
ਮੋਗਾ: ਮੋਗਾ ਦੇ ਲੁਹਾਰਾ ਪਿੰਡ ਵਿਚ ਸ਼ੁੱਕਰਵਾਰ ਦੀ ਚੜ੍ਹਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਦੋ ਬੱਸਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ।ਜਿਸ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਅਤੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਈਆਂ ਬੱਸਾਂ ’ਚੋਂ ਇਕ ਬੱਸ ਨਵਜੋਤ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਸੀ, ਜਿਸ ’ਚ ਬਹੁਤ ਸਾਰੇ ਲੋਕ ਸਵਾਰ ਸਨ। ਪ੍ਰਾਈਵੇਟ ਬੱਸ ਨੇ ਸਰਕਾਰੀ ਬੱਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਹਾਦਸਾ ਸਵੇਰੇ ਕਰੀਬ 8 ਵਜੇ ਹੋਇਆ। ਜ਼ੀਰਾ ਹਲਕੇ ਤੋਂ ਹਾਕਮ ਧਿਰ ਵਿਧਾਇਕ ਕੁਲਬੀਰ ਜ਼ੀਰਾ ਦੇ ਸਮਰਥਕ ਬੱਸ ਵਿੱਚ ਸਵਾਰ ਹੋ ਕੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਚੰਡੀਗੜ੍ਹ ਜਾ ਰਹੇ ਸਨ। ਇਥੇ ਅਮ੍ਰਿੰਤਸਰ ਮੁੱਖ ਮਾਰਗ ਸਥਿਤ ਪਿੰਡ ਲੁਹਾਰਾ ਨੇੜੇ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ।ਮਿੰਨੀ ਬੱਸ ਚਾਲਕ ਗੁਰਦੇਵ ਸਿੰਘ, ਜੋ ਕਾਂਗਰਸੀ ਵਰਕਰਾਂ ਨੂੰ ਸਿੱਧੂ ਤਾਜਪੋਸ਼ੀ ਲਈ ਲੈ ਕੇ ਜਾ ਰਿਹਾ ਸੀ, ਦੀ ਮੌਤ ਹੋ ਗਈ ਹੈ। ਦੋ ਹੋਰ ਕਾਂਗਰਸੀ ਵਰਕਰ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਵਿਰਸਾ ਸਿੰਘ ਅਤੇ ਵਿੱਕੀ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪਿੰਡ ਮਲਸੀਆਂ ਦੇ ਹਨ।