
ਬਾਨੂ ਮੁਸ਼ਤਾਕ ਦੀ ਰਚਨਾ ‘ਹਾਰਟ ਲੈਂਪ’ ਦੇ ਪੰਨਿਆਂ ਦੀ ਚਮਕ ਨਾ ਕੇਵਲ ਹੋਰ ਵਧ ਗਈ ਹੈ ਸਗੋਂ ਇਹ ਆਲਮੀ ਮੰਚ ’ਤੇ ਖੇਤਰੀ ਸਾਹਿਤ ਲਈ ਰੌਸ਼ਨੀ ਬਣ ਕੇ ਵੀ ਉੱਭਰੀ ਹੈ। ਸਾਲ 2025 ਦਾ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤ ਕੇ ਬਾਨੂੰ ਮੁਸ਼ਤਾਕ ਨੇ ਨਾ ਕੇਵਲ ਇਤਿਹਾਸ ਰਚ ਦਿੱਤਾ ਹੈ ਸਗੋਂ ਭਾਰਤੀ ਸਾਹਿਤ ਨੂੰ ਭਾਸ਼ਾਈ ਖਾਨਿਆਂ ਵਿੱਚ ਬੰਨ੍ਹ ਕੇ ਦੇਖਣ ਦੀਆਂ ਤੰਗਨਜ਼ਰ ਧਾਰਨਾਵਾਂ ਉੱਪਰ ਵੱਡੀ ਚੋਟ ਕੀਤੀ ਹੈ। 77 ਸਾਲਾ ਕੰਨੜ ਸਾਹਿਤਕਾਰ ਦੀਆਂ ਕਹਾਣੀਆਂ ਦਾ ਸਫ਼ਰ ਤਿੰਨ ਦਹਾਕਿਆਂ ਵਿੱਚ ਫੈਲਿਆ ਹੋਇਆ ਹੈ ਤੇ ਇਹ ਪੱਤਰਕਾਰੀ ਦੇ ਨਿਸ਼ਚੇ ਅਤੇ ਕਾਰਕੁਨ ਦੇ ਜਜ਼ਬੇ ਨਾਲ ਭਰਪੂਰ ਹੈ; ਇਸ ਤੋਂ ਇਲਾਵਾ ਇਹ ਔਰਤਾਂ, ਦਲਿਤਾਂ ਤੇ ਦਮਿਤਾਂ ਦੀਆਂ ਜ਼ਿੰਦਗੀਆਂ ਦੇ ਤਜਰਬੇ ਦੀ ਥਾਹ ਵੀ ਪਾਉਂਦੀਆਂ ਹਨ। ਬਾਨੂ ਮੁਸ਼ਤਾਕ ਦੇ ਕਿਰਦਾਰ ਜਾਤ ਤੇ ਧਰਮ ਦੇ ਢਕੋਸਲਿਆਂ ਖ਼ਿਲਾਫ਼ ਲੜਦੇ ਹਨ ਅਤੇ ਪਿੱਤਰਸੱਤਾ ਦੀ ਹਿੰਸਾ ਨੂੰ ਆਪਣੇ ਪਿੰਡੇ ’ਤੇ ਸਹਿੰਦੇ ਹੋਏ ਮਾਣਮੱਤੇ ਢੰਗ ਨਾਲ ਵੰਗਾਰਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ਨੂੰ ਹੁਣ ਕੌਮਾਂਤਰੀ ਪੱਧਰ ’ਤੇ ਸਲਾਹਿਆ ਅਤੇ ਪ੍ਰਵਾਨ ਕੀਤਾ ਗਿਆ ਹੈ ਜਿਸ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਨਾਬਰੀ ਦੇ ਬਿਰਤਾਂਤ ਦੀ ਮੰਗ ਤੇ ਖ਼ਪਤ ਹੁਣ ਕਿਸ ਕਦਰ ਵਧ ਰਹੀ ਹੈ ਅਤੇ ਇਸ ਨੂੰ ਕਿਵੇਂ ਮੁੜ ਪਰਿਭਾਸ਼ਤ ਕੀਤਾ ਜਾ ਰਿਹਾ ਹੈ।
ਬਾਨੂੰ ਮੁਸ਼ਤਾਕ ਦੀ ਇਸ ਰਚਨਾ ਦੇ ਨਾਲ-ਨਾਲ ਦੀਪਾ ਭਾਸਤੀ ਦੀ ਵੀ ਤਾਰੀਫ਼ ਹੋਈ ਹੈ ਜਿਸ ਨੇ ਇਸ ਰਚਨਾ ਦਾ ਅੰਗਰੇਜ਼ੀ ਵਿੱਚ ਜਾਨਦਾਰ ਅਨੁਵਾਦ ਕੀਤਾ ਹੈ। ਉਸ ਦੇ ਠੁੱਕਦਾਰ ਅਨੁਵਾਦ ਨੇ ਇਸ ਦਾ ਬੱਝਵਾਂ ਪ੍ਰਭਾਵ ਸਿਰਜਿਆ ਹੈ ਅਤੇ ਮੁਸ਼ਤਾਕ ਦੇ ਲੇਖਨ ਦੇ ਠੇਠਪੁਣੇ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ। ਇਹੀ ਨਹੀਂ, ਇਸ ਨੇ ਕੰਨੜ ਜ਼ਬਾਨ ਦੇ ਰੂਪ ਨੂੰ ਅੰਗਰੇਜ਼ੀ ਵਿੱਚ ਉਤਾਰ ਦਿੱਤਾ ਹੈ। ਇਸ ਸਾਂਝੇ ਉਦਮ ਦੀ ਇਹ ਜਿੱਤ ਨਾ ਕੇਵਲ ਅਦਬ ਦੀ ਜਿੱਤ ਹੈ ਸਗੋਂ ਇਹ ਨੁਮਾਇੰਦਗੀ ਦੀ ਸਿਆਸਤ ਦੀ ਵੀ ਜਿੱਤ ਹੈ। ਇਸ ਤੋਂ ਪਹਿਲਾਂ 2022 ਵਿੱਚ ਗੀਤਾਂਜਲੀ ਸ਼੍ਰੀ ਨੇ ਬੁੱਕਰ ਪੁਰਸਕਾਰ ਜਿੱਤਿਆ ਸੀ। ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ ‘ਰੇਤ ਸਮਾਧੀ’ (ਟੌਂਬ ਆਫ ਸੈਂਡ) ਨੇ ਹਿੰਦੀ ਸਾਹਿਤ ਨੂੰ ਆਲਮੀ ਨਜ਼ਰਾਂ ਵਿੱਚ ਲਿਆਂਦਾ ਸੀ ਜਦੋਂਕਿ ‘ਹਾਰਟ ਲੈਂਪ’ ਨੇ ਕੰਨੜ ਸਾਹਿਤ ਨੂੰ ਇਹ ਮਾਣ ਦਿਵਾਇਆ ਹੈ।
ਆਸ ਕੀਤੀ ਜਾਂਦੀ ਹੈ ਕਿ ਇਸ ਨਾਲ ਪ੍ਰਕਾਸ਼ਕਾਂ, ਅਨੁਵਾਦਕਾਂ ਅਤੇ ਸੰਸਥਾਵਾਂ ਨੂੰ ਭਾਰਤ ਦੇ ਵੰਨ-ਸਵੰਨੇ ਸਾਹਿਤਕ ਚੌਗਿਰਦੇ ਵਿੱਚ ਨਿਵੇਸ਼ ਕਰਨ ਦਾ ਹੌਸਲਾ ਮਿਲੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਮਹਾਨਗਰਾਂ ਤੋਂ ਪਰ੍ਹੇ ਦੇਖਣ ਲਈ ਵੀ ਪ੍ਰੇਰਨਾ ਮਿਲੇਗੀ। ਇਹ ਅਜਿਹਾ ਯੁੱਗ ਹੈ ਜਿਸ ਵਿੱਚ ਸਭਿਆਚਾਰ ਦਾ ਜ਼ੋਰ-ਸ਼ੋਰ ਨਾਲ ਤਜਾਰਤੀਕਰਨ ਕੀਤਾ ਜਾ ਰਿਹਾ ਹੈ ਅਤੇ ਅਸਹਿਮਤੀ ਨੂੰ ਦਬਾਇਆ ਜਾਂਦਾ ਹੈ ਤਾਂ ‘ਹਾਰਟ ਲੈਂਪ’ ਦੀ ਇਹ ਪ੍ਰਾਪਤੀ ਸਾਨੂੰ ਚੇਤਾ ਦਿਵਾਉਂਦੀ ਹੈ ਕਿ ਕਲਮ ਅਜੇ ਵੀ ਗੂੰਜਦੀ ਹੈ।