
*ਬੱਸ ਸਟੈਂਡ ਕਿਸੇ ਵੀ ਕੀਮਤ ‘ਤੇ ਨਹੀਂ ਦੇਵਾਂਗੇ ਬਦਲਣ – ਸੰਘਰਸ਼ ਕਮੇਟੀ
ਬਠਿੰਡਾ, 14 ਮਈ – ਬੱਸ ਸਟੈਂਡ ਨੂੰ ਮੌਜੂਦਾ ਥਾਂ ਤੇ ਹੀ ਰੱਖਣ ਲਈ 24 ਅਪ੍ਰੈਲ ਤੋਂ ਲੱਗੇ ਪੱਕੇ ਮੋਰਚੇ ਵਿੱਚ ਹਰ ਰੋਜ਼ ਅੰਦੋਲਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਵੇਂ ਨਵੇਂ ਪ੍ਰੋਗਰਾਮ ਕੀਤੇ ਜਾ ਰਹੇ ਹਨ। ਤੇ ਪ੍ਰਸ਼ਾਸਨ ਕੋਲ ਸਿਰਫ ਇੱਕ ਹੀ ਮੰਗ ਹੈ ਕਿ ਬੱਸ ਅੱਡੇ ਨੂੰ ਲੋਕ ਸਹੂਲਤਾਂ ਨੂੰ ਦੇਖਦਿਆਂ ਉਸੀ ਥਾਂ ਤੇ ਹੀ ਰੱਖਿਆ ਜਾਵੇ ਤੇ ਬੱਸ ਅੱਡਾ ਬਦਲਣ ਲਈ ਜੋ ਬੇਬੁਨਿਆਦ ਤਰਕ ਦਿੱਤੇ ਜਾ ਰਹੇ ਹਨ, ਉਹਨਾਂ ਦੀ ਥਾਂ ਟੈਕਨੀਕਲ ਲੋਕਾਂ ਦੀ ਮਦਦ ਨਾਲ ਇਥੇ ਹੀ ਨਵੇਂ ਰਸਤੇ ਲੱਭੇ ਜਾਣ। ਆੰਦੋਲਨ ਦੇ ਤਹਿਤ ਦੁਕਾਨਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਤੌਰ ਤੇ ਇਕੱਠੇ ਹੋ ਕੇ ਬੱਸ ਸਟੈਂਡ ਤੋਂ ਮਸ਼ਾਲ ਮਾਰਚ ਕੱਢਿਆ ਗਿਆ।

ਜੋ ਕਿ ਕੋਰਟ ਰੋਡ, ਮਹਿਣਾ ਚੌਕ, ਮਿੱਠੂ ਵਾਲਾ ਮੋੜ, ਆਰਿਆ ਸਮਾਜ ਚੌਕ, ਧੋਬੀ ਬਜ਼ਾਰ, ਸਪੋਰਟਸ ਮਾਰਕਿਟ ਤੋਂ ਹੁੰਦਾ ਹੋਇਆ ਸਦਭਾਵਨਾ ਚੌਕ ‘ਤੇ ਸਮਾਪਤ ਹੋਇਆ। ਜਿਸ ਵਿੱਚ ਲੋਕਾਂ ਨੇ ਹੱਥਾਂ ਵਿੱਚ ਮਸ਼ਾਲਾਂ ਫੜ ਕੇ ਜਨਤਾ ਨੂੰ ਬੱਸ ਅੱਡੇ ਲਈ ਜਾਗਰੂਕ ਕੀਤਾ। ਮਸ਼ਾਲ ਮਾਰਚ ਵਿੱਚ ਗੁਰਪ੍ਰੀਤ ਆਰਟਿਸਟ ਅਤੇ ਗੁਰਵਿੰਦਰ ਸ਼ਰਮਾ ਨੇ ਲੋਕਾਂ ਨੂੰ ਬੱਸ ਅੱਡੇ ਸੰਬੰਧੀ ਜਾਣਕਾਰੀ ਦਿੱਤੀ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਕਮੇਟੀ ਬਣਾਈ ਗਈ ਹੈ, ਅਸੀਂ ਕਮੇਟੀ ਅੱਗੇ ਬੱਸ ਸਟੈਂਡ ਲਈ ਮਜ਼ਬੂਤੀ ਨਾਲ ਪੱਖ ਰੱਖਾਂਗੇ।

ਉਨ੍ਹਾਂ ਨੇ ਸਿੱਧੇ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਬੱਸ ਅੱਡਾ ਬਦਲਣ ਨਹੀਂ ਦੇਵਾਂਗੇ। ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਬਠਿੰਡਾ ਦੇ ਐਮ ਐਲ ਏ ਨੂੰ ਜਿੱਦ ਛੱਡ ਕੇ ਲੋਕਾਂ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ ਤੇ ਹਰ ਰੋਜ਼ ਬੱਸ ਅੱਡੇ ਬਾਰੇ ਝੂਠ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਜਿਆਦਾਤਰ ਕੌਂਸਲਰ ਬੱਸ ਅੱਡਾ ਸੰਘਰਸ਼ ਕਮੇਟੀ ਦੇ ਪੱਖ ਵਿੱਚ ਹਨ, ਕਿਉਂਕਿ ਉਹ ਆਮ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹਨ। ਇਸ ਮੌਕੇ ਤੇ ਹਰਜਿੰਦਰ ਸਿੱਧੂ, ਦੇਵੀ ਦਿਆਲ, ਰਾਮ ਜਿੰਦਲ, ਰਵਿੰਦਰ ਗੁਪਤਾ, ਅਸ਼ੋਕ ਕੁਮਾਰ, ਰਾਜ ਕੁਮਾਰ, ਪਰਮਜੀਤ ਸਿੰਘ, ਮਨਦੀਪ ਸਿੰਘ, ਤਰਸੇਮ ਕੁਮਾਰ, ਸੈਸ਼ਨ ਕੁਮਾਰ ਅਤੇ ਸਮੂਹ ਦੁਕਾਨਦਾਰਾਂ ਨੇ ਸਹਿਯੋਗ ਕੀਤਾ