ਬੁੱਧ ਚਿੰਤਨ/ਮੇਰਾ ਨਾਅ ਬੁੱਧ ਸਿੰਘ ਕਿਵੇਂ ਰੱਖਿਆ/ਬੁੱਧ ਸਿੰਘ ਨੀਲੋਂ

ਅਕਸਰ ਪਾਠਕਾਂ ਵੱਲੋਂ ਮੈਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੇਰਾ ਨਾਂ ਜਿਸ ਨੇ ਵੀ ਰੱਖਿਆ ਸੀ, ਬਹੁਤ ਸੋਚ ਸਮਝ ਕੇ ਰੱਖਿਆ ਏ। ਮੈਨੂੰ ਨਹੀਂ ਪਤਾ ਕਿ ਬੁੱਧ ਕਦੋਂ ਗਿਆਨਵਾਨ ਹੋ ਗਿਆ। ਉਹ ਗਿਆਨ ਦੀਆਂ ਗੱਲਾਂ ਲਿਖਣ ਲੱਗਿਆ ਹੈ। ਭਲਾ ਜੇ ਮੇਰੇ ਤੋਂ ਪਹਿਲਾਂ ਮੇਰੇ ਦੋ ਭਰਾ ਬਚ ਰਹਿੰਦੇ ਸ਼ਾਇਦ ਮੇਰੀ ਵਾਰੀ ਨਾ ਹੀ ਆਉਦੀ। ਬਾਪੂ ਜੀ ਚਾਰ ਭਰਾ ਸਨ। ਵੱਡਾ ਤਾਇਆ ਜੀ ਸ.ਲਾਲ ਸਿੰਘ ਆਪਣੇ ਪਰਵਾਰ ਨਾਲ ਲੁਧਿਆਣੇ ਰਹਿੰਦਾ ਸੀ। ਬਾਕੀ ਤਿੰਨ ਪਰਵਾਰ ਪਿੰਡ ਨੀਲੋਂ ਕਲਾਂ ਹੀ ਰਹਿੰਦੇ ਸੀ। ਵੱਡਾ ਤਾਇਆ ਜੀ ਸ.ਦਲੀਪ ਸਿੰਘ ਫੌਜ ਵਿੱਚ ਸੀ ਤੇ ਚਾਚਾ ਜੀ ਸ. ਪ੍ਰੀਤਮ ਸਿੰਘ ਪਟਵਾਰੀ ਲੱਗ ਗਿਆ ਸੀ।ਬਾਪੂ ਜੀ ਸ.ਮੇਹਰ ਸਿੰਘ ਪਿੰਡ ਹੀ ਰਹਿੰਦੇ ਸੀ। ਉਹ ਮੱਝਾਂ ਤੇ ਘੋੜਿਆਂ ਦਾ ਵਪਾਰ ਤੇ ਕੰਮਕਾਰ ਦੀ ਠੇਕੇਦਾਰੀ ਕਰਦੇ ਸੀ। ਪਿੰਡ ਦੇ ਲੋਕ ਉਨ੍ਹਾਂ ਨੂੰ ਠੇਕੇਦਾਰ ਕਹਿ ਕੇ ਬੁਲਾਇਆ ਕਰਦੇ ਸੀ।1965 ਦੀ ਜੰਗ ਖਤਮ ਹੋ ਗਈ ਸੀ। ਫੌਜੀ ਤਾਏ ਵਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸ਼ਹੀਦ ਹੋ ਗਿਆ ਜਾਂ ਕ਼ੈਦ ਵਿੱਚ ਹੈ। ਉਧਰ ਤਾਸ਼ਕੰਦ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਜੀ ਸਰੀਰ ਛੱਡ ਗਏ ਸੀ ਤੇ ਦੇਸ਼ ਵਿੱਚ ਸੋਗ ਦੀ ਲਹਿਰ ਚੱਲ ਰਹੀ ਸੀ। ਇਧਰੇ 11 ਜਨਵਰੀ ਨੂੰ ਸਵੇਰੇ ਤੜਕੇ ਵੇਲੇ ਮੇਰਾ ਜਨਮ ਹੋਇਆ ਸੀ। ਘਰ ਵਿੱਚ ਖੁਸ਼ੀ ਦਾ ਮਹੌਲ ਬਣ ਗਿਆ ਸੀ ਤੇ ਉਸੇ ਹੀ ਰਾਤ ਨੂੰ ਫੌਜੀ ਤਾਇਆ ਜੀ ਦੋਰਾਹਾ ਮੰਡੀ ਰੇਲਵੇ ਸਟੇਸ਼ਨ ਤੋਂ ਤੁਰ ਕੇ ਪਿੰਡ ਆ ਗਏ ਸੀ । ਅਗਲੇ ਦਿਨਾਂ ਦੇ ਵਿੱਚ ਲੋਹੜੀ ਸੀ। ਸਾਡੇ ਘਰ ਵਿਆਹ ਵਰਗਾ ਮਹੌਲ ਬਣਿਆ ਹੋਇਆ ਸੀ। ਲੋਹੜੀ ਵਾਲੇ ਦਿਨ ਸਾਰੇ ਪਿੰਡ ਦੇ ਲੋਕ ਸਾਡੇ ਦਰਾਂ ਮੂਹਰੇ ਨੱਚਦੇ ਟੱਪਦੇ ਤੇ ਬੋਲੀਆਂ ਪਾਉਦੇ ਸੀ। ਬਾਬਾ ਪ੍ਰਤਾਪ ਸਿੰਘ ਬਾਜੀਗਰ ਢੋਲ ਵਜਾਉਂਦੇ ਸਨ। ਹੌਲਦਾਰ ਰਘਵੀਰ ਸਿੰਘ ਵੀ ਸੇਵਾ ਮੁਕਤ ਹੋ ਕੇ ਆਇਆ ਸੀ। ਲੋਹੜੀ ਵਾਲੇ ਦਿਨ ਬੁੱਧਵਾਰ ਸੀ। ਚੰਨਣ ਸਿੰਘ ਚੌਕੀਦਾਰ ਵੀ ਮੋਢੇ ਜਨਮ ਮੌਤ ਦਾ ਰਜਿਸਟ੍ਰੇਸ਼ਨ ਚੁੱਕੀ ਆਇਆ ਹੋਇਆ ਸੀ। ਹੌਲਦਾਰ ਰਜਿਸਟਰ ਫੜਕੇ ਮੰਜੇ ਉਤੇ ਬਹਿ ਗਿਆ ਜੇਬ ਵਿੱਚ ਨਿੱਬ ਵਾਲ ਪੈਨ ਕੱਢ ਕੇ ਬੋਲਿਆ ” ਮੇਹਰ ਸਿਆਂ ਕਾਕੇ ਦਾ ਕੀ ਰੱਖਿਆ ? ਬਾਪੂ ਜੀ ਕੁੱਝ ਬੋਲਦਾ ਅੰਦਰੋਂ ਕਿਸੇ ਨੇ ਅਵਾਜ਼ ਦਿੱਤੀ ਭਾਈ ਜੀ ਅੱਜ ਬੁੱਧਵਾਰ ਹੈ, ਬੁੱਧ ਸਿੰਘ ਲਿਖ ਦੋ !”…ਹਾਂ ਬਈ ਬੁੱਧ ਸਿੰਘ ! ਇਹ ਗੱਲਾਂ ਜਦ ਕਦੇ ਬੀਬੀ ਤੇ ਬਾਪੂ ਦੱਸਦੇ ਹੁੰਦੇ ਸੀ ਤਾਂ ਮਨ ਖੁਸ਼ ਵੀ ਹੁੰਦਾ। ਇਹ ਨਾਮ ਮੇਰਾ ਕਿਸਨੇ ਰੱਖਿਆ ਸੀ ਪਤਾ ਨਹੀਂ ਪਰ ਸਾਰੇ ਪਿੰਡ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਸੀ । ਹੁਣ ਤੱਕ ਸੈਕੜੇ ਹੀ ਮੇਰੇ ਪਾਠਕਾਂ ਨੇ ਜਦ ਕਦੇ ਫੋਨ ਕੀਤਾ ਤਾਂ ਇਹ ਕਹਿ ਕੇ ਮੇਰੇ ਪਿੰਡ ਦਾ ਨਾਮ ਉਚਾ ਕੀਤਾ ਕਿ ਤੁਹਾਡੇ ਮਾਪਿਆਂ ਨੇ ਤੇਰਾ ਨਾਮ ਸੋਚ ਸਮਝ ਕੇ ਰੱਖਿਆ ਹੈ ਤੇ ਤੂੰ ਆਪਣੇ ਨਾਮ ਦੀ ਲਜ ਪਾਲ ਰਿਹਾ ਹੈ । ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਸ. ਗੁਰਦਿਆਲ ਸਿੰਘ ਲਿੱਟ ਤੇ ਮਾਸਟਰ ਪੰਡਤ ਕਿਸ਼ੋਰੀ ਲਾਲ ਸ਼ਰਮਾ ਜੀ ਪੜ੍ਹਾਉਦੇ ਸਨ। ਸਕੂਲ ਵਿੱਚ ਸਖਤਾਈ ਬਹੁਤ ਹੁੰਦੀ ਸੀ । ਸਰਹੰਦ ਨਹਿਰ ਕਿਨਾਰੇ ਸਕੂਲ ਸੀ। ਸਭ ਨਹਿਰ ਵੱਲ ਜਾਣ ਦੀ ਮਨਾਈ ਸੀ। ਜੇ ਕੋਈ ਗਲਤੀ ਨਾਲ ਚਲੇ ਜਾਂਦਾ ਤਾਂ ਬਹੁਤ ਕੁੱਟ ਪੈੰਦੀ ਸੀ। ਜਦ ਪੰਜਵੀਂ ਦੇ ਵਿੱਚ ਹੋਇਆ ਤੇ ਉਸ ਵੇਲੇ ਮਾਸਟਰ ਸ.ਅਜਾਇਬ ਸਿੰਘ ਮਾਂਗਟ ਸਾਨੂੰ ਲੱਗ ਗਏ। ਚੌਥੀ ਜਮਾਤ ਵੇਲੇ ਉਹ ਕਿਤੋਂ ਬਦਲ ਕੇ ਆਏ ਸੀ।ਸਕੂਲ ਦੇ ਵਿੱਚ ਦੋ ਤਿੰਨ ਪਿੰਡਾਂ ਦੇ ਬੱਚੇ ਪੜ੍ਹਨ ਆਇਆ ਕਰਦੇ ਸੀ । ਬਿਜਲੀਪੁਰ ਸ.ਦਲਜੀਤ ਸਿੰਘ ਲਿੱਟ (ਹੁਣ ਕੈਨੇਡਾ ਹੈ) ਸਾਡੇ ਨਾਲ ਪੜ੍ਹਦਾ ਸੀ ।ਇਕ ਦਿਨ ਮੈਨੂੰ ਬਹੁਤ ਤਾਪ ਚੜਿਆ ਹੋਇਆ ਸੀ। ਸਕੂਲ ਨਾ ਗਿਆ। ਉਸ ਦਿਨ ਬਾਪੂ ਜੀ ਸਕੂਲ ਦੇ ਵਿੱਚ ਰਾਜ ਮਿਸਤਰੀ ਦੇ ਨਾਲ ਦਿਹਾੜੀ ਲੱਗੇ ਹੋਏ ਸਨ। ਜਦ ਹਾਜ਼ਰੀ ਲਾਉਣ ਲੱਗੇ ਤਾਂ ਮਾਸਟਰ ਸ.ਅਜਾਇਬ ਸਿੰਘ ਨੇ ਬਾਪੂ ਜੀ ਹਾਕ ਮਾਰ ਕੇ ਪੁੱਛਿਆ । ” ਲਾਣੇਦਾਰਾ ਬੁੱਧ ਸਿੰਘ ਨੀ ਆਇਆ ਸਕੂਲ ?” ” ਉਹਨੂੰ ਤਾਂ ਕੱਲ੍ਹ ਦਾ ਤਾਪ ਹੋਇਆ ਹੈ ਘਰ ਪਿਆ ਜੀ !” ਬਾਪੂ ਜੀ ਨੇ ਦੱਸਿਆ। ਮਾਸਟਰ ਨੇ ਜੀ ਹੁਕਮ ਕੀਤਾ ” ਘਰੋਂ ਸਣੇ ਮੰਜੀ ਚੱਕ ਲਿਓ ਬੋਰਡ ਦੀ ਪੜ੍ਹਾਈ ਹੈ।” ਬਸ ਫੇਰ ਕੀ ਪੰਜ ਛੇ ਮੈਨੂੰ ਘਰੋਂ ਸਣੇ ਮੰਜੀ ਚੱਕ ਲਿਆਏ। ਮੈਂ ਡੌਰ ਭੌਰ ਹੋਇਆ ਝਾਕਾਂ। ਮਾਸਟਰ ਜੀ ਨੇ ਮੇਰੀ ਬਾਂਹ ਫੜਕੇ ਦੇਖੀ। ਮੈਂ ਭੱਠੀ ਵਾਂਗੂੰ ਤਪਦਾ ਸੀ। ਉਹਨਾਂ ਪੰਡਤ ਜੀ ਤੋਂ ਦੋ ਕੁਨੈਨ ਦੀ ਗੋਲੀਆਂ ਫੜਕੇ ਕਿਹਾ ” ਜਾਓ ਨੰਬਰਦਾਰਾਂ ਦਿਓ ਦੁੱਧ ਲਿਓ !”” ਮੈਨੂੰ ਪਾਣੀ ਨਾਲ ਦੋ ਗੋਲੀਆਂ ਦੇ ਦਿੱਤੀਆਂ।ਜਦ ਨੂੰ ਡੋਲੂ ਦੁੱਧ ਦਾ ਆ ਗਿਆ। ਉਹਨਾਂ ਨੇ ਦੋ ਗਲਾਸ ਕੋਸੇ ਜਿਹੇ ਦੁੱਧ ਪਿਆ ਕੇ ਕੱਪੜਾ ਲੈ ਕੇ ਪੈਣ ਲਈ ਕਿਹਾ ਤੇ ਦੋ ਮੁੰਡਿਆਂ ਨੂੰ ਮੇਰੀਆਂ ਲੱਤਾਂ ਬਾਹਾਂ ਘੁੱਟਣ ਲਾ ਦਿੱਤਾ। ਥੋੜ੍ਹੀ ਦੇ ਬਾਅਦ ਮੈਨੂੰ ਨੀਂਦ ਆ ਗਈ । ਦੋ ਕੁ ਘੰਟੇ ਬਾਅਦ ਜਦ ਸੁਰਤ ਆਈ ਤਾਂ ਮੈਂ ਹੈਰਾਨ ਹੋਇਆ। ਸੋਚਾਂ ਮੈਂ ਸਕੂਲ ਕਿਵੇਂ ਪੁਜ ਗਿਆ।ਮੈਂ ਜਾਗਦੇ ਨੂੰ ਦੇਖ ਕੇ ਫੇਰ ਮਾਸਟਰ ਜੀ ਨੇ ਮੂੰਹ ਧੋਣ ਲਈ ਕਿਹਾ। ਜਦ ਮੂੰਹ ਧੋਤਾ ਤਾਂ ਮੈਨੂੰ ਲੱਗਿਆ ਕਿ ਮੈਂ ਹੋਲਾ ਫੁੱਲ ਵਰਗਾ ਹੋ ਗਿਆ।ਉਨ੍ਹਾਂ ਮੈਨੂੰ ਕੋਲ ਬੁਲਾਇਆ ਤੇ ਬਹੁਤ ਪਿਆਰ ਨਾਲ ਕਿਹਾ । ” ਬੁੱਧ ਸਿਆ ਜੇ ਪੜ੍ਹ ਲਿਖ ਜਾਵੇਗਾ, ਤਾਂ ਲੋਕ ਤੈਨੂੰ ਸਰਦਾਰ ਬੁੱਧ ਸਿੰਘ ਜੀ ਕਹਿ ਕੇ ਬੁਲਾਇਆ ਕਰਨਗੇ ਜੇ ਨਾ ਪੜ੍ਹਿਆ ਤਾਂ ਕਿਸੇ ਨੇ ਬੁੱਧੂ ਵੀ ਨਹੀਂ ਕਹਿਣ ਤੈਨੂੰ ਕਾਲੂ ਕਿਹਾ ਕਰਨਗੇ।” ਉਨ੍ਹਾਂ ਬਾਪੂ ਜੀ ਨੂੰ ਹਿਦਾਇਤ ਕੀਤੀ ਕਿ ਇਸਨੂੰ ਘਰ ਨਹੀਂ ਰੱਖਣਾ। ਰੋਜ਼ ਸਕੂਲ ਭੇਜਣਾ ਹੈ, ਬੋਰਡ ਦੀ ਪੜ੍ਹਾਈ ਹੈ।ਬਸ ਫੇਰ ਕੀ ਆਪਾਂ ਨੇ ਮੁੜ ਕੇ ਛੁੱਟੀ ਨਾ ਕੀਤੀ। ਸਕੂਲ ਦੇ ਵਿੱਚ ਤਿੰਨ ਹੀ ਅਧਿਆਪਕ ਸਨ।ਪਿਆਰ ਵੀ ਕਰਦੇ ਤੇ ਕੁੱਟਦੇ ਵੀ ਬਹੁਤ ਸਨ । ਅੱਠਵੀਂ ਦੀ ਪੜ੍ਹਾਈ ਵੇਲੇ ਬਾਪੂ ਜੀ ਬਹੁਤ ਬੀਮਾਰ ਹੋ ਗਏ। ਉਹ ਸਰਪੰਚ ਬਸੰਤ ਸਿੰਘ ਦੇ ਨਾਲ ਸੀਰੀ ਸਨ।ਉਹਨਾਂ ਨੇ ਵੀਹ ਬਾਈ ਪਸ਼ੂ ਰੱਖੇ ਸਨ। ਮੈਨੂੰ ਸਕੂਲੋਂ ਹਟਾ ਕੇ ਬਾਪੂ ਦੀ ਥਾਂ ਤੋਰ ਦਿੱਤਾ। ਸਵੇਰੇ ਚਾਰ ਵਜੇ ਮੈਨੂੰ ਉਠਾਇਆ ਜਾਂਦਾ। ਮੂੰਹ ਹੱਥ ਧੋ ਕੇ ਚਾਹ ਪੀਣੀ ਤੇ ਕੰਮ ਉਤੇ ਚਲੇ ਜਾਣਾ। ਪਹਿਲਾਂ ਸਾਰਾ ਗੋਹਾ ਖਿੱਚ ਕੇ ਸਫਾਈ ਕਰਨੀ ਤੇ ਦੂਜੇ ਨੇ ਸਾਥੀ ਨੇ ਬਾਹਰ ਮਸ਼ੀਨ ਤੇ ਹਰਾ ਕੁਤਰਨ ਲੱਗ ਜਾਣਾ। ਫੇਰ ਰਲਾ ਕੇ ਖੁਰਲੀਆਂ ਦੇ ਵਿੱਚ ਸਿੱਟਣਾ। ਇਹ ਕੁੱਝ ਕਰਦਿਆਂ ਨੂੰ ਦਿਨ ਚੜ੍ਹ ਜਾਣਾ। ਦੁੱਧ ਚੋ ਕੇ ਫੇਰ ਸਾਈਕਲ ਉਤੇ ਦੋ ਢੋਲਾ ਦੇ ਵਿੱਚ ਪਾ ਕੇ ਡੇਅਰੀ ਵਿੱਚ ਪਾਉਣ ਚਲੇ ਜਾਣਾ। ਦਸ ਵਜੇ ਆ ਕੇ ਹਾਜਰੀ ਦੀ ਰੋਟੀ ਖਾ ਕੇ ਫੇਰ ਮੌਸਮ ਅਨੁਸਾਰ ਹਰਾ ਵੱਢਣ ਚਲੇ ਜਾਣਾ। ਸਾਰਾ ਦਿਨ ਊਰੀ ਬਣੇ ਰਹਿਣਾ। ਰਾਤ ਨੂੰ ਦਸ ਗਿਆਰਾਂ ਵਜੇ ਮੰਜਾ ਨਸੀਬ ਹੋਣਾ। ਬੁੱਧੂ ਹੁਣ ਬਾਬਾ ਬੁੱਧ ਸਿੰਘ ਨੀਲੋਂ ਬਣ ਗਿਆ ਹੈ। ਕੋਈ ਮੈਨੂੰ ਪ੍ਰੋਫੈਸਰ ਕਹਿੰਦਾ ਹੈ, ਕੋਈ ਡਾਕਟਰ ਸਾਹਿਬ ਕਹਿੰਦੇ ਹਨ। ਮੈਂ ਸਕੂਲੀ ਸਿੱਖਿਆ ਹਾਇਰ ਸੈਕੰਡਰੀ ਹਾਂ ਪਰ ਸਮਾਜ, ਧਰਮ, ਸਾਹਿਤ, ਆਲੋਚਨਾ, ਸੱਭਿਆਚਾਰ ਤੇ ਸਿਆਸਤ ਦਾ ਗਿਆਨ ਆਪਣੇ ਅਧਿਐਨ ਨਾਲ ਹਾਸਲ ਕੀਤਾ ਹੈ। ਹੁਣ ਮੈਨੂੰ ਲਿਖਣ ਸਮੇਂ ਇਕਾਂਤ ਦੀ ਲੋੜ ਨਹੀਂ ਪੈਂਦੀ, ਮੈਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਉਤੇ ਬਹਿ ਕੇ ਵੀ ਲਿਖ ਲੈਂਦਾ ਹਾਂ। ਜਦੋਂ ਮੈਂ ਲਿਖਦਾ ਹਾਂ ਤਾਂ ਮੈਂ ਬਾਹਰੀ ਸੰਸਾਰ ਭੁੱਲ ਜਾਂਦਾ ਹਾਂ ਤੇ ਮੇਰੇ ਅੰਦਰ ਦੀਆਂ ਸ਼ਕਤੀਆਂ ਤੇ ਗਿਆਨ ਧਾਰ ਬਣ ਆਉਂਦਾ ਹੈ। ਸ਼ਬਦ ਮੇਰੇ ਮੂਹਰੇ ਨੱਚਦੇ ਹਨ। ਸ਼ਬਦਾਂ ਦੀ ਚੋਣ ਮੈਂ ਸਧਾਰਨ ਮਨੁੱਖ ਨੂੰ ਮੁੱਖ ਰੱਖ ਕੇ ਕਰਦਾ ਹਾਂ। ਮੇਰੀਆਂ ਸੈਂਕੜੇ ਲਿਖਤਾਂ ਸਧਾਰਨ ਪਾਠਕ ਨੂੰ ਸਮਝ ਆਉਂਦੀਆਂ ਹਨ ਪਰ ਜਿਹੜੇ ਡਾਕਟਰ ਤੇ ਵਿਦਵਾਨ ਹਨ, ਉਹਨਾਂ ਨੂੰ ਸਮਝ ਨਹੀਂ ਆਉਂਦੀਆਂ। ਮੈਨੂੰ ਇਸ ਬੀਮਾਰੀ ਦੀ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਮੇਰੀਆਂ ਲਿਖਤਾਂ ਕਿਉਂ ਨਹੀਂ ਹਜ਼ਮ ਆ ਰਹੀਆਂ?

( ਜ਼ਿੰਦਗੀ ਦਾ ਸਫਰ ਵਿਚੋਂ ਕੁੱਝ ਸ਼ਬਦ )

ਬੁੱਧ ਸਿੰਘ ਨੀਲੋਂ
9464370823

ਸਾਂਝਾ ਕਰੋ

ਪੜ੍ਹੋ

ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ...