
ਸ਼ੋਸ਼ਲ ਮੀਡੀਆ ਉੱਤੇ ਅੱਜ ਜੋ ਵੀ ਪਰੋਸਿਆ ਜਾਂ ਵਿਖਾਇਆ ਜਾ ਰਿਹਾ ਹੈ ਉਸਦੀ ਪ੍ਰਮਾਣਤਾ ਨੂੰ ਲੈ ਕੇ ਮੇਰੇ ਮਨ ਚ ਕਈ ਤਰਾਂ ਦੇ ਸਵਾਲ ਖੜੇ ਹੁੰਦੇ ਹਨ।ਜੋ ਸ਼ਾਇਦ ਹੋਰਾਂ ਦੇ ਮਨ ਚ ਵੀ ਜਰੂਰ ਹੁੰਦੇ ਹੋਣਗੇ ਤੇ ਉਹ ਸਵਾਲ ਹੈ ਕੇ ਸ਼ੋਸ਼ਲ ਮੀਡੀਆ ਉੱਤੇ ਜੋ ਵੀ ਪੋਸਟ ਪਾਈ ਜਾਂਦੀ ਹੈ ਉਸਦੀ ਪ੍ਰਮਾਣਤਾ ਬਾਰੇ ਕੋਈ ਕਸੌਟੀ ਕਿਉਂ ਨਹੀਂ ? ਜਦ ਕਿ ਕਿਸੇ ਵੀ ਫ਼ਿਲਮ ਦੇ ਰਲੀਜ਼ ਹੋਣ ਤੋ ਪਹਿਲਾਂ ਉਸ ਦਾ ਸੈਂਸਰ ਬੋਰਡ ਤੋਂ ਪਾਸ ਹੋਣਾ ਹੁੰਦਾ ਹੈ।ਪਰ ਕਿੰਨੇ ਸਿਤਮ ਦੀ ਗੱਲ ਹੈ ਕਿ ਇਸ ਦੇ ਉਲਟ ਸ਼ੋਸ਼ਲ ਮੀਡੀਆ ਉੱਤੇ ਤੁਸੀਂ ਕੋਈ ਵੀ ਪੋਸਟ ਪਾ ਦੇਵੋ ਉਸਦੀ ਪ੍ਰਮਾਣਤਾ ਹਾਸਲ ਕਰਨ ਦੀ ਤੁਹਾਨੂੰ ਕੋਈ ਜਰੂਰਤ ਨਹੀਂ ਹੈ।ਫਿਰ ਉਹ ਪੋਸਟ ਸੱਚੀ ਹੋਵੇ ਜਾਂ ਝੂਠੀ,ਕੋਈ ਮਤਲਬ ਨਹੀਂ।
ਪਰ ਅਸੀਂ ਕਦੇ ਸੋਚਿਆ ਹੈ ਕਿ ਅਗਰ ਪੋਸਟ ਗਲਤ ਜਾਂ ਝੂਠੀ ਹੈ ਤਾਂ ਉਸਦਾ ਸਮਾਜ ਉੱਤੇ ਕਿੰਨਾ ਬੁਰਾ ਅਸਰ ਪੈਂਦਾ ਹੈ? ਕਈ ਵਾਰ ਤਾਂ ਉਸ ਝੂਠੀ ਪੋਸਟ ਦਾ ਇੰਨਾ ਜਿਆਦਾ ਮਾਰੂ ਪ੍ਰਭਾਵ ਪੈਂਦਾ ਹੈ ਕੇ ਕਿਸੇ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ ਤੇ ਕਈ ਵਾਰ ਕਿਸੇ ਦਾ ਕੈਰੀਅਰ ਤੱਕ ਤਬਾਹ ਹੋ ਜਾਂਦਾ ਹੈ।ਸ਼ੋਸ਼ਲ ਮੀਡੀਆ ਦੇ ਮਾੜੇ ਪੱਖ ਦੀਆਂ ਕਈ ਮਿਸਾਲਾਂ ਹਨ ਜਿੰਨਾ ਚੋਂ ਇਕ ਉਦਾਹਰਣ ਇਹ ਹੈ ਕੇ ਇਕ ਵਾਰ ਕਿਸੇ ਵਿਅਕਤੀ ਨੇ ਕਿਸੇ ਮੰਤਰੀ ਦਾ ਟਵਿੱਟਰ ਹੈਂਡਲ ਹੈਕ ਕਰਕੇ ਕਹਿ ਦਿੱਤਾ ਕਿ ਮੇਰੀ ਇਕ ਪਾਕਿਸਤਾਨੀ ਔਰਤ ਨਾਲ ਗੱਲਬਾਤ ਹੈ।ਇਸ ਗੱਲ ਦਾ ਸਭ ਪਾਸੇ ਰੌਲਾ ਪੈ ਗਿਆ।ਨਤੀਜਾ ਇਹ ਹੋਇਆ ਕਿ ਕੁੱਝ ਦਿਨਾਂ ਪਿੱਛੋਂ ਉਸਦੀ ਪਤਨੀ ਦੀ ਇਕ ਹੋਟਲ ਚੋਂ ਲਾਸ਼ ਮਿਲੀ।ਅਸਲ ਚ ਸ਼ੋਸ਼ਲ ਮੀਡੀਆ ਨੇ ਸਾਡੀ ਉਸਾਰੂ ਸੋਚ ਨੂੰ ਵੀ ਪੁੱਠੇ ਪਾਸੇ ਲਾ ਦਿੱਤਾ ਹੈ।ਅਸੀ ਠੀਕ ਤੇ ਗਲਤ ਦਾ ਨਿਤਾਰਾ ਕਰਨ ਦੀ ਬਜਾਏ ਅਲੋਚਨਾ ਵੱਲ ਵਧਦੇ ਜਾ ਰਹੇ ਹਾਂ। ਪੈਸੇ ਦੇ ਲਾਲਚ ਚ ਅੱਜ ਕੱਲ ਨੌਜਵਾਨੀ ਸ਼ੋਸ਼ਲ ਮੀਡੀਆ ਪਿੱਛੇ ਪਾਗਲ ਹੋਈ ਫਿਰਦੀ ਹੈ।ਹਰ ਕੋਈ ਰੀਲ ਬਣਾ ਕੇ ਯੂ ਟਿਊਬ ਤੇ ਅਪਲੋਡ ਕਰੀ ਜਾ ਰਿਹਾ ਹੈ।ਬਹੁਤ ਵਾਰੀ ਸ਼ੋਸ਼ਲ ਮੀਡੀਆ ਉੱਤੇ ਹਲਕੀ ਕਿਸਮ ਦੀ ਜਾਣਕਾਰੀ ਵੀ ਵੇਖਣ ਨੂੰ ਮਿਲਦੀ ਹੈ ਜੋ ਸਮਾਜ ਲਈ ਲਾਹੇਵੰਦ ਹੋਣ ਦੀ ਥਾਂ ਨੁਕਸਾਨਦਾਇਕ ਹੁੰਦੀ ਹੈ।