
ਲੁਧਿਆਣਾ, 23 ਮਈ – ਲੁਧਿਆਣਾ ਵਿੱਚ ਅੱਜ ਨਕਲੀ ਸ਼ਰਾਬ ਪੀਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਮੁੜ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਹੋ ਗਈ ਹੈ। ਦੱਸ ਦਈਏ ਮਜੀਠਾ ਵਿੱਚ ਜਿੱਥੇ ਨਕਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ ਹੋ ਗਈ ਸੀ, ਹੁਣ ਲੁਧਿਆਣਾ ਵਿੱਚ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਉੱਥੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਕਲੀ ਸ਼ਰਾਬ ਨਾਲ ਹੋਈਆਂ ਤਿੰਨ ਮੌਤਾਂ ‘ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਨਕਲੀ ਸ਼ਰਾਬ ਦੇ ਉਤਪਾਦਨ ਅਤੇ ਰੋਕ ਨਾ ਪਾਉਣ ‘ਤੇ ਸਖ਼ਤ ਨਿੰਦਾ ਕੀਤੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਮਜੀਠਾ ਵਿੱਚ ਇਹ ਦੁਖਦਾਈ ਘਟਨਾ ਵਾਪਰੀ ਅਤੇ ਹਾਲੇ ਕੁਝ ਹੀ ਦਿਨ ਬੀਤੇ ਸਨ ਕਿ ਲੁਧਿਆਣਾ ਵਿੱਚ ਇਹ ਘਟਨਾ ਵਾਪਰ ਗਈ ਹੈ ਅਤੇ ਇਹ ਘਟਨਾ ਹੈਰਾਨ ਕਰਨ ਵਾਲੀ ਹੈ, ਕਿਉਂਕਿ ਪੀੜਤਾਂ ਨੇ ਕਥਿਤ ਤੌਰ ‘ਤੇ ਸਰਕਾਰ ਵਲੋਂ ਮਿਲੇ ਲਾਇਸੈਂਸ ਵਾਲੇ ਠੇਕੇ ਤੋਂ ਸ਼ਰਾਬ ਖਰੀਦੀ ਸੀ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਵਾਲੇ ਮਾਫੀਆ ਸਰਕਾਰ ‘ਤੇ ਭਾਰੀ ਪੈ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਉੱਥੇ ਹੀ ਰਾਜਾ ਵੜਿੰਗ ਨੇ ਸਰਕਾਰ ਨੇ ਨਸ਼ੇ ਵਿਰੁੱਧ ਜੰਗ ‘ਤੇ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਇਸ ਤੋਂ ਵੱਡੀ ਅਸਫਲਤਾ ਕੁਝ ਹੋਰ ਨਹੀਂ ਹੋ ਸਕਦੀ, ਜਦੋਂ ਲੋਕ ਨਕਲੀ ਸ਼ਰਾਬ ਪੀ ਕੇ ਮਰ ਰਹੇ ਹਨ।