
ਚੰਡੀਗੜ੍ਹ, 22 ਮਈ – ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅੱਜ ਸਵੇਰੇ ਬੰਬ ਦੀ ਧਮਕੀ ਮਗਰੋਂ ਅਫ਼ਰਾ ਤਫ਼ਰੀ ਵਾਲਾ ਮਾਹੌਲ ਬਣ ਗਿਆ। ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਫੌਰੀ ਐਡਵਾਈਜ਼ਰੀ ਜਾਰੀ ਕਰਦਿਆਂ ਬਾਰ ਮੈਂਬਰਾਂ ਨੂੰ ਕੋਰਟ ਰੂਮ ਖਾਲੀ ਕਰਨ ਲਈ ਆਖਿਆ ਹੈ। ਬਾਰ ਐਸੋਸੀਏਸ਼ਨ ਨੇ ਨੋਟਿਸ ਵਿਚ ਸਾਰੇ ਮੈਂਬਰਾਂ ਨੂੰ ਚੌਕਸੀ ਵਰਤਣ ਦੀ ਅਪੀਲ ਕਰਦਿਆਂ ਇਹਤਿਆਤੀ ਉਪਰਾਲੇ ਵਜੋਂ ਅਦਾਲਤਾਂ ਨੂੰ ਫੌਰੀ ਖਾਲੀ ਕਰਨ ਦੀ ਬੇਨਤੀ ਕੀਤੀ ਹੈ। ਨੋਟਿਸ ਵਿੱਚ ਲਿਖਿਆ ਹੈ, ‘‘ਜੇ ਕੋਈ ਸ਼ੱਕੀ ਜਾਂ ਲਾਵਾਰਸ ਚੀਜ਼ ਅਹਾਤੇ ਦੇ ਅੰਦਰ ਮਿਲਦੀ ਹੈ ਤਾਂ ਕ੍ਰਿਪਾ ਕਰਕੇ ਫੌਰੀ ਹਾਈ ਕੋਰਟ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗਗਨਦੀਪ ਜੰਮੂ ਨੇ ਇਕ ਸੁਨੇਹੇ ਵਿਚ ਕਿਹਾ ਕਿ ਅਦਾਲਤੀ ਕਾਰਵਾਈ ਬਾਅਦ ਦੁਪਹਿਰ 2:00 ਵਜੇ ਮੁੜ ਸ਼ੁਰੂ ਹੋਵੇਗੀ।