ਕੈਨੇਡਾ ਹੌਲੀ ਹੌਲੀ ਭਾਰਤੀ ਵਿਦਿਆਰਥੀਆਂ ਲਈ ਦਰਵਾਜ਼ੇ ਕਰ ਰਿਹਾ ਹੈ ਬੰਦ

ਕੈਨੇਡਾ, 23 ਮਈ – ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਵਿਚ ਵੱਡੀਆਂ ਕਟੌਤੀਆਂ ਕੀਤੀਆਂ ਹਨ। 2025 ਦੀ ਪਹਿਲੀ ਤਿਮਾਹੀ ਵਿਚ ਭਾਰਤੀ ਵਿਦਿਆਰਥੀ ਪਰਮਿਟਾਂ ਵਿਚ 31% ਦੀ ਕਟੌਤੀ ਕੀਤੀ ਗਈ। ਜਨਵਰੀ ਤੋਂ ਮਾਰਚ 2025 ਦਰਮਿਆਨ ਸਿਰਫ਼ 30,640 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 44,295 ਸੀ। ਇਹ ਗਿਰਾਵਟ ਅਜਿਹੇ ਸਮੇਂ ਦਰਜ ਕੀਤੀ ਗਈ ਹੈ ਜਦੋਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀਆਂ ਲਗਾਤਾਰ ਵਧ ਰਹੀਆਂ ਹਨ। ਕੈਨੇਡੀਅਨ ਸਰਕਾਰ ਦੀਆਂ ਨਵੀਆਂ ਨੀਤੀਆਂ ਤੇ ਪਾਬੰਦੀਆਂ ਕਾਰਨ ਨਾ ਸਿਰਫ਼ ਭਾਰਤ ਸਗੋਂ ਦੂਜੇ ਦੇਸ਼ਾਂ ਦੀਆਂ ਵੀ ਵਿਦਿਆਰਥੀ ਵੀਜ਼ਾ ਦਰਾਂ ਘਟੀਆਂ ਹਨ। 2024 ਦੀ ਪਹਿਲੀ ਤਿਮਾਹੀ ਵਿਚ ਕੁੱਲ 1,21,070 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦੋਂ ਕਿ 2025 ਵਿਚ ਇਹ ਅੰਕੜਾ ਘੱਟ ਕੇ 96,015 ਰਹਿ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਇਹ ਗਿਰਾਵਟ ਹੋਰ ਵੀ ਡੂੰਘੀ ਹੋਣ ਦੀ ਸੰਭਾਵਨਾ ਹੈ। 2023 ਦੇ ਆਖ਼ਰੀ ਮਹੀਨਿਆਂ ਤੋਂ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਸਨ। ਇਸ ਦੇ ਪਿੱਛੇ ਮੁੱਖ ਕਾਰਨ ਦੇਸ਼ ਵਿਚ ਤੇਜ਼ੀ ਨਾਲ ਵਧ ਰਹੀ ਆਬਾਦੀ, ਰਿਹਾਇਸ਼ ਦੀ ਘਾਟ ਅਤੇ ਸਿਹਤ ਅਤੇ ਆਵਾਜਾਈ ਸਹੂਲਤਾਂ ‘ਤੇ ਵਧਦਾ ਦਬਾਅ ਹੈ। 28 ਅਪ੍ਰੈਲ, 2025 ਨੂੰ ਹੋਈਆਂ ਸੰਘੀ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਰਕਾਰ ਵਿਚ ਵਾਪਸ ਆਏ ਅਤੇ ਉਨ੍ਹਾਂ ਨੇ ਖ਼ਾਸ ਤੌਰ ‘ਤੇ ਕਿਹਾ ਕਿ 2027 ਤਕ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋਵੇਗੀ।

ਸਾਂਝਾ ਕਰੋ

ਪੜ੍ਹੋ