ਪੰਜਾਬ ਪੁਲਿਸ ਵੱਲੋਂ ਪਾਕਿ ਦੇ ਦੋ ਕਥਿਤ ਜਾਸੂਸ ਗ੍ਰਿਫਤਾਰ

ਗੁਰਦਾਸਪੁਰ, 19 ਮਈ – ਗੁਰਦਾਸਪੁਰ ਪੁਲਿਸ ਨੇ ਫੌਜ ਦੀ ਖੂਫ਼ੀਆ ਜਾਣਕਾਰੀ ਲੀਕ ਕਰਨ ‘ਚ ਸ਼ਾਮਲ ਦੋ ਕਥਿਤ ਜਾਸੂਸਾਂ ਨੂੰ ਗ੍ਰਿਫਤਾਰ ਕਰਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਰੋਸੇਯੋਗ ਖੁਫੀਆ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਖਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਦੀਆਂ ਤੇ ਕਰਨਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੰਦੂਵਡਾਲਾ ਆਪਰੇਸ਼ਨ ਸਿੰਦੂਰ ਨਾਲ ਸਬੰਧਤ ਗੁਪਤ ਜਾਣਕਾਰੀ ਸਾਂਝੀ ਕਰਨ ‘ਚ ਲੱਗੇ ਹੋਏ ਸਨ।

ਇਸ ਜਾਣਕਾਰੀ ‘ਚ ਫੌਜ ਦੀਆਂ ਗਤੀਵਿਧੀਆਂ ਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਮੁੱਖ ਰਣਨੀਤਕ ਸਥਾਨ ਸ਼ਾਮਲ ਸਨ। ਦੋਵਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਤੋਂ ਖੁਫੀਆ ਜਾਣਕਾਰੀ ਲੀਕ ਕਰਨ ਦੀ ਪੁਸ਼ਟੀ ਹੋਈ। ਪੁਲਿਸ ਟੀਮ ਨੇ ਉਨ੍ਹਾਂ ਕਬਜ਼ੇ ‘ਚੋਂ 3 ਮੋਬਾਈਲ ਫੋਨ ਤੇ 8 ਕਾਰਤੂਸ (30 ਬੋਰ) ਵੀ ਬਰਾਮਦ ਕੀਤੇ।

ਸਾਂਝਾ ਕਰੋ

ਪੜ੍ਹੋ