾ ਸੀ, ਕਿ ਮੈਨੂੰ ਭਾਵੇਂ ਵੱਡਾ ਨਾ ਕਰਿਓ ਪਰ ਮੇਰੇ ਮਰਨ ਤੇ ਰਾਤ ਨੂੰ ਪਟਾਕੇ ਜ਼ਰੂਰ ਚਲਾਇਓ।
ਅਤੇ ਸੱਚੀਂ ਮੁੱਚੀਂ ਜਿਸ ਦਿਨ ਉਸ ਦਾ ਸਸਕਾਰ ਕਰ ਕੇ ਲੋਕ ਘਰਾਂ ਨੂੰ ਆ ਗਏ ਤਾਂ ਰਾਤ ਨੂੰ ਉਸ ਦੇ ਘਰ ਦੀ ਛੱਤ ਪਟਾਕਿਆਂ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਕਿਸੇ ਨੇ ਉਸ ਦੇ ਪੋਤਿਆਂ ਤੋਂ ਪੁੱਛ ਹੀ ਲਿਆ ਤਾਂ ਉਹ ਕੋਠੇ ਤੇ ਨੱਚਦੇ ਟੱਪਦੇ ਕਹਿ ਰਹੇ ਸਨ ਕਿ “ਬਾਬਾ ਕਹਿ ਗਿਆ ਸੀ ਜਿਸ ਦਿਨ ਮੈਂ ਮਰ ਜਾਂਵਾਂ ਤਾਂ ਪਟਾਕੇ ਚਲਾਇਓ”।
ਇਸ ਹੱਸ ਮੁਖੇ ਬਜ਼ੁਰਗ ਬੰਦੇ ਦੀ ਮੌਤ ਤੇ ਉਸ ਦੀ ਇਹ ਅੰਤਮ ਇੱਛਾ ਵੇਖ ਕੇ ਸਾਰਾ ਪਿੰਡ ਹੈਰਾਨ ਹੋ ਰਿਹਾ ਸੀ।
ਰਵੇਲ ਸਿੰਘ