
ਲਖਨਊ, 18 ਮਈ – ਲਖਨਊ ਸੁਪਰਜਾਇੰਟਸ ਦੀ ਟੀਮ ਸੋਮਵਾਰ ਨੂੰ ਇੱਥੇ ਆਈਪੀਐੱਲ ਦੇ ਆਪਣੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਕਰੇਗੀ ਅਤੇ ਉਸ ਦੀ ਨਿਗ੍ਹਾ ਵੱਡੇ ਫਰਕ ਨਾਲ ਜਿੱਤ ਹਾਸਲ ਕੇ ਪਲੇਅ-ਆਫ ’ਚ ਪਹੁੰਚਣ ਦੀ ਉਮੀਦ ਕਾਇਮ ਰੱਖਣ ’ਤੇ ਹੋਵੇਗੀ। ਲਖਨਊ ਦੇ ਕਪਤਾਨ ਰਿਸ਼ਭ ਪੰਤ ਦਾ ਹੁਣ ਤੱਕ ਪ੍ਰਦਰਸ਼ਨ ਬੇਹੱਦ ਨਿਰਾਸ਼ਜਨਕ ਰਿਹਾ ਹੈ ਤੇ ਮੈਚ ਦੌਰਾਨ ਉਹ ਹੁਣ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਲਖਨਊ ਸੁਪਰਜਾਇੰਟਸ ਦੀ ਟੀਮ ਦੇ 11 ਮੈਚਾਂ ਵਿਚੋਂ 10 ਅੰਕ ਹਨ ਤੇ ਉਸ ਦੀ ਦੌੜਾਂ ਦੀ ਔਸਤ -0.469 ਹੈ।
ਪਲੇਅ-ਆਫ ’ਚ ਪਹੁੰਚਣ ਲਈ ਉਸ ਨੂੰ ਆਪਣੇ ਬਾਕੀ ਦੇ ਤਿੰਨੇ ਮੈਚ ਵੱਡੇ ਫਰਕ ਨਾਲ ਜਿੱਤਣੇ ਪੈਣਗੇ। ਦੂਜੇ ਪਾਸੇ ਪੈਟ ਕਮਿਨਸ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀਆਂ ਲਈ ਲੈਅ ਹਾਸਲ ਕਰਨ ਦਾ ਵਧੀਆ ਮੌਕਾ ਹੋਵੇਗਾ ਤੇ ਖਾਸਕਰ ਨਿਤੀਸ਼ ਕੁਮਾਰ ਰੈੱਡੀ ਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀ ਭਾਰਤ-ਏ ਦੇ ਇੰਗਲੈਂਡ ਦੌਰੇ ਪਹਿਲਾਂ ਕੁਝ ਵਧੀਆ ਪਾਰੀਆਂ ਖੇਡਣਾ ਚਾਹੁੰਣਗੇ।