
ਚੰਡੀਗੜ੍ਹ, 21ਜੁਲਾਈ– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਦਰ ਘਟਣ ਦੇ ਮੱਦੇਨਜ਼ਰ ਕੋਵਿਡ-19 ਸਬੰਧੀ ਪਾਬੰਦੀਆਂ ’ਚ ਢਿੱਲਾਂ ਦਿੱਤੀਆਂ ਹਨ ਜਿਨ੍ਹਾਂ ’ਚ ਮੁੱਖ ਤੌਰ ’ਤੇ ਹੁਣ 26 ਜੁਲਾਈ ਤੋਂ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਤੱਕ ਸਕੂਲ ਕੋਵਿਡ-19 ਦੇ ਨਿਯਮਾਂ ਨਾਲ ਖੋਲ੍ਹੇ ਜਾ ਸਕਣਗੇ। ਪੰਜਾਬ ਸਰਕਾਰ ਨੇ ਇਹ ਸ਼ਰਤ ਲਗਾਈ ਹੈ ਕਿ ਸਿਰਫ ਕਰੋਨਾ ਰੋਕੂ ਟੀਕੇ ਦੀਆਂ ਖੁਰਾਕਾਂ ਲਗਵਾਉਣ ਵਾਲੇ ਅਧਿਆਪਕਾਂ ਅਤੇ ਸਟਾਫ ਨੂੰ ਸਰੀਰਕ ਤੌਰ ’ਤੇ ਹਾਜ਼ਰ ਹੋਣ ਦੀ ਪ੍ਰਵਾਨਗੀ ਮਿਲੇਗੀ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ ਉਤੇ ਸੂਚਿਤ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਸਕੂਲਾਂ ’ਚ ਬਾਕੀ ਕਲਾਸਾਂ ਵੀ ਇਸੇ ਤਰ੍ਹਾਂ 2 ਅਗਸਤ ਤੋਂ ਖੋਲ੍ਹਣ ਦੀ ਆਗਿਆ ਹੋਵੇਗੀ।
ਮੁੱਖ ਮੰਤਰੀ ਨੇ ਕੋਵਿਡ-19 ਦੀ ਸਮੀਖਿਆ ਮੀਟਿੰਗ ’ਚ ਪਾਬੰਦੀਆਂ ਨਰਮ ਕਰਦਿਆਂ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਤੇ ਬਾਹਰੀ ਇਕੱਠਾਂ ਲਈ 300 ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਸਮਰੱਥਾ ਦੀ ਉਪਰਲੀ ਹੱਦ 50 ਫੀਸਦੀ ਤੱਕ ਰੱਖਣ ਦੀ ਸ਼ਰਤ ਲਾਈ ਗਈ ਹੈ। ਮੁੱਖ ਮੰਤਰੀ ਨੇ ਸਮਾਜਿਕ ਇਕੱਠਾਂ ਦੇ ਸਬੰਧ ਵਿਚ ਕਲਾਕਾਰਾਂ, ਗਾਇਕਾਂ ਨੂੰ ਅਜਿਹੇ ਸਮਾਗਮਾਂ ਲਈ ਇਜਾਜ਼ਤ ਵੀ ਦੇ ਦਿੱਤੀ ਹੈ ਅਤੇ ਉਨ੍ਹਾਂ ਨਾਲ ਹੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ।
ਪੰਜਾਬ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀ ਵਜੋਂ ਐਮਰਜੈਂਸੀ ਕੋਵਿਡ ਰਿਸਪੌਂਸ ਲਈ 331 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਹਿਰ ਤੋਂ ਪਹਿਲਾਂ ਇਸੇ ਮਹੀਨੇ ਵਿਸ਼ੇਸ਼ ਤੌਰ ’ਤੇ 6-17 ਸਾਲ ਦੀ ਉਮਰ ਦੇ ਬੱਚਿਆਂ ’ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇ ਸ਼ੁਰੂ ਕੀਤਾ ਜਾਵੇਗਾ। ਬੱਚਿਆਂ ਨੂੰ ਆਧਾਰ ਬਣਾ ਕੇ ਸੀਰੋ ਸਰਵੇ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਬੈੱਡਾਂ ਦੀ ਗਿਣਤੀ ਵਧਾ ਕੇ 142 ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸਾਰੀਆਂ ਅਸਾਮੀਆਂ ਦੀ ਭਰਤੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਮੁੱਖ ਮੰਤਰੀ ਨੂੰ ਹਸਪਤਾਲਾਂ ਆਦਿ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਡਾ. ਕੇਕੇ ਤਲਵਾੜ ਨੇ ਦੱਸਿਆ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਸੁਖਾਵੇਂ ਹਨ, ਹਾਲਾਂਕਿ ਤੀਜੀ ਲਹਿਰ ਦਾ ਡਰ ਬਣਿਆ ਹੋਇਆ ਹੈ ਅਤੇ ਆਈਸੀਐੱਮਆਰ ਵੱਲੋਂ ਅਗਸਤ ਦੇ ਅੰਤ ਵਿੱਚ ਜਾਂ ਸਤੰਬਰ ਦੀ ਸ਼ੁਰੂਆਤ ਤੱਕ ਇਸ ਲਹਿਰ ਦੇ ਆਉਣ ਦਾ ਖਦਸ਼ਾ ਜਤਾਇਆ ਗਿਆ ਹੈ।
ਅਮਰਿੰਦਰ ਸਿੰਘ ਨੇ ਦਿਵਿਆਂਗ ਵਿਅਕਤੀਆਂ ਲਈ ਮੌਜੂਦਾ ਸਕੀਮਾਂ ਦਾ ਘੇਰਾ ਮੋਕਲਾ ਕਰਦੇ ਹੋਏ ਇਨ੍ਹਾਂ ਦੇ ਲਾਭ ਉਨ੍ਹਾਂ ਵਿਅਕਤੀਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਜੋ ਮਿਊਕਰਮਾਇਕੋਸਿਸ ਕਾਰਨ ਦਿਵਿਆਂਗ (ਸਰੀਰਕ ਤੌਰ ’ਤੇ ਪੀੜਤ) ਹੋ ਗਏ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਮਿਊਕਰਮਾਇਕੋਸਿਸ ਦੇ ਠੀਕ ਹੋਏ ਕੇਸਾਂ ਦੀ ਮੁਫ਼ਤ ਜਾਂਚ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਜਾਣ। ਮੁੱਖ ਮੰਤਰੀ ਨੇ ਹਵਾਲਾ ਦਿੱਤਾ ਕਿ ਕੈਂਬਰਿਜ ਯੂਨੀਵਰਸਿਟੀ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਂਦੇ ਹਫਤਿਆਂ ਵਿਚ ਕੇਸਾਂ ਵਿਚ ਹੋਰ ਕਮੀ ਆਵੇਗੀ। ਉਨ੍ਹਾਂ ਕਿਹਾ ਕੋਵਿਡ ਦੇ ਸਰੂਪ ਵਿਚ ਆਏ ਬਦਲਾਅ ਬਾਰੇ ਸੰਕੇਤ ਮਿਲੇ ਹਨ ਕਿ 90 ਫੀਸਦੀ ਤੋਂ ਵੱਧ ਵਾਇਰਸ ਦੀ ਕਿਸਮ ਚਿੰਤਾਜਨਕ ਹੈ। ਹਾਲਾਂਕਿ ਡੈਲਟਾ ਪਲੱਸ ਦਾ ਕੋਈ ਨਵਾਂ ਕੇਸ ਨਹੀਂ ਹੈ।