
ਜਬਲਪੁਰ, 15 ਮਈ – ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਟਿੱਪਣੀ ਨੂੰ ਲੈ ਕੇ ਬੁੱਧਵਾਰ ਸੂਬੇ ਦੇ ਭਾਜਪਾਈ ਮੰਤਰੀ ਕੁੰਵਰ ਵਿਜੇ ਸ਼ਾਹ ਖਿਲਾਫ ਐੱਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ। ਕੋਰਟ ਨੇ ਡੀ ਜੀ ਪੀ ਨੂੰ ਹਦਾਇਤ ਕੀਤੀ ਕਿ ਉਹ ਇਸ ਹੁਕਮ ਦੀ ਇਸੇ ਸ਼ਾਮ ਤਾਮੀਲ ਕਰਾਉਣ, ਵਰਨਾ ਹੱਤਕ ਅਦਾਲਤ ਤਹਿਤ ਕਾਰਵਾਈ ਕੀਤੀ ਜਾਵੇਗੀ। ਜਦੋਂ ਮੰਤਰੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੋਰਟ ਨੇ ਸਿਰਫ ਅਖਬਾਰੀ ਰਿਪੋਰਟਾਂ ਦੇ ਆਧਾਰ ’ਤੇ ਹੁਕਮ ਦੇ ਦਿੱਤਾ ਹੈ, ਕੋਰਟ ਨੇ ਕਿਹਾ ਕਿ ਉਹ ਹੁਣ ਅਧਿਕਾਰਤ ਰਿਕਾਰਡ ਵਿੱਚ ਵੀਡੀਓ ਲਿੰਕਸ ਵੀ ਸ਼ਾਮਲ ਕਰੇਗੀ। ਜਦੋਂ ਐਡਵੋਕੇਟ ਜਨਰਲ ਨੇ ਐੱਫ ਆਈ ਆਰ ਦਰਜ ਕਰਨ ਲਈ ਹੋਰ ਸਮਾਂ ਮੰਗਿਆ ਤਾਂ ਜਸਟਿਸ ਅਤੁਲ ਸ੍ਰੀਧਰਨ ਨੇ ਕਿਹਾਮੈਂ ਭਲਕ ਤੱਕ ਸ਼ਾਇਦ ਜਿਊਂਦਾ ਨਾ ਰਹਾਂ।
ਜਸਟਿਸ ਸ੍ਰੀਧਰਨ ਤੇ ਜਸਟਿਸ ਅਨੁਰਾਧਾ ਸ਼ੁਕਲਾ ਦੀ ਬੈਂਚ ਨੇ ਮਾਮਲੇ ਦਾ ਖੁਦ-ਬ-ਖੁਦ ਨੋਟਿਸ ਲਿਆ ਹੈ। ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਢਲੀ ਡਿੱਠੇ ਭਾਰਤੀ ਨਿਆਂ ਸੰਹਿਤਾ ਦੇ ਸੈਕਸ਼ਨ 196 ਤਹਿਤ ਕਾਰਵਾਈ ਬਣਦੀ ਹੈ। ਇਸ ਸੈਕਸ਼ਨ ਵਿੱਚ ਧਰਮ ਦੇ ਆਧਾਰ ’ਤੇ ਵੱਖ-ਵੱਖ ਗਰੁੱਪਾਂ ਵਿਚਾਲੇ ਨਫਰਤ ਫੈਲਾਉਣ ਵਾਲੀ ਤਕਰੀਰ ਕਰਨ ਜਾਂ ਉਕਸਾਉਣ ਵਾਲੇ ਨੂੰ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਸ਼ਾਹ ਵੱਲੋਂ ਕਰਨਲ ਸੋਫੀਆ ਕੁਰੈਸ਼ੀ, ਜੋ ਅਪ੍ਰੇਸ਼ਨ ਸਿੰਧੂਰ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਵਾਲੀਆਂ ਦੋ ਮਹਿਲਾ ਫੌਜੀ ਅਫਸਰਾਂ ਵਿੱਚ ਸ਼ਾਮਲ ਸੀ, ਬਾਰੇ ਸੋਮਵਾਰ ਇੰਦੌਰ ਦੇ ਮਾਨਪੁਰ ਵਿੱਚ ਇਕ ਸਮਾਗਮ ’ਚ ਕੀਤੀ ਗਈ ਟਿੱਪਣੀ ਤੋਂ ਬਾਅਦ ਮੰਗਲਵਾਰ ਤਕੜਾ ਸਿਆਸੀ ਵਿਵਾਦ ਛਿੜ ਗਿਆ ਸੀ। ਸ਼ਾਹ ਨੇ ਕਿਹਾ ਸੀਜਿਨ੍ਹਾਂ ਦਹਿਸ਼ਤਗਰਦਾਂ ਨੇ ਪਹਿਲਗਾਮ ਵਿੱਚ ਸਾਡੀਆਂ ਭੈਣਾਂ ਦਾ ਸਿੰਧੂਰ ਉਜਾੜਿਆ, ਮੋਦੀ ਜੀ ਨੇ ਉਨ੍ਹਾਂ ਦੀ ਭੈਣ ਨੂੰ ਭੇਜ ਕੇ ਉਨ੍ਹਾਂ ਦੀ ਐਸੀ ਕੀ ਤੈਸੀ ਕਰਵਾਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਟਿੱਪਣੀ ਨੂੰ ਭੱਦੀ ਤੇ ਸ਼ਰਮਨਾਕ ਕਰਾਰ ਦਿੱਤਾ ਸੀ। ਮਾਇਆਵਤੀ ਨੇ ਵੀ ਮੰਤਰੀ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਸੀ।