ਸੁਖਬੀਰ ਬਾਦਲ ਨੂੰ ਮੁੜ ਵੱਡਾ ਝਟਕਾ! ਸਾਜਿਸ਼ਘਾੜਾ ਕਰਾਰ

ਅੰਮ੍ਰਿਤਸਰ, 22 ਮਈ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੁੜ ਵੱਡਾ ਝਟਕਾ ਲੱਗਾ ਹੈ। ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਉਧਰ, ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਵੀ ਤਨਖਾਹੀਆ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਥਕ ਫੁੱਟ ਹੋਰ ਵਧ ਗਈ ਹੈ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਜਾਂ ਬਾਹਰੀ ਕਿਸੇ ਵੀ ਤਖ਼ਤ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਆਦੇਸ਼ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਮੰਨਿਆ ਜਾਵੇਗਾ।

ਦਰਅਸਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵਿਚਾਲੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਇੱਕ ਆਦੇਸ਼ ਦੇ ਮੋੜਵੇਂ ਜਵਾਬ ’ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਪੰਜ ਪਿਆਰਿਆਂ ਨਾਲ ਮੀਟਿੰਗ ਕਰਕੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਨੂੰ ਨਾ ਸਿਰਫ ਰੱਦ ਕਰ ਦਿੱਤਾ ਗਿਆ ਸਗੋਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ। ਇਸੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਜਿਸ਼ਘਾੜਾ ਆਖਦਿਆਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਇਹ ਮੀਟਿੰਗ ਜਥੇਦਾਰ ਭਾਈ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਤਖ਼ਤ ਦੇ ਵਧੀਕ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ ਤੇ ਭਾਈ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਹੁਕਮਨਾਮਾ ਜਾਰੀ ਕੀਤਾ। ਇਹ ਹੁਕਮਨਾਮਾ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੋਸ਼ਲ ਮੀਡੀਆ ਸਾਈਟ ’ਤੇ ਵੀ ਅਪਲੋਡ ਕੀਤਾ ਗਿਆ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ।

ਹੁਕਮਨਾਮੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਕਥਿਤ ਤੇ ਆਪੇ ਥਾਪੇ ਜਥੇਦਾਰ ਦੱਸਿਆ ਹੈ। ਸ੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਆਦੇਸ਼ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਅੱਜ ਤੋਂ ਸ੍ਰੀ ਅਕਾਲ ਤਖ਼ਤ ਜਾਂ ਬਾਹਰੀ ਕਿਸੇ ਵੀ ਤਖ਼ਤ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਆਦੇਸ਼ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਮੰਨਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ...