
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਹੋਣ ਜਾ ਰਹੀ ਹੈ। ਇਸ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਿਰਕਤ ਕਰਨਗੇ। ਇਸ ਮੌਕੇ ਚਾਰੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗਰਗ ਵੀ ਅੱਜ ਹੀ ਅਹੁਦੇ ਸੰਭਾਲਣਗੇ। ਤਾਜਪੋਸ਼ੀ ਸਮਾਗਮ ਲਈ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਅਪਣੀ ਰਿਹਾਇਸ਼ ਤੋ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਹਨ।
ਦੱਸ ਦਈਏ ਕਿ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਾਰੇ ਕੀਤੇ ਐਲਾਨ ਤੋਂ ਬਾਅਦ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚਲ ਰਿਹਾ ਮਨ ਮੁਟਾਵ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਦੋਹਾਂ ਵਲੋਂ ਸੁਲਾਹ ਸਫ਼ਾਈ ਵੱਲ ਕਦਮ ਵਧਾਏ ਗਏ ਹਨ | ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਮੁੜ ਦੁਹਰਾਈ ਸੀ ਕਿ ਜਦੋਂ ਤਕ ਨਵਜੋਤ ਸਿੱਧੂ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿਪਣੀਆਂ ਬਾਰੇ ਜਨਤਕ ਤੌਰ ‘ਤੇ ਮਾਫ਼ੀ ਨਹੀਂ ਮੰਗ ਲੈਂਦੇ, ਉਸ ਸਮੇਂ ਤਕ ਉਸ ਨਾਲ ਮੁਲਾਕਾਤ ਨਹੀਂ ਕਰਨਗੇ ਅਤੇ ਸਿੱਧੂ ਵੀ ਵਖਰੇ ਤਰੀਕੇ ਨਾਲ ਹੀ ਅਪਣੇ ਦੌਰਿਆਂ ਦੇ ਪ੍ਰੋਗਰਾਮ ਵਿਚ ਲੱਗੇ ਸਨ।ਪਾਰਟੀ ਦੇ ਕੁੱਝ ਸੀਨੀਅਰ ਨੇਤਾਵਾਂ ਦੇ ਦਖ਼ਲ ਤੋਂ ਬਾਅਦ ਸਥਿਤੀ ਵਿਚ ਉਸ ਸਮੇਂ ਨਵਾਂ ਤੇ ਸੁਖਾਵਾਂ ਮੋੜ ਆਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਭਵਨ ਵਿਚ ਹੋਣ ਵਾਲੇ ਤਾਜਪੋਸ਼ੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰ ਲਿਆ| ਇਹ ਸੱਦਾ ਪੱਤਰ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੂੰ ਦੇਣ ਉਹਨਾਂ ਦੇ ਸਿਸਵਾਂ ਹਾਊਸ ਗਏ ਸਨ| ਇਸ ਉਪਰ 58 ਵਿਧਾਇਕਾਂ ਦੇ ਦਸਤਖ਼ਤ ਸਨ| ਇਹ ਸੱਦਾ ਪੱਤਰ ਬੀਤੇ ਦਿਨੀਂ ਅੰਮ੍ਰਿਤਸਰ ਵਿਚ ਵਿਧਾਇਕਾਂ ਦੀ ਮੰਗ ਵਿਚ ਹੀ ਤਿਆਰ ਕਰ ਕੇ ਇਸ ਨੂੰ ਸੌਂਪਣ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਡਿਊਟੀ ਨਾਗਰਾ ਦੀ ਲਾਈ ਗਈ ਸੀ।ਨਾਗਰਾ ਨੇ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਦਸਿਆ ਕਿ ਉਹਨਾਂ ਨੇ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਉਹ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣਗੇ ਇਸੇ ਦੌਰਾਨ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਦਸਿਆ ਕਿ ਕੈਪਟਨ ਨੇ ਤਾਜਪੋਸ਼ੀ ਸਮਾਰੋਹ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੂੰ ਸਵੇਰੇ 10 ਵਜੇ ਪੰਜਾਬ ਭਵਨ ਵਿਚ ਚਾਹ ਪਾਰਟੀ ਲਈ ਸੱਦਾ ਦਿਤਾ ਹੈ | ਇਥੋਂ ਹੀ ਸਾਰੇ ਪੰਜਾਬ ਕਾਂਗਰਸ ਭਵਨ ਵੱਲ ਰਵਾਨਾ ਹੋਣਗੇ |