ਪਾਕਿਸਤਾਨ ਵਰਗਾ ਚੰਦਰਾ ਗੁਆਂਢ ਬੁਰਾ

ਅੱਤਵਾਦ ਅਤੇ ਨਸ਼ਾਵਾਦ ਦੋ ਵਿਸ਼ਵ-ਵਿਆਪੀ ਐਸੀਆਂ ਗੰਭੀਰ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਖ਼ਤਮ ਕਰਨ ਲਈ ਪ੍ਰਭਾਵਿਤ ਦੇਸ਼ਾਂ ਦੀਆਂ ਸਰਕਾਰਾਂ ਜੰਗੀ ਪੱਧਰ ’ਤੇ ਕਾਰਵਾਈਆਂ ਕਰਨ ਲਈ ਰੁੱਝੀਆਂ ਹੋਈਆਂ ਹਨ ਅਤੇ ਆਪੋ-ਆਪਣੇ ਆਰਥਿਕ, ਰਾਜਸੀ ਅਤੇ ਫ਼ੌਜੀ ਵਸੀਲਿਆਂ ਦੇ ਆਧਾਰ ’ਤੇ ਅੱਤਵਾਦ ਅਤੇ ਨਸ਼ਾਵਾਦ ਦੀਆਂ ਸਮੱਸਿਆਵਾਂ ਨਾਲ ਨਜਿੱਠ ਰਹੀਆਂ ਹਨ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਅੱਤਵਾਦ ਉਸ ਲਈ ਇਕ ਮੁੱਖ ਚੁਣੌਤੀ ਹੈ, ਖ਼ਾਸ ਤੌਰ ’ਤੇ ਉਸ ਵੇਲੇ ਜਦੋਂ ਉਸ ਦਾ ਗੁਆਂਢੀ ਮੁਲਕ, ਚੰਦਰੇ ਗੁਆਂਢੀ ਪਾਕਿਸਤਾਨ ਨੇ ਅੱਤਵਾਦ ਨੂੰ ਆਪਣੀ ਅੰਤਰਰਾਸ਼ਟਰੀ ਨੀਤੀ ਦਾ ਆਧਾਰ ਬਣਾਇਆ ਹੋਇਆ ਹੈ। ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਹੈ, ਇਹ ਭਾਰਤ ਲਈ ਭਾਵੇਂ ਵੱਡੀ ਚੁਣੌਤੀ ਨਹੀਂ ਲੱਗਦੀ ਪਰ ਸਰਹੱਦੀ ਰਾਜ ਪੰਜਾਬ ਲਈ ਇਹ ਬਹੁਤ ਵੱਡੀ ਮੁਸੀਬਤ ਹੈ।

ਨਸ਼ਿਆਂ ਦੀ ਤਸਕਰੀ ਅਤੇ ਜਾਅਲੀ ਨੋਟਾਂ ਰਾਹੀਂ ਪਾਕਿਸਤਾਨ ਲੰਬੇ ਸਮੇਂ ਤੋਂ ਲੁਕਵੀਂ ਲੜਾਈ ਕਰ ਰਿਹਾ ਹੈ। ਸਮਝੌਤਾ ਐਕਸਪ੍ਰੈੱਸ ਹੋਵੇ ਜਾਂ ਦਿੱਲੀ-ਲਾਹੌਰ ਦਰਮਿਆਨ ਚੱਲਦੀਆਂ ਬੱਸਾਂ, ਪਾਕਿਸਤਾਨ ਨੇ ਇਨ੍ਹਾਂ ਰਾਹੀਂ ਖ਼ੂਬ ਸਮਗਲਿੰਗ ਕੀਤੀ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਚਲਾਏ ਜਾ ਰਹੇ ਅੱਤਵਾਦ ਨਾਲ ਨਜਿੱਠਣ ਲਈ ਸਮੇਂ-ਸਮੇਂ ਮੁਹਿੰਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ ਪਰ ਅੱਤਵਾਦ ਵਿਰੁੱਧ ਸਭ ਤੋਂ ਵੱਡੀ ਤੇ ਅਸਰਦਾਰ ਮੁਹਿੰਮ ‘ਆਪ੍ਰੇਸ਼ਨ ਸਿੰਧੂਰ’ ਹੈ।

ਇਹ ਮੁਹਿੰਮ ਭਾਰਤ ਦੇ ਜੰਮੂ ਅਤੇ ਕਸ਼ਮੀਰ ਕੇਂਦਰੀ ਸ਼ਾਸਿਤ ਖੇਤਰ ਦੇ ਸੈਰਗਾਹ ਇਲਾਕੇ ਪਹਿਲਗਾਮ ਵਿਖੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ 22 ਅਪ੍ਰੈਲ 2025 ਨੂੰ 26 ਭਾਰਤੀ ਸੈਲਾਨੀਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਲੋਕਾਂ ਦੇ ਦਬਾਅ ਹੇਠ ਸਰਕਾਰ ਨੇ ਚਲਾਈ। ਭਾਰਤ ਸਰਕਾਰ ਨੇ ਆਪਣੀ ਵਿਦੇਸ਼ੀ ਅਤੇ ਰਾਜਸੀ ਨੀਤੀ ਵਿਚ ਬਦਲਾਅ ਕਰਦੇ ਹੋਏ ਅੱਤਵਾਦੀਆਂ ਨੂੰ ਸਜ਼ਾ ਦੇਣ ਤੇ ਖ਼ਤਮ ਕਰਨ ਲਈ ‘ਆਪ੍ਰੇਸ਼ਨ ਸਿੰਧੂਰ’ ਆਰੰਭਿਆ ਜਿਸ ਅਧੀਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਹੋਰ ਪਾਕਿਸਤਾਨੀ ਇਲਾਕਿਆਂ ਜਿੱਥੇ ਅੱਤਵਾਦੀਆਂ ਨੇ ਪੱਕੇ ਟਿਕਾਣੇ ਬਣਾਏ ਹੋਏ ਸਨ, ਨੂੰ ਭਾਰਤ ਦੀ ਸੈਨਾ ਦੀ ਸਾਂਝੀ ਕਾਰਵਾਈ ਰਾਹੀਂ ਨਿਸ਼ਾਨਾ ਬਣਾਇਆ ਗਿਆ।

ਸੂਤਰਾਂ ਅਨੁਸਾਰ ਲਗਪਗ 100 ਅੱਤਵਾਦੀ ਮਾਰੇ ਗਏ ਜਿਨ੍ਹਾਂ ਵਿਚ ਪੁਲਵਾਮਾ ਅਤੇ ਪਹਿਲਗਾਮ ਹਮਲਿਆਂ ਦੀ ਸਾਜ਼ਿਸ਼ ਘੜਨ ਵਾਲੇ ਪ੍ਰਮੁੱਖ ਅੱਤਵਾਦੀ ਵੀ ਸ਼ਾਮਲ ਸਨ। ਲਾਹੌਰ ਅਤੇ ਗੁਜਰਾਂਵਾਲਾ ਨੇੜੇ ਪਾਕਿਸਤਾਨ ਦੇ ਰਾਡਾਰ ਸਿਸਟਮ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਜਿਸ ਨੇ ਅੱਤਵਾਦੀ ਗਤੀਵਿਧੀਆਂ ਦੀ ਸਮਰੱਥਾ ਨੂੰ ਕਮਜ਼ੋਰ ਕੀਤਾ। ਇਸ ਆਪ੍ਰੇਸ਼ਨ ਵਿਚ ਕੇਵਲ ਅੱਤਵਾਦੀਆਂ ਦੇ ਕੈਂਪਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਕਿਸੇ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਭਾਰਤ ਸਰਕਾਰ ਦੀ ਅੱਤਵਾਦੀਆਂ ਵਿਰੁੱਧ ਇਸ ਨਿਰਣਾਇਕ ਕਾਰਵਾਈ ਦੀ ਭਾਰਤ ਦੀਆਂ ਸਾਰੀਆਂ ਕੇਂਦਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੇ ਸਮਰਥਨ ਕੀਤਾ ਹੈ।

ਆਪ੍ਰੇਸ਼ਨ ਸਿੰਧੂਰ ਨੂੰ ਭਾਰਤ ਵਿਚ ਵਿਆਪਕ ਸਮਰਥਨ ਪ੍ਰਾਪਤ ਹੋਇਆ ਹੈ। ਕੇਂਦਰੀ ਮੰਤਰੀ ਮੰਡਲ ਅਤੇ ਪ੍ਰਧਾਨ ਮੰਤਰੀ ਨੇ ਇਸ ਨੂੰ ਰਾਸ਼ਟਰੀ ਗੌਰਵ ਦਾ ਵਿਸ਼ਾ ਦੱਸਿਆ। ਇਸ ਆਪ੍ਰੇਸ਼ਨ ਨੇ ਅੱਤਵਾਦ ਦੇ ਮੁੱਦੇ ’ਤੇ ਭਾਰਤ ਦੀ ਮਜ਼ਬੂਤ ਨੀਤੀ ਅਤੇ ਸਮਰੱਥਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਦਰਸ਼ਿਤ ਕੀਤਾ ਹੈ। ਇਸ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਮੁੱਦੇ ’ਤੇ ਰੱਖਿਆਤਮਕ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਆਪ੍ਰੇਸ਼ਨ ਸਿੰਧੂਰ ਨੂੰ ਮੀਡੀਆ ਦੀ ਓਵਰ-ਕਵਰੇਜ ਜਾਂ ਟਰੰਪੀਕਰਨ ਨੇ ਭਾਵੇਂ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਅੱਤਵਾਦੀਆਂ ਵਿਰੁੱਧ ਸੈਨਿਕ ਅਤੇ ਰਣਨੀਤਕ ਪੱਖੋ ਸਫਲ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਨੇ ਭਾਰਤ ਦੀ ਅੱਤਵਾਦ ਵਿਰੁੱਧ ‘ਜ਼ੀਰੋ ਟੋਲਰੈਂਸ’ ਨੀਤੀ ਨੂੰ ਮਜ਼ਬੂਤ ਕੀਤਾ ਹੈ। ਭਾਰਤੀ ਫ਼ੌਜ ਦੀ ਸਟੀਕਤਾ, ਗੁਪਤਤਾ ਅਤੇ ਨਾਗਰਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਸਮਰੱਥਾ ਨੇ ਇਸ ਨੂੰ ਇਕ ਪ੍ਰਭਾਵਸ਼ਾਲੀ ਕਾਰਵਾਈ ਬਣਾਇਆ ਹੈ। ਭਾਰਤ ਸਰਕਾਰ ਅਤੇ ਭਾਰਤੀ ਲੋਕਾਂ ਦਾ ਮੰਨਣਾ ਹੈ ਕਿ ਅੱਤਵਾਦੀਆਂ ਨੇ ਭਾਰਤੀ ਭੈਣਾਂ ਦੇ ਸਿੰਧੂਰ ਨੂੰ ਮਿਟਾਇਆ ਹੈ। ਲਿਹਾਜ਼ਾ ਭਾਰਤ ਨੇ ਅੱਤਵਾਦ ਦੇ ਉਨ੍ਹਾਂ ਦੇ ਮੁੱਖ ਦਫ਼ਤਰਾਂ ਅਤੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।

ਆਪ੍ਰੇਸ਼ਨ ਸਿੰਧੂਰ ਰਾਹੀਂ ਭਾਰਤ ਸਰਕਾਰ ਵੱਲੋਂ ਦੁਨੀਆ ਨੂੰ ਅਤੇ ਖ਼ਾਸ ਤੌਰ ’ਤੇ ਪਾਕਿਸਤਾਨ ਨੂੰ ਦ੍ਰਿੜ੍ਹ ਸੰਦੇਸ਼ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਤੱਤ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਚਲਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਲਈ ਗੁਆਂਢੀ ਦੇਸ਼ਾਂ ਵਿਚ ਲੁਕਣਾ ਸੰਭਵ ਨਹੀ ਹੋਵੇਗਾ। ਆਪ੍ਰੇਸ਼ਨ ਸਿੰਧੂਰ ਅੱਤਵਾਦੀਆਂ ਵਿਰੁੱਧ ਚੌਵੀ ਘੰਟੇ, ਸੱਤੇ ਦਿਨ ਚੱਲਣ ਵਾਲਾ ਆਪ੍ਰੇਸ਼ਨ ਹੈ ਜੋ ਅੱਤਵਾਦ ਵਿਰੁੱਧ ਭਾਰਤ ਦੀ ਦ੍ਰਿੜ੍ਹ ਨੀਤੀ ਨੂੰ ਦਰਸਾਉਂਦਾ ਹੈ। ਭਾਰਤ ਕਿਸੇ ਵੀ ਹਮਲੇ ਦਾ ਜਵਾਬ ਆਪਣੀਆਂ ਸ਼ਰਤਾਂ ਅਤੇ ਫ਼ੈਸਲਾਕੁੰਨ ਜਵਾਬੀ ਕਾਰਵਾਈ ਨਾਲ ਦੇਵੇਗਾ। ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਹੁਣ ਵੱਖਰੇ ਤੌਰ ’ਤੇ ਨਹੀਂ ਦੇਖਿਆ ਜਾਵੇਗਾ। ਅੰਤਰਰਾਸ਼ਟਰੀ ਹੱਦਾਂ ਅੱਤਵਾਦੀਆਂ ਨੂੰ ਹੁਣ ਨਹੀ ਬਚਾ ਸਕਣਗੀਆਂ।

ਲਿਹਾਜ਼ਾ ਆਪ੍ਰੇਸ਼ਨ ਸਿੰਧੂਰ ਨਿਆਂ ਦੀ ਅਖੰਡ ਪ੍ਰਤੀਕਿਰਿਆ ਹੈ, ਅੱਤਵਾਦ ਵਿਰੁੱਧ ਐਸਾ ਆਪ੍ਰੇਸ਼ਨ ਚੱਲਦਾ ਰਹੇਗਾ। ਅੱਤਵਾਦ ਵਿਰੁੱਧ ਆਰੰਭੇ ਗਏ ਆਪ੍ਰੇਸ਼ਨ ਸਿੰਧੂਰ ਪ੍ਰਤੀ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਸਰਕਾਰਾਂ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਆਲ ਪਾਰਟੀ ਵਫ਼ਦਾਂ ਦੀਆਂ ਚੋਣਵੇਂ ਸੰਸਦੀ ਮੈਂਬਰਾਂ ਦੀਆਂ ਟੀਮਾਂ ਵੱਖ-ਵੱਖ ਦੇਸ਼ਾਂ ਵਿਚ ਇਹ ਸੁਨੇਹੇ ਲੈ ਕੇ ਜਾ ਰਹੀਆਂ ਹਨ ਕਿ ਭਾਰਤ ਵਿਚ ਅੱਤਵਾਦੀਆਂ ਦੀ ਕੋਈ ਕਾਰਵਾਈ ਬਰਦਾਸ਼ਤ ਨਹੀਂ ਹੋਵੇਗੀ। ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਅਤੇ ਲੋਕਾਂ ਵੱਲੋਂ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਭਾਰਤ ਨੂੰ ਅੱਤਵਾਦ ਵਿਰੁੱਧ ਜੰਗ ਲਈ ਤਿਆਰੀ ਜਾਰੀ ਰੱਖਣੀ ਹੋਵੇਗੀ। ਚੰਗਾ ਹੁੰਦਾ ਜੇਕਰ ਇਸ ਸਬੰਧੀ ਭਾਰਤ ਦੀ ਪਾਰਲੀਮੈਂਟ ਦਾ ਇਕ ਵਿਸ਼ੇਸ਼ ਸਾਂਝਾ ਇਜਲਾਸ ਬੁਲਾ ਕੇ ਇਸ ਸਬੰਧੀ ਸਾਂਝੀ ਕੌਮੀ ਰਾਇ ਬਣਾ ਲਈ ਜਾਂਦੀ।

ਸਾਂਝਾ ਕਰੋ

ਪੜ੍ਹੋ

ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ...