
ਨਵੀਂ ਦਿੱਲੀ, 19 ਮਈ – ਲੋਕਾਂ ਲਈ ਬਦਲਾਅ ਦੀ ਉਮੀਦ ਬਣੀ ਆਮ ਆਦਮੀ ਪਾਰਟੀ ਹੁਣ ਬਿਖਰਣ ਲੱਗੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਆਮ ਆਦਮੀ ਪਾਰਟੀ ਨੂੰ ਹੁਣ ਵੱਡਾ ਝਟਕਾ ਲੱਗਾ ਹੈ। ਰਾਜਧਾਨੀ ਦਿੱਲੀ ਵਿੱਚ ‘ਆਮ ਆਦਮੀ ਪਾਰਟੀ’ (ਆਪ) ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ 15 ਨਗਰ ਕੌਂਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ ਤੇ ਇੱਕ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਮੁਕੇਸ਼ ਗੋਇਲ ਦੀ ਅਗਵਾਈ ਵਾਲੇ ਧੜੇ ਨੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾ ਲਈ ਹੈ।
ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਵੀਂ ਪਾਰਟੀ ਦਿੱਲੀ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੇਗੀ। ਗੋਇਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਦਰਸ਼ ਨਗਰ ਤੋਂ ‘ਆਪ’ ਦੀ ਟਿਕਟ ‘ਤੇ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਹਾਰ ਗਏ ਸਨ। ਉਹ ਦਿੱਲੀ ਨਗਰ ਨਿਗਮ ਵਿੱਚ ਸਦਨ ਦੇ ਸਾਬਕਾ ਆਗੂ ਹਨ। ਉਨ੍ਹਾਂ ਕਿਹਾ ਕਿ ਕਿ ਇਹ ਧੜਾ ਇੱਥੇ ਸੱਤਾ ਲਈ ਲੜਨ ਲਈ ਨਹੀਂ ਆਇਆ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਲੀਡਰਸ਼ਿਪ ਜ਼ਮੀਨੀ ਹਕੀਕਤ ਤੋਂ ਟੁੱਟ ਚੁੱਕੀ ਹੈ ਜਿਸ ਕਰਕੇ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਪਾਰਟੀ ਬਣਾਈ ਗਈ ਹੈ। ਬਗਾਵਤ ਕਰਨ ਵਾਲੇ ਕੌਂਸਲਰਾਂ ਦਾ ਵੀ ਵਿਚਾਰ ਹੈ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਬਹੁਤ ਛੇਤੀ ਹੀ ਥਿੜਕ ਗਈ ਹੈ ਤੇ ਇਸ ਵਿੱਚ ਦੂਜੀਆਂ ਪਾਰਟੀਆਂ ਵਾਲੀਆਂ ਅਲਾਮਤਾਂ ਆ ਚੁੱਕੀਆਂ ਹਨ। ਸੀਨੀਅਰ ਆਗੂਆਂ ਦੀ ਝੂਠ ਬੋਲਣ ਦੀ ਆਦਤ ਨੇ ਪਾਰਟੀ ਦੇ ਆਧਾਰ ਨੂੰ ਖੋਰਾ ਲਾਇਆ ਹੈ।
ਦਿੱਲੀ ਦੀ ਰਾਜਨੀਤੀ ਵਿੱਚ ਇਸ ਸਿਆਸੀ ਫੁੱਟ ਨੂੰ ਆਮ ਆਦਮੀ ਪਾਰਟੀ ਅੰਦਰ ਗੰਭੀਰ ਸੰਕਟ ਨੂੰ ਹੋਰ ਡੂੰਘਾ ਕਰਨ ਵਾਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਭਾਜਪਾ ਵਿੱਚ ਦਲ ਬਦਲੀ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਜਪਾ ਦਿੱਲੀ ਨਗਰ ਨਿਗਮ ਉੱਪਰ ਕਾਬਜ਼ ਹੋ ਚੁੱਕੀ ਹੈ। ਉਧਰ, ਕੌਂਸਲਰਾਂ ਦੀ ਬਗਾਵਤ ਮਗਰੋਂ ਆਮ ਆਦਮੀ ਪਾਰਟੀ ਨੇ ਇਸ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਪਾਰਟੀ ਅਨੁਸਾਰ ਮੇਅਰ ਚੋਣ ਦੇ ਸਮੇਂ ਤੋਂ ਹੀ ਭਾਜਪਾ ‘ਆਪ’ ਦੇ ਕੌਂਸਲਰਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਹਰੇਕ ਕੌਂਸਲਰ ਨੂੰ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ।