
ਸ਼ਿਮਲਾ, 19 ਮਈ – ਮੰਡੀ ਜ਼ਿਲ੍ਹੇ ਵਿਚ ਪੰਡੋਹ ਡੈਮ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਬਿਆਸ ਦਰਿਆ ਦੇ ਕੰਢੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ, ਕਿਉਂਕਿ ਪਾਣੀ ਦਾ ਪੱਧਰ ਵਧਣ ਕਾਰਨ ਡੈਮ ਦੇ ਗੇਟ ਕਦੇ ਵੀ ਖੋਲ੍ਹੇ ਜਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਸੋਮਵਾਰ ਨੂੰ ਹਨੇਰੀ ਅਤੇ ਤੂਫ਼ਾਨ ਕਾਰਨ ਨੁਕਸਾਨ ਹੋਇਆ ਹੈ, ਜਦੋਂ ਕਿ ਮੰਡੀ ਅਤੇ ਸ਼ਿਮਲਾ ਵਿਚ ਭਾਰੀ ਬੱਦਲ ਛਾਏ ਰਹੇ। ਉਨ੍ਹਾਂ ਕਿਹਾ ਮੌਸਮ ਨੂੰ ਦੇਖਦੇ ਹੋਏ ਡੈਮ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਉਦੈਪੁਰ ਉਪ ਮੰਡਲ ਵਿਚ ਅਚਾਨਕ ਆਏ ਹੜ੍ਹ ਕਾਰਨ ਸੰਸਾਰੀ-ਕਿਲਾੜ-ਟਿੰਡੀ-ਥਿਰੋਟ ਮਾਰਗ ਪ੍ਰਭਾਵਿਤ ਹੋਣ ਕਾਰਨ ਰੁਕ ਗਿਆ ਹੈ। ਉਧਰ ਪੁਲੀਸ ਨੇ ਲੋਕਾਂ ਨੂੰ ਇਸ ਸੜਕ ’ਤੇ ਸਫ਼ਰ ਕਰਨ ਤੋਂ ਬਚਣ ਦੀ ਸਲਾਹ ਜਾਰੀ ਕੀਤੀ ਹੇੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਉਨਾ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼, ਬਿਜਲੀ ਲਿਸ਼ਕਣ, ਗੜੇ ਪੈਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸੰਬੰਧੀ ‘ਔਰੇਂਜ ਅਲਰਟ’ ਜਾਰੀ ਕੀਤਾ ਹੈ।