
ਹਰ ਹਾਦਸੇ ਤੋਂ ਬਾਅਦ ਹੋਰ ਵੱਡਾ ਹਾਦਸਾ ਵਾਪਰ ਜਾਂਦਾ ਹੈ, ਹਰ ਬਾਰ ਕੁੱਝ ਕੁ ਉਤੇ ਨਜਲਾ ਸੁੱਟਿਆ ਜਾਂਦਾ ਹੈ। ਦੋ ਚਾਰ ਅਧਿਕਾਰੀ ਮੁਅੱਤਲ ਕੀਤੇ ਜਾਂਦੇ ਹਨ। ਕੁੱਝ ਕੁ ਨੂੰ ਫ਼ੜ ਲਿਆ ਜਾਂਦਾ ਹੈ। ਜਾਂਚ ਕਮਿਸ਼ਨ ਬਣਾਇਆ ਜਾਂਦਾ ਹੈ। ਮਸਲਾ ਠੰਢੇ ਬਸਤੇ ਵਿੱਚ ਪਾਇਆ ਜਾਂਦਾ ਹੈ। ਕਿਸੇ ਵੀ ਹਾਦਸੇ ਦੀ ਕੋਈ ਜਾਂਚ ਪੜਤਾਲ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ। ਇਹ ਪੜਤਾਲਾਂ ਫਾਈਲਾਂ ਵਿੱਚ ਦਮ ਘੁੱਟ ਕੇ ਮਰ ਜਾਂਦੀਆਂ ਹਨ। ਸਰਕਾਰ ਬਾਂਦਰ ਵਾਂਗ ਟਪੂਸੀਆਂ ਮਾਰਨ ਦੀ ਖੇਡ ਕਰਦੀ ਹੈ। ਸੱਤਾ ਵਿਰੋਧੀ ਸਿਆਸੀ ਪਾਰਟੀਆਂ ਸਰਕਾਰ ਉਤੇ ਦੋਸ਼ ਲਗਾਉਂਦੀਆਂ ਹਨ। ਉਹਨਾਂ ਨੂੰ ਆਪਣੇ ਵੇਲੇ ਕੀਤੀਆਂ ਗਈਆਂ ਜਾਣ ਬੁੱਝ ਕੇ ਗਲਤੀਆਂ ਤੇ ਗੁਨਾਹ ਭੁੱਲ ਜਾਂਦੇ ਹਨ। ਜਿਵੇਂ ਸੁਖਬੀਰ ਬਾਦਲ ਨੂੰ ਭੁੱਲ ਗਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ ਸਭ ਕੁੱਝ ਭੁੱਲ ਗਿਆ ਹੈ। ਚਿੜੀਆਂ ਦੀ ਮੌਤ ਗੁਆਰੇ ਦਾ ਹਾਸਾ, ਇਹੋ ਜਿਹਾ ਇਹ ਜਗਤ ਤਮਾਸ਼ਾ। ਲੋਕਾਂ ਦੇ ਘਰ ਸੱਥਰ ਤੇ ਸਿਆਸੀ ਪਾਰਟੀਆਂ ਦੇ ਘਰ ਹਾਸਾ। ਇਹ ਸਿਲਸਿਲਾ ਛੇ ਦਹਾਕਿਆਂ ਤੋਂ ਜਾਰੀ।
ਕਦੇ ਵੀ ਅਸਲੀ ਦੋਸ਼ੀ ਨਹੀਂ ਫ਼ੜੇ ਜਾਂਦੇ। ਪੰਜਾਬ ਦੇ ਲੋਕਾਂ ਤੇ ਸਰਕਾਰ ਨੂੰ ਸਭ ਪਤਾ ਹੈ। ਢਕੀ ਰਿਝਦੀ ਹੈ। ਲੋਕ ਧਰਨੇ ਮੁਜ਼ਾਹਰੇ ਕਰਦੇ ਹਨ। ਸਰਕਾਰ ਉਹਨਾਂ ਨੂੰ ਦਬਾਉਣ ਲਈ ਪੁਲਿਸ ਦੀ ਦੁਰਵਰਤੋ ਕਰਦੀ ਹੈ। ਪੰਜਾਬ ਦੇਸ਼ ਵਿੱਚ ਦੂਜੇ ਸਥਾਨ ਤੇ ਪਹੁੰਚ ਗਿਆ, ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਵਿਚ। ਹੁਣ ਤੱਕ ਦੇ ਅੰਕੜੇ ਇਸ ਖ਼ਬਰ ਵਿੱਚ ਪੜ੍ਹ ਸਕਦੇ ਓ! ਲੋਕਾਂ ਨੂੰ ਭਾਣਾ ਮੰਨਣ ਲਈ ਮਜਬੂਰ ਕੀਤਾ ਜਾਂਦਾ ਹੈ। ਪੰਜਾਬ ਦੇ ਨੌਕਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਕਿਸੇ ਹਾਦਸੇ ਵਿੱਚ ਮਰਨਾ ਪੈਂਦਾ ਹੈ। ਇਹ ਹੈ ਵਿਕਾਸ ਦੀ ਪ੍ਰਾਪਤੀ। ਯੁੱਧ ਨਸ਼ਿਆਂ ਵਿਰੁੱਧ ਹੋਇਆ ਠੁੱਸ। ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਚ ਐਨੇ ਨਸ਼ੀਲੇ ਪਦਾਰਥ ਤੇ ਨਸ਼ਾ ਵਪਾਰੀ ਫ਼ੜੇ ਗਏ ਹਨ। ਆਮ ਲੋਕਾਂ ਦੇ ਘਰਾਂ ਉਪਰ ਬੁਲਡੋਜ਼ਰਾਂ ਨਾਲ ਸਫ਼ਾਈ ਮੁਹਿੰਮ ਤਹਿਤ ਡਰਾਮਾ ਕੀਤਾ ਜਾ ਰਿਹਾ ਹੈ। ਧਨਾਢ ਤੇ ਸਿਆਸੀ ਪਾਰਟੀਆਂ, ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਤੋਂ ਬਗ਼ੈਰ ਪੱਤਾ ਨਹੀਂ ਹਿੱਲਦਾ।
ਕੀ ਮਜੀਠਾ ਇਲਾਕੇ ਦੇ ਪੁਲਿਸ ਪ੍ਰਸ਼ਾਸਨ, ਐਮ ਐਲ ਏ, ਮੰਤਰੀ ਤੇ ਐਮ ਪੀ ਨੂੰ ਪਤਾ ਨਹੀਂ ਸੀ ਕਿ ਇਹ ਕੌਣ ਕਾਰੋਬਾਰ ਕਰ ਰਿਹਾ ਹੈ? ਸਭ ਨੂੰ ਪਤਾ ਸੀ, ਮਾਇਆ ਨਾਗਨੀ ਨੇ ਉਹਨਾਂ ਨੂੰ ਅੰਨ੍ਹੇ ਤੇ ਬੋਲੇ ਕਰ ਦਿੱਤਾ ਹੈ। ਉਹਨਾਂ ਨੂੰ ਨਾ ਦਿਖਦਾ ਹੈ ਤੇ ਨਾ ਹੀ ਸੁਣਦਾ ਹੈ। ਉਹਨਾਂ ਨੂੰ ਤਾਂ ਮਰਨ ਵਾਲਿਆਂ ਦੇ ਪਰਵਾਰਾਂ ਦੀਆਂ ਚੀਕਾਂ ਵੀ ਨਹੀਂ ਸੁਣਦੀਆਂ। ਉਹਨਾਂ ਨੂੰ ਹੋਰ ਕੀ ਸੁਣਾਈ ਦੇਣਾ ਹੈ। ਹਰ ਹਾਦਸੇ ਵਿੱਚ ਸਮੇਂ ਦੀਆਂ ਸਰਕਾਰਾਂ ਦੇ ਭਾਈਚਾਰੇ ਦਾ ਨਾਮ ਬੋਲਦਾ ਹੈ। ਮੀਡੀਆ ਵਿੱਚ ਉਹਨਾਂ ਦੀ ਚਰਚਾ ਹੁੰਦੀ ਹੈ। ਪਰ ਕਿਸੇ ਸਿਆਸੀ ਪਾਰਟੀ ਦੇ ਆਗੂ, ਕਿਸੇ ਮੰਤਰੀ ਨੂੰ ਕਦੇ ਸਜ਼ਾ ਨਹੀਂ ਹੋਈ। ਸਾਨੂੰ ਪਾਠ ਪੜ੍ਹਾਇਆ ਜਾਂਦਾ ਹੈ, ਉਪਰ ਵਾਲਾ ਸਭ ਦੇਖਦਾ ਹੈ। ਉਹ ਹੀ ਹਿਸਾਬ ਕਿਤਾਬ ਕਰੇਗਾ। ਉਪਰ ਵਾਲੇ ਨੂੰ ਇਹ ਪਹਿਲਾਂ ਕਿਉਂ ਨਹੀਂ ਦਿਖਦਾ? ਉਹ ਵੀ ਸਰਮਾਏਦਾਰੀ ਦਾ ਗੁਲਾਮ ਬਣ ਕੇ ਰਹਿ ਗਿਆ ਹੈ।
ਕਾਰਨਾਂ ਨੂੰ ਸਮਝਣ ਦੀ ਵਜਾਏ ਉਹਨਾਂ ਉਪਰ ਪਰਦੇ ਪਾਉਣ ਦੀ ਖੇਡ ਹਰ ਹਾਦਸੇ ਮੌਕੇ ਖੇਡੀ ਜਾਂਦੀ ਹੈ ਤੇ ਉਦੋਂ ਤੱਕ ਖੇਡੀ ਜਾਂਦੀ ਰਹੇਗੀ ਜਦੋਂ ਤੱਕ ਲੋਕ ਖੁਦ ਇਨਸਾਫ਼ ਨਹੀਂ ਕਰਦੇ। ਲੋਕਾਂ ਨੂੰ ਖ਼ੁਦ ਜਾਗਣ ਦੀ ਲੋੜ ਹੈ, ਉਠਣ ਦੀ ਲੋੜ ਹੈ। ਵਪਾਰੀਆਂ, ਅਧਿਕਾਰੀਆਂ, ਪੁਜਾਰੀਆਂ ਤੇ ਲਿਖਾਰੀਆਂ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਸਗੋਂ ਲੋਕਾਂ ਨੂੰ ਖ਼ੁਦ ਉਹਨਾਂ ਨਾਗਾਂ ਦੀ ਧੌਣ ਮਰੋੜ ਨੀ ਪੈਣੀਂ ਹੈ। ਜਿਹੜੇ ਇਹ ਜ਼ਹਿਰ ਵੇਚ ਰਹੇ ਹਨ। ਇਸ ਘਟਨਾ ਦੇ ਜੁੰਮੇਵਾਰ ਉਹ ਲੋਕ ਹਨ ਜੋਂ ਧਰਮਾਂ ਤੇ ਸਿਆਸੀ ਪਾਰਟੀਆਂ ਦੇ ਸੀਰੀ ਬਣੇ ਹੋਏ ਹਨ। ਸਰਕਾਰ, ਪੁਲਿਸ ਅਧਿਕਾਰੀਆਂ ਤੇ ਨਸ਼ੇ ਦੇ ਵਪਾਰੀਆਂ ਦਾ ਕੋਈ ਦੋਸ਼ ਨਹੀਂ। ਇਹਨਾਂ ਹਾਦਸਿਆਂ ਦੇ ਜੁੰਮੇਵਾਰ ਲੋਕ ਹਨ। ਜਿਹੜੇ ਗਾਂਧੀ ਦੇ ਤਿੰਨ ਬਾਂਦਰ ਬਣੇ ਹੋਏ ਹਨ।
ਬੁੱਧ ਸਿੰਘ ਨੀਲੋਂ
9464370823