ਸਰਹੰਦ ਫਤਿਹ ਦਿਹਾੜੇ ‘ਤੇ ਵਿਸ਼ੇਸ਼,ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰਖੀ/ਡਾ. ਚਰਨਜੀਤ ਸਿੰਘ ਗੁਮਟਾਲਾ

ਨਾਂਦੇੜ ਦੇ ਕਿਆਮ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦੁਰ ਨੂੰ ਪੰਜਾਬ ਵੱਲ ਸਿੱਖਾਂ ਦਾ ਜਥੇਦਾਰ ਥਾਪ ਕੇ ਰਵਾਨਾ ਕੀਤਾ ਸੀ। ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਦੇ ਪੰਜ ਤੀਰ, ਪੰਜ ਪਿਆਰਿਆਂ ਦੇ ਰੂਪ ਵਿੱਚ ਭਾਈ ਬਾਜ਼ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਨੋਦ ਸਿੰਘ, ਭਾਈ ਰਣ ਸਿੰਘ ਅਤੇ ਭਾਈ ਦਇਆ ਸਿਘ, ਪੰਝੀ ਸਿੰਘਾਂ ਦਾ ਇੱਕ ਜੱਥਾ, ਇੱਕ ਨਿਸ਼ਾਨ ਸਾਹਿਬ, ਇੱਕ ਨਗ਼ਾਰਾ, ਪੰਜਾਬ ਦੇ ਪ੍ਰਮੁੱਖ ਸਿੰਘਾਂ ਦੇ ਨਾਂ ਹੁਕਮਨਾਮੇ ਦੇ ਕੇ ਰਵਾਨਾ ਕੀਤਾ। ਅਜੇ ਬੰਦਾ ਸਿੰਘ ਅਤੇ ਸਿੰਘਾਂ ਨੇ ਵੀਹ ਕੋਹ (60 ਕਿਲੋਮੀਟਰ) ਹੀ ਸਫ਼ਰ ਤਹਿ ਕੀਤਾ ਸੀ ਕਿ ਪਿੱਛੋਂ ਗੁਰੂ ਗੋਬਿੰਦ ਸਿੰਘ ਉਤੇ ਵਜ਼ੀਰ ਖਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਹਮਲਾ ਕਰਾ ਦਿੱਤਾ। ਇਹ ਸਾਰਾ ਜੱਥਾ ਖਬਰ ਸੁਣਦੇ ਹੀ ਵਾਪਿਸ ਆ ਗਿਆ। ਗੁਰੂ ਸਾਹਿਬ ਦੇ ਗੁਰਪੁਰੀ ਸਿਧਾਰਨ ਅਤੇ ਅੰਤਮ ਅਰਦਾਸ ਦੀਆਂ ਰਸਮਾਂ ਪੂਰੀਆਂ ਕਰਕੇ ਹੀ ਇਹ ਜੱਥਾ ਪੰਜਾਬ ਵੱਲ ਵਧਿਆ ਸੀ।

ਬੰਦਾ ਸਿੰਘ ਬਹਾਦੁਰ ਕੋਲ ਹਥਿਆਰਾਂ, ਪੈਸਿਆਂ ਅਤੇ ਵਿਅਕਤੀਆਂ ਦੀ ਬਹੁਤ ਘਾਟ ਸੀ ਪਰ ਭਾਰਤਪੁਰ ਦੇ ਲਾਗੇ ਇੱਕ ਸਿੱਖ ਸੋਦਾਗਰ ਨੇ ਕਈ ਵਰ੍ਹਿਆਂ ਦੀ ਆਪਣੀ ਦਸਵੰਦ ਦੀ ਰਕਮ ਆ ਕੇ ਬੰਦਾ ਸਿੰਘ ਨੂੰ ਭੇਟਾ ਕੀਤੀ। ਦਿੱਲੀ ਦੇ ਬਾਹਰਵਾਰ ਬੰਦਾ ਸਿੰਘ ਨੇ ਆਪਣਾ ਸਫ਼ਰ ਬੜੀ ਹੁਸ਼ਿਆਰੀ ਅਤੇ ਸਿਦਕਦਿਲੀ ਨਾਲ ਜਾਰੀ ਰੱਖਿਆ ਤਾਂ ਜੋ ਸ਼ਾਹੀ ਫੌਜਾਂ ਨਾਲ ਟਕਰਾਓ ਨਾ ਹੋ ਜਾਵੇ। ਲੋਕ ਉਸ ਨੂੰ ਗੁਰੂ ਸਾਹਿਬ ਵੱਲੋਂ ਜਥੇਦਾਰ (ਫੌਜਾਂ ਦਾ ਚੀਫ਼-ਕਮਾਂਡਰ) ਥਾਪਿਆ ਸਮਝ ਕੇ ਕਈ ਸੁਗਾਤਾਂ ਲੈ ਕੇ ਆਣ ਮਿਲਦੇ ਅਤੇ ਉਹ ਲੋਕਾਂ ਦੀ ਖੁਸ਼ਹਾਲੀ ਅਤੇ ਸਿਹਤਯਾਬੀ ਲਈ ਅਰਦਾਸਾਂ ਕਰਦਾ। ਬੰਦਾ ਸਿੰਘ ਦਾ ਜੱਥਾ ਆਖਰ ਬਾਗਰ ਪੁੱਜਾ। ਉੱਥੇ ਲਾਗੇ ਹੀ ਡਾਕੂ ਇੱਕ ਪਿੰਡ ਲੁੱਟਣ ਆਏ ਸਨ। ਡਾਕੂਆਂ ਦੇ ਮੁੱਖੀ ਨੂੰ ਮਾਰ ਕੇ ਬੰਦਾ ਸਿੰਘ ਨੇ ਬਾਕੀ ਡਾਕੂਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ। ਇਹ ਵੇਖ ਕੇ ਆਸਪਾਸ ਦੇ ਪਿੰਡਾਂ ਦੇ ਨੌਜਵਾਨ ਸਿੱਖ ਸੱਜ ਕੇ ਬੰਦਾ ਸਿੰਘ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ। ਆਸ ਪਾਸ ਦੇ ਪਿੰਡ ਵਾਲਿਆਂ ਖੁਸ਼ੀ ਮਨਾਈ ਅਤੇ ਰਾਸ਼ਨ, ਦੁੱਧ, ਦਹੀਂ ਆਦਿ ਲੈ ਕੇ ਬੰਦਾ ਸਿੰਘ ਅੱਗੇ ਹਾਜ਼ਰ ਹੋਏ।

ਬੰਦਾ ਸਿੰਘ ਇਹ ਜੱਥਾ ਸੋਨੀਪਤ ਤੇ ਰੋਹਤਕ ਦੇ ਵਿਚਕਾਰ ਸਥਿਤ ਕਸਬਾ ਖਰਖੋਦਾ ਪੁੱਜਾ। ਦਿੱਲੀ ਤੋਂ ਇਹ ਕਸਬਾ 36 ਕਿਲੋਮੀਟਰ ਦੂਰ ਹੈ। ਇੱਥੇ ਬੰਦਾ ਸਿੰਘ ਨੇ ਸੇਹਰੀ ਅਤੇ ਖੰਡਾ ਪਿੰਡਾਂ ਵਿਚਕਾਰ ਮੁਕਾਮ ਕੀਤਾ।

ਬੰਦਾ ਸਿੰਘ ਨੂੰ ਇੱਥੇ ਹੀ ਸੂਹਿਆਂ ਨੇ ਖ਼ਬਰ ਦਿੱਤੀ ਕਿ ਕੈਥਲ ਨੇੜੇ ਸ਼ਾਹੀ ਖ਼ਜਾਨਾ ਬੜੀ ਹਿਫ਼ਾਜ਼ਤ ਨਾਲ ਦਿੱਲੀ ਵੱਲ ਜਾ ਰਿਹਾ ਹੈ। ਖ਼ਬਰ ਮਿਲਦੇ ਸਾਰ ਬੰਦਾ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਜ਼ਬਰਦਸਤ ਹੱਲਾ ਬੋਲਿਆ। ਸ਼ਾਹੀ ਦਸਤਾ ਆਪਣੇ ਬਹੁਤੇ ਫੌਜੀ ਮਰਵਾ ਕੇ ਸ਼ਾਹੀ ਖਜ਼ਾਨਾ, ਘੋੜੇ, ਹਥਿਆਰ ਸੁੱਟ ਕੇ ਤਿੱਤਰ ਹੋ ਗਿਆ। ਬੰਦਾ ਸਿੰਘ ਨੇ ਸਾਰਾ ਮਾਲ ਆਪਣੇ ਸਿੱਖਾਂ ਵਿੱਚ ਵੰਡ ਕੇ ਹਥਿਆਰਾਂ ਤੇ ਘੋੜਿਆਂ ਨਾਲ ਆਪਣੀ ਸ਼ਕਤੀ ਨੂੰ ਮਜ਼ਬੂਤ ਕੀਤਾ।

ਸਿਹਰੀ-ਖੰਡਾ ਦੇ ਮੁਕਾਮ ਦੌਰਾਨ ਬੰਦਾ ਸਿੰਘ ਬਹਾਦੁਰ ਨੇ ਯੁੱਧ ਨੀਤੀ ਦੀ ਪੈਂਤੜੇਬਾਜ਼ੀ ਉਪਰ ਵਿਚਾਰ ਕੀਤੀ। ਬੰਦਾ ਸਿੰਘ ਨੇ ਗੁਰੂ ਸਾਹਿਬ ਵੱਲੋਂ ਲਿਖੇ ਹੁਕਮਨਾਮੇ ਅਤੇ ਆਪਣੇ ਵੱਲੋਂ ਪੰਜਾਬ ਦੇ ਸਿੰਘਾਂ ਵੱਲ ਚਿੱਠੀਆਂ ਭੇਜੀਆਂ, “ਅਸੀਂ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਤੇ ਉਸ ਦੇ ਹਮਾਇਤੀਆਂ, ਸਲਾਹਕਾਰਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਆ ਰਹੇ ਹਾਂ। ਜਿਨ੍ਹਾਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਵੈਰ ਕਮਾਇਆ ਸੀ, ਉਨ੍ਹਾਂ ਨੂੰ ਵੀ ਸੋਧਿਆ ਜਾਵੇਗਾ ਅਤੇ ਸਭ ਦੁਸ਼ਟਾਂ ਦੀ ਜੜ੍ਹ ਉਖੇੜੀ ਜਾਵੇਗੀ। ਇਸ ਲਈ ਧਰਮਯੁੱਧ ਲਈ ਤਿਆਰ-ਬਰ-ਤਿਆਰ ਹੋ ਕੇ ਮੇਰੇ ਨਾਲ ਆ ਰਲੋ”। ਇਹ ਖਬਰ ਸੁਣਦੇ ਹੀ ਸਿੱਖ ਬਲਦ, ਘਰ ਘਾਟ ਵੇਚ ਕੇ ਹਥਿਆਰ, ਘੋੜੇ ਅਤੇ ਬਾਰੂਦ ਖਰੀਦ ਕੇ ਬੰਦਾ ਸਿੰਘ ਵੱਲ ਤੁਰੰਤ ਚਾਲੇ ਪਾ ਦਿੱਤੇ।

ਬੰਦਾ ਸਿੰਘ ਨੇ ਇਹ ਐਲਾਨ-ਨਾਮਾ ਵੀ ਜਾਰੀ ਕੀਤਾ ਜੋ ਲੋਕੀਂ ਜ਼ਾਲਮ ਮੁਗਲਾਂ, ਜ਼ਿੰਮੀਦਾਰਾਂ ਆਦਿ ਤੋਂ ਸਤਾਏ, ਲਿਤਾੜੇ ਜਾ ਰਹੇ ਹਨ, ਉਹ ਵੀ ਖ਼ਾਲਸਾਈ ਝੰਡੇ ਹੇਠ ਇਕੱਤਰ ਹੋ ਜਾਣ। ਇਹ ਐਲਾਨ-ਨਾਮਾ ਸੁਣਦੇ ਸਾਰ ਹੀ ਸਾਰੇ ਧਰਮਾਂ ਦੇ ਲੋਕ ਕਿ ਮੁਸਲਮਾਨ ਤੇ ਕਿ ਹਿੰਦੂ ਇਕੱਠੇ ਹੋ ਕੇ ਨਵੇਂ ਇਨਕਲਾਬ ਦੀ ਉਡੀਕ ਕਰਨ ਲੱਗੇ। ਸਮਾਜ ਦੇ ਲਿਤਾੜੇ ਗਰੀਬ ਲੋਕਾਂ ਦੀ ਢਾਲ ਬਣ ਕੇ ਉਸ ਨੇ ਆਪਣਾ ਕਾਰਜ ਆਰੰਭ ਕੀਤਾ। ਬੰਦਾ ਸਿੰਘ ਨੂੰ ਲੋਕਾਂ ਦੀ ਤਹਿ ਦਿਲੋਂ ਹਮਦਰਦੀ ਪ੍ਰਾਪਤ ਹੋ ਗਈ।

ਸਮਾਣਾ, ਬੰਦਾ ਸਿੰਘ ਬਹਾਦੁਰ ਦੇ ਹਮਲੇ ਦੀ ਫ਼ਰਿਸਤ ‘ਤੇ ਪਹਿਲੇ ਨੰਬਰ ‘ਤੇ ਆਉਂਦਾ ਸੀ। ਸਮਾਣਾ ਇੱਕ ਹਿਸਾਬ ਨਾਲ ਪੁੱਖਤਾ ਗੜ੍ਹੀ ਸੀ। ਗੁਰੂ ਤੇਗ ਬਹਾਦੁਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਫੌਜਦਾਰ ਜ਼ਾਲਮ ਜਲਾਲ-ਉ-ਦੀਨ ਸਾਸ਼ਲ ਬੇਗ ਤੇ ਬਾਸ਼ਲ ਬੇਗ ਇੱਥੋਂ ਦੇ ਹੀ ਰਹਿਣ ਵਾਲੇ ਸਨ। ਬੰਦਾ ਸਿੰਘ 26 ਨਵੰਬਰ 1709 ਈ. ਨੂੰ ਕਿਲ੍ਹਾ-ਨੁਮਾ ਸਮਾਣੇ ਨੂੰ ਚਾਰ ਪਾਸਿਉਂ ਘੇਰਾ ਪਾ ਲਿਆ। ਇੱਥੇ ਬੜੀ ਘੁਮਸਾਨ ਦੀ ਲੜਾਈ ਹੋਈ। ਸਿੱਖਾਂ ਹੱਥੋਂ ਜਲਾਲ-ਉ-ਦੀਨ, ਸਾਸ਼ਲ ਬੇਗ ਅਤੇ ਬਾਸ਼ਲ ਬੇਗ ਮਾਰੇ ਗਏ। ਸਮਾਣੇ ਵਿੱਚ ਮੁਗਲ ਫੌਜੀ, ਸਯੱਦ ਆਦਿ ਦਸ ਹਜ਼ਾਰ ਦੇ ਕਰੀਬ ਮਾਰੇ ਗਏ। ਇਸ ਜਿੱਤ ਨੇ ਸਿੰਘਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਅਤੇ ਬੰਦੇ ਸਿੰਘ ਨੇ ਭਾਈ ਫਤਹਿ ਸਿੰਘ ਨੂੰ ਸਮਾਣੇ ਦਾ ਫੌਜਦਾਰ ਮੁਕੱਰਰ ਕੀਤਾ।

ਭਾਵੇਂ ਬਹਾਦਰ ਸ਼ਾਹ ਨੂੰ ਸਿੱਖਾਂ ਦੇ ਵਿਦਰੋਹ ਦੀਆਂ ਖਬਰਾਂ ਨਵੰਬਰ 1709 ਈ. ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਵਜ਼ੀਰ ਖਾਂ ਦੀ ਚਿੱਠੀ 25 ਫਰਵਰੀ 1710 ਈ. ਨੂੰ ਬਾਦਸ਼ਾਹ ਅੱਗੇ ਪੇਸ਼ ਹੋਈ ਜਿਸ ਵਿੱਚ ਲਿਿਖਆ ਸੀ, “ਕੁੱਤੇ-ਸੁਭਾ ਸਿੱਖਾਂ ਦੇ ਗੁਰੂ (ਬੰਦਾ ਸਿੰਘ) ਨੇ ਆਪਣਾ ਨਾਮ ‘ਬੰਦਾ’ ਰੱਖ ਕੇ ਤੇ ਕੋਈ ਇੱਕ ਲੱਖ ਕੁੱਤੇ-ਸੁਭਾਅ ਸਾਵਾਰਾਂ ਤੇ ਪਿਆਦਾ ਸਿੰਘਾਂ ਨੂੰ ਆਪਣੇ ਨਾਲ ਇਕੱਠੇ ਕਰਕੇ, ਸ਼ੋਰ-ਸ਼ਰਾਬਾ ਤੇ ਫਸਾਦ ਪਾ ਕੇ ਗਰੀਬਾਂ, ਮਸਕੀਨਾਂ, ਸ਼ੈਖਾਂ ਤੇ ਵੱਡੇ ਵੱਡੇ ਸ਼ਯਦਾਂ ਦੇ ਘਰਾਂ ਨੂੰ ਉਜਾੜ ਦਿੱਤਾ ਤੇ ਉਹ ਇਸਲਾਮ ਵਾਲਿਆਂ ਵਿੱਚੋਂ ਕਿਸੇ ਛੋਟੇ-ਵੱਡੇ ਤੇ ਜਵਾਨ ਤੇ ਬੁੱਢੇ ਨੂੰ ਜਿਉਂਦਾ ਨਹੀਂ ਛੱਡਣਾ ਚਾਹੁੰਦਾ ਹੈ। ਐ ਬਾਦਸ਼ਾਹ ਜੇ ਇਸ ਨੂੰ ਸੋਧਣ ਵਿੱਚ ਢਿੱਲ-ਮੱਠ ਹੋਈ ਤਾਂ ਇਸ ਜਹਾਨ ਦੇ ਬਾਦਸ਼ਾਹ ਦੀ ਹਕੂਮਤ ਵਿੱਚ ਆਏ ਦਿਨ ਗੜਬੜ੍ਹ ਪੈਂਦੀ ਰਹੇਗੀ। ਇਹ ਵਕਤ ਮਰਦਾਨਗੀ ਵਿਖਾਉਣ ਦਾ ਹੈ”।

ਸਮਾਣੇ ਤੋਂ ਬਾਅਦ ਬੰਦਾ ਸਿੰਘ ਨੇ ਕੈਂਥਲ ‘ਤੇ ਹਮਲਾ ਕੀਤਾ। ਥੋੜੀ ਜਿਹੀ ਲੜਾਈ ਤੋਂ ਬਾਅਦ ਮੁਗਲ ਫੌਜਾਂ ਬੇਸ਼ੁਮਾਰ ਹਥਿਆਰ, ਘੋੜੇ ਅਤੇ ਲਾਸ਼ਾਂ ਛੱਡ ਕੇ ਮੈਦਾਨੇ-ਜੰਗ ‘ਚ ਤਿੱਤਰ ਹੋ ਗਈ। ਫੌਜੀ ਰਣਨੀਤੀ ਤਹਿਤ ਬੰਦਾ ਸਿੰਘ ਨੇ ਸਰਹਿੰਦ ‘ਤੇ ਹਮਲਾ ਕਰਨਾ ਮੁਨਾਸਬ ਨਾ ਸਮਝਿਆ ਕਿਉਂਕਿ ਉਸ ਨੂੰ ਮਾਝੇ, ਮਾਲਵੇ ਤੇ ਦੁਆਬੇ ਤੋਂ ਹਥਿਆਰਬੰਦ ਸਿੰਘਾਂ ਦੀ ਉਡੀਕ ਕਰਨਾ ਚਾਹੁੰਦਾ ਸੀ। ਇਸੇ ਲਈ ਬੰਦਾ ਸਿੰਘ ਨੇ ਸਰਹਿੰਦ ਤੋਂ ਪਹਿਲਾਂ ਘੁੜਾਮ, ਠਸਕਾ, ਸ਼ਾਹਬਾਦ ਤੇ ਮੁਸਤਫਾਬਾਦ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਮੁਸਤਫ਼ਾਬਾਦ ਵਿੱਚ ਗਹਿਗਚ ਲੜਾਈ ਹੋਈ ਜਿਥੇ ਦੋ ਹਜ਼ਾਰ ਫੌਜੀਆਂ ਨੇ ਬੰਦਾ ਸਿੰਘ ਅੱਗੇ ਹਥਿਆਰ ਸੁੱਟ ਕੇ ਹਾਰ ਮੰਨ ਲਈ।

ਨਾਰਨੌਲ ਦੇ ਸਥਾਨ ‘ਤੇ ਬੰਦਾ ਸਿੰਘ ਨੇ ਲੋਕਾਂ ਨੂੰ ਲੁਟੇਰਿਆਂ ਤੇ ਡਾਕੂਆਂ ਤੋਂ ਮੁਕਤੀ ਦਿਵਾਈ ਅਤੇ ਕੈਥਲ ਦੇ ਫੌਜਦਾਰ ਨੂੰ ਸਬਕ ਸਿਖਾਇਆ। ਸਮਾਣੇ ਤੋਂ ਬਾਅਦ ਬੰਦਾ ਸਿੰਘ ਨੇ ਕਪੂਰੀ ‘ਤੇ ਹਮਲਾ ਕੀਤਾ। ਉਥੋਂ ਦੇ ਫੌਜਦਾਰ ਕਦਮ-ਉ-ਦੀਨ ਨੂੰ ਮਾਰ ਕੇ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ। ਇਸ ਲੜਾਈ ਵਿੱਚ ਬੇਸ਼ੁਮਾਰ ਹਥਿਆਰ, ਖਜ਼ਾਨਾ ਤੇ ਘੋੜੇ ਸਿੰਘਾਂ ਦੇ ਹੱਥ ਆਏ, ਜਿਨ੍ਹਾਂ ਦੀ ਉਨ੍ਹਾਂ ਨੂੰ ਤੁਰੰਤ ਲੋੜ ਸੀ।

ਸਢੋਰਾ ਸ਼ਹਿਰ, ਅਮੀਰ ਸ਼ਹਿਰਾਂ ਵਿੱਚ ਸ਼ੁਮਾਰ ਹੁੰਦਾ ਸੀ। ਇਥੋਂ ਦਾ ਫੌਜਦਾਰ ਜ਼ਾਲਮ ਉਸਮਾਨ ਖਾਨ ਰਾਜ ਪ੍ਰਬੰਧਕ ਕਰਕੇ ਸਾਰੇ ਇਲਾਕੇ ਵਿੱਚ ਮੰਨਿਆ ਜਾਂਦਾ ਸੀ। ਹਿੰਦੂਆਂ ਦੀਆਂ ਮ੍ਰਿਤਕ ਲਾਸ਼ਾਂ ਨੂੰ ਸਾੜ੍ਹਨ ਦੀ ਮਨਾਈ ਕਰਕੇ, ਖੁੱਲ੍ਹੇ-ਮੈਦਾਨਾਂ ਵਿੱਚ ਗਊ ਹੱਤਿਆ ਕਰਾਉਂਦਾ ਸੀ। ਇਸੇ ਲਈ ਬਹੁਤੇ ਹਿੰਦੂ ਸਢੋਰਾ ਛੱਡ ਕੇ ਛਲੇ ਗਏ ਸਨ। ਹਿੰਦੂਆਂ ਨੇ ਬੰਦਾ ਸਿੰਘ ਅੱਗੇ ਅਜਿਹੇ ਜ਼ੁਲਮ ਤੋਂ ਆਜ਼ਾਦ ਕਰਾਉਣ ਦੀ ਬੇਨਤੀ ਕੀਤੀ। ਅਖ਼ਬਾਰਾਤ-ਏ-ਦਰਬਾਰ-ਏ ਮੋਅਲਾਂ ਅਨੁਸਾਰ ਜੋ ਜਨਵਰੀ 31, 1709 ਨੂੰ ਬਾਦਸ਼ਾਹ ਨੂੰ ਘੱਲੀ ਗਈ ਸੀ, ਉਸ ਵਿੱਚ 70,000 ਸਿੱਖਾਂ ਦਾ ਸਢੋਰਾ ਵਿੱਚ ਇਕੱਠ ਦਾ ਜ਼ਿਕਰ ਕੀਤਾ ਗਿਆ ਸੀ।

ਸਢੋਰਾ ਦੀ ਗਹਿਗਚ ਲੜਾਈ ਵਿੱਚ ਦੋਵੇਂ ਪਾਸਿਆਂ ਤੋਂ ਹਜ਼ਾਰਾਂ ਸੂਰਮੇ ਮੈਦਾਨ-ਏ-ਜੰਗ ਵਿੱਚ ਮਾਰੇ ਗਏ। ਅਖੀਰ ਸਢੋਰਾ ਬੰਦਾ ਸਿੰਘ ਦੇ ਕਬਜ਼ੇ ਵਿੱਚ ਆ ਗਿਆ। ਮਜ਼ਲੂਮ ਲੋਕਾਂ ਨੇ ਜ਼ਾਲਮਾਂ ਤੋਂ ਚੁਣ ਚੁਣ ਕੇ ਬਦਲੇ ਲਏ ਅਤੇ ਲੁੱਟ-ਮਾਰ ਕੀਤੀ।

ਬਹਾਦਰ ਸ਼ਾਹ ਬਾਦਸ਼ਾਹ ਨੇ ਰੁਸਤਮ ਦਿਲ ਖਾਨ ਨੂੰ ਸ਼ਾਹੀ ਕੈਂਪ ਲਈ ਯੋਗ ਥਾਂ ਦੀ ਭਾਲ ਲਈ ਰਵਾਨਾ ਕੀਤਾ ਤਾਂ ਸ਼ਾਹੀ ਫੌਜੀ ਦਸਤਾ ਸਢੋਰਾ ਤੋਂ 4-5 ਕੋਹ (12-15 ਕਿਲੋਮੀਟਰ) ਪੁੱਜਾ ਸੀ। “ਰਸਤੇ ਵਿੱਚ ਅਚਾਨਕ ਸਿੱਖਾਂ ਦੇ ਤੀਹ-ਚਾਲੀ ਹਜ਼ਾਰ ਸਵਾਰ, ਬੇਸ਼ੁਮਾਰ ਪਿਆਦੇ ਦਸ-ਬਾਰਾਂ ਕੋਹ ਤੋਂ ਧਾਵਾ ਕਰਕੇ ‘ਫ਼ਤਹਿ-ਦਰਸ਼ਨ’ ਦੇ ਨਾਹਰੇ ਮਾਰਦੇ ਹੋਏ ਬਾਦਸ਼ਾਹੀ ਲਸ਼ਕਰ ਉਤੇ ਟੁੱਟ ਕੇ ਪੈ ਗਏ।

ਬੰਦਾ ਸਿੰਘ ਬਹਾਦੁਰ ਨੇ ਇੱਕ ਨਵਾਂ ਜੰਗੀ ਨਾਹਰਾ ‘ਫ਼ਤਹਿ ਦਰਸ਼ਨ’ ਜਾਰੀ ਕੀਤਾ ਜਿਸ ਦਾ ਭਾਵ ਸੀ ਕਿ ਮੈਦਾਨ-ਏ-ਜੰਗ ਵਿੱਚ ਜਿੱਤ ਦੇ ਦਰਸ਼ਨ-ਦੀਦਾਰੇ ਕਰਨੇ ਹਨ। ਇਹ ਨਾਹਰਾ ਸਿੱਖ ਫੌਜੀਆਂ ਨੂੰ ਜੰਗ-ਗਾਹ ਵਿੱਚ ਚੜ੍ਹਦੀਕਲਾ ਵਿੱਚ ਰਹਿ ਕੇ ਹਰ ਹਾਲਤ ਿਿਵੱਚ ਜਿੱਤ ਪ੍ਰਾਪਤੀ ਨੂੰ ਯਕੀਨੀ ਬਣਾਉਂਦਾ ਸੀ।

ਹੁਣ ਸਿੱਖਾਂ ਨੇ ਸਰਹਿੰਦ ਦਾ ਰੁੱਖ ਕਰਨਾ ਸੀ। ਸਰਹਿੰਦ ਦੇ ਸੂਬੇ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੀਆਂ ਨੀਹਾਂ ਵਿੱਚ ਚੁਣ ਕੇ ਸ਼ਹੀਦ ਕੀਤਾ ਸੀ। ਸਰਹਿੰਦ ਹੀ ਸੀ ਜਿਸ ਨੇ ਸਿੱਖਾਂ ਦੇ ਭਵਿੱਖ ਦਾ ਫੈਸਲਾ ਕਰਨੀ ਸੀ। ਵਜ਼ੀਰ ਖਾਂ ਸਿੱਖਾਂ ਦੀਆਂ ਰੋਜ਼ਮਰਾ ਦੀਆਂ ਜਿੱਤਾਂ ਤੋਂ ਪੂਰੀ ਤਰ੍ਹਾਂ ਘਬਰਾਇਆ ਸੀ ਪਰ ਉਸ ਨੇ ਹਜ਼ਾਰਾਂ ਜਹਾਦੀ ਇਕੱਠੇ ਕਰਕੇ ਸਿੱਖਾਂ ਨਾਲ ਜੰਗ ਕਰਨਾ ਚਾਹੁੰਦਾ ਸੀ। ਮਾਝੇ-ਮਾਲਵੇ ਦੇ ਸਿੰਘ ਕੀਰਤਪੁਰ ਸਾਹਿਬ ਵੱਲੋਂ ਆਉਂਦੇ ਵੇਖ ਮਲੇਰ-ਕੋਟਲੇ ਦੇ ਮੁਗਲ ਫੌਜ਼ਾਂ ਨਾਲ ਲੜਾਈ ਜ਼ਬਰਦਸਤ ਹੋਈ ਅਤੇ ਮਲੇਰਕੋਟਲਾ ਦੀ ਸਾਰੀ ਫੌਜ਼ ਜੰਗ-ਗਾਹ ਵਿੱਚੋਂ ਭੱਜ ਗਈ। ਇਸ ਤਰ੍ਹਾਂ ਮਾਝੇ-ਦੁਆਬੇ ਆਦਿ ਦੇ ਹਜ਼ਾਰਾਂ ਸਿੱਖ, ਚਪੜ-ਚਿੜ੍ਹੀ ਦੇ ਸਥਾਨ ‘ਤੇ ਬੰਦਾ ਸਿੰਘ ਬਹਾਦੁਰ ਦੀਆਂ ਫੌਜ਼ਾਂ ਨਾਲ ਆ ਮਿਲੇ।

ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਸਰਹਿੰਦ ਤੋਂ 12-15 ਕਿਲੋਮੀਟਰ ਦੂਰ ‘ਚਪੜ-ਚਿੜ੍ਹੀ’ ਦੇ ਸਥਾਨ ‘ਤੇ ਸਿੱਖਾਂ ਨਾਲ ਜੰਗ ਕਰਨ ਲਈ ਕਮਰਕਸੇ ਕਰ ਬੈਠਾ। ਸਿੱਖਾਂ ਕੋਲ ਵਜ਼ੀਰ ਖਾਂ ਦੇ ਮੁਕਾਬਲੇ ਬੜੇ ਘੱਟ ਘੋੜੇ ਤੇ ਹਥਿਆਰ ਸਨ ਪਰ ਸਿੱਖ ਸਾਹਿਬਜ਼ਾਦਿਆਂ ਦੇ ਖ਼ੂਨ ਦਾ ਬਦਲਾ ਲੈਣ ਲਈ ਉਤਾਵਲੇ ਸਨ। ਸਿੱਖਾਂ ਦੀ ਗਿਣਤੀ ਵੀ ਦੁਸ਼ਮਣ ਦੇ ਮੁਕਾਬਲੇ ਘੱਟ ਸੀ। ਸੂਬਾ ਵਜ਼ੀਰ ਖਾਂ ਕੋਲ ਕੁਝ ਤੋਪਾਂ ਸਨ। ਇਹ ਤੋਪਾਂ ਹਾਥੀਆਂ ਦੀਆਂ ਕਤਾਰਾਂ ਤੋਂ ਵਖਰੀਆਂ ਸਨ। ਖ਼ਾਲਸਾ ਫ਼ੌਜ਼ਾਂ ਦਾ ਸਵਾਗਤ ਵਜ਼ੀਰ ਖਾਨ ਦੀਆਂ ਤੋਪਾਂ ਨੇ ਕੀਤਾ। ਪਹਿਲੇ ਗੋਲਿਆਂ ਨਾਲ ਹੀ ਬੰਦਾ ਸਿੰਘ ਨਾਲ ਮਿਲੇ ਗ਼ੈਰ-ਸਿੱਖ ਧਾੜਵੀ ਦਸਤੇ, ਤੋਪਾਂ ਦੀ ਮਾਰ ਤੋਂ ਦੂਰ ਨਿਕਲ ਗਏ। ਬੰਦਾ ਸਿੰਘ ਬਹਾਦੁਰ ਦੇ ਹਰਾਵਲ ਦਸਤੇ ਤੋਪਾਂ ਤੇ ਹਾਥੀਆਂ ਦੀਆਂ ਕਤਾਰਾਂ ਤੋਂ ਹੁਸ਼ਿਆਰੀ ਨਾਲ ਅੱਗੇ ਵੱਧ ਕੇ ਦੁਸ਼ਮਣ ‘ਤੇ ਟੁੱਟ ਪਏ। ਤੋਪਾਂ ਨੇ ਭਾਵੇਂ ਸਿੱਖਾਂ ਦਾ ਨੁਕਸਾਨ ਕੀਤਾ ਅਤੇ ਦੁਸ਼ਮਣਾਂ ਨੇ ਵੀ ਜੰਮ ਕੇ ਲੜਾਈ ਲੜੀ। ਵਜ਼ੀਰ ਖਾਂ ਵਲੋਂ ਅੰਦਰਖਾਤੇ ਇੱਕ ਹੋਰ ਮੁਸਲਮਾਨ ਦਸਤਾ, ਬੰਦਾ ਸਿੰਘ ਨਾਲ ਆ ਮਿਿਲਆ ਸੀ, ਜੋ ਤੋਪਾਂ ਦੀ ਆਵਾਜ਼ ਨਾਲ ਨੱਠ ਗਿਆ। ਭਾਵੇਂ ਕੁਝ ਦੇਰ ਲਈ ਲੜਾਈ ਦਾ ਰੁੱਖ ਬਦਲ ਗਿਆ ਅਤੇ ਦੁਸ਼ਮਣ ਦਾ ਪਾਸਾ ਭਾਰੀ ਹੋ ਗਿਆ। ਬੰਦਾ ਸਿੰਘ ਬਹਾਦੁਰ ਦੂਰ ਉੱਚੇ ਟਿੱਬੇ ‘ਤੇ ਬੈਠਾ ਜੰਗ ਦੇ ਹਾਲਤਾਂ ‘ਤੇ ਨਜ਼ਰ ਰੱਖ ਰਿਹਾ ਸੀ। ਜਦੋਂ ਉਸ ਨੇ ਸਿੱਖਾਂ ਦੀ ਡਾਵਾਂ ਡੋਲ ਹਾਲਤ ਵੇਖੀ ਤਾਂ ਉਹ ਘੋੜੇ ਨੂੰ ਸਰਪਟ ਦੜਾਉਂਦਾ ‘ਅਕਾਲ ਅਕਾਲ’ ਦੇ ਜੈਕਾਰੇ ਛੱਡਦਾ, ਅੱਖ ਦੇ ਫੋਰ ਵਿੱਚ ਸ਼ਿਦਤ ਨਾਲ ਦੁਸ਼ਮਣ ‘ਤੇ ਟੁੱਟ ਪਿਆ। ਇਹ ਵੇਖ ਸਿੱਖਾਂ ਵਿੱਚ ਜੋਸ਼ ਠਾਠਾਂ ਮਾਰਨ ਲੱਗਾ ਅਤੇ ਮਲੇਰਕੋਟੀਏ ਸਰਦਾਰ ਸ਼ੇਰ ਮੁਹੰਮਦ ਖਾਨ ਤੇ ਖਵਾਜਾ ਅਲੀ ਨੂੰ ਇਕੋ ਹੱਲੇ ਵਿੱਚ ਮਾਰ ਦਿੱਤਾ। ਮੁਗਲ ਫੌਜ਼ਾਂ ਦੇ ਦੋ ਬਹਾਦੁਰ ਸਰਦਾਰਾਂ ਦੀ ਮੌਤ ਵੇਖ ਵਜ਼ੀਰ ਖਾਂ ਦੀ ਫੌਜ਼ ਵਿੱਚ ਖਲ-ਬਲੀ ਪੈ ਗਈ। ਸਵੇਰ ਤੋਂ ਸ਼ੁਰੂ ਹੋਈ ਲੜਾਈ ਸ਼ਾਮ ਦੇ ਚਾਰ ਵਜੇ ਤੱਕ ਚਲਦੀ ਰਹੀ। ਅਚਾਨਕ ਬੰਦਾ ਸਿੰਘ ਬਹਾਦੁਰ ਨੇ ਗੁਰੂ ਗੋਬਿੰਦ ਸਿੰਘ ਵਲੋਂ ਬਖਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਦਾ ਨਿਸ਼ਾਨਾ ਲਾ ਕੇ ਵਜ਼ੀਰ ਖਾਂ ਵੱਲ ਮਾਰਿਆ ਤਾਂ ਉਹ ਹਾਥੀ ਤੋਂ ਡਿੱਗ ਪਿਆ। ਵਜ਼ੀਰ ਖਾਂ ਦੀ ਮੌਤ ਦੀ ਖ਼ਬਰ ਸੁਣਦੇ ਹੀ ਮੁਗਲ ਫੌਜ ਮੈਦਾਨ-ਏ-ਜੰਗ ਵਿੱਚੋਂ ਭੱਜ ਗਈ ਅਤੇ ਸਿੱਖਾਂ ਨੇ ਜਿੱਤ ਦੇ ਨਗਾਰੇ ਸ਼ਾਦਿਆਨੇ ਵਜਾਉਂਦੇ, ਫਤਹਿ ਯਾਬੀਆਂ ਦੀ ਸ਼ਕਲ ਵਿੱਚ ਸਰਹਿੰਦ ਵੱਲ ਤੁਰ ਪਏ। ਵਜ਼ੀਰ ਖਾਂ ਹਾਲੀ ਜੀਉਂਦਾ ਸੀ ਕਿ ਸਿੱਖਾਂ ਨੇ ਉਸ ਦੀਆਂ ਲੱਤਾਂ ਬੰਨ ਕੇ ਘੋੜੇ ਪਿੱਛੇ ਨੂੜ ਦਿੱਤਾ। ਸਰਹਿੰਦ ਦੀਆਂ ਗਲੀਆਂ, ਬਜ਼ਾਰਾਂ ਵਿੱਚ ਉਸ ਦੀ ਲਾਸ਼ ਨੂੰ ਘਸੀਟਿਆ ਗਿਆ। ਆਖਰ ਉਸ ਦੀ ਲਾਸ਼ ਨੂੰ ਇੱਕ ਦਰੱਖਤ ਨਾਲ ਪੁੱਠਾ ਲਟਕਾ ਦਿੱਤਾ ਤਾਂ ਜੋ ਜ਼ਾਲਮਾਂ ਨੂੰ ਸਬਕ ਮਿਲੇ। ਸਿੱਖਾਂ ਨੂੰ ਭਾਰੀ ਜੰਗੀ ਸਮਾਨ, ਹਾਥੀ, ਘੋੜੇ, ਤੋਪਾਂ, ਹਥਿਆਰ ਹੱਥ ਲੱਗੇ ਅਤੇ ਉਹ ਜੈਕਾਰੇ ਲਾਉਂਦੇ ਸ਼ਹਿਰ ਸਰਹਿੰਦ ਵਿੱਚ ਦਾਖਲ ਹੋਏ।

ਸਰਹਿੰਦ ਦੇ ਬਾਸ਼ਾਂਦਿਆਂ ਨੇ ਜਦੋਂ ਵਜ਼ੀਰ ਖਾਂ ਦੇ ਮਰਨ ਦੀ ਖ਼ਬਰ ਸੁਣੀ ਤਾਂ ਲੋਕ ਘਰ-ਬਾਰ ਛੱਡ ਕੇ ਨੱਠ ਪਏ। ਵਜ਼ੀਰ ਖਾਂ ਦਾ ਬੇਟਾ ਆਪਣੇ ਕਬੀਲੇ ਨਾਲ ਦਿੱਲੀ ਵੱਲ ਭੱਜ ਗਿਆ। ਵਜ਼ੀਰ ਖਾਂ ਦਾ ਦੀਵਾਨ ਸੁੱਚਾ ਨੰਦ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨਾਲ ਧਰੋ ਕਮਾਇਆ ਸੀ ਅਤੇ ਗਰੀਬਾਂ, ਮਜ਼ਲੂਮਾਂ ਲੋਕਾਂ ‘ਤੇ ਬੜੇ ਜ਼ੁਲਮ ਕੀਤੇ ਸਨ, ਭੱਜਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਸਿੰਘਾਂ ਨੇ ਆਣ ਦਬੋਚ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਦੀਆਂ ਫੌਜ਼ਾਂ ਸ਼ਾਹੀ ਖਜ਼ਾਨੇ, ਸ਼ਾਹੀ ਮਹਿਲਾਂ, ਅਮੀਰਾਂ ਦੇ ਮਕਾਨਾਂ ਆਦਿ ਦੀ ਖੂਬ ਲੁੱਟ ਕੀਤੀ। ਇਸ ਲੁੱਟਪੁਟ ਵਿੱਚ ਸ਼ਹਿਰ ਦੇ ਆਸ ਪਾਸ ਦੇ ਧਾੜਵੀ, ਬਾਦਸ਼ਾਹ ਵੀ ਸਨ, ਜੋ ਮਾਲਮਤਾ ਲੁੱਟ ਕੇ ਭੱਜ ਗਏ।

ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਚੌਥੇ ਦਿਨ ਬੰਦਾ ਸਿੰਘ ਨੇ ਲੁੱਟਮਾਰ, ਹੁਕਮ ਦੇ ਕੇ ਬੰਦ ਕਰਾ ਦਿੱਤੀ। ਕਿਲ੍ਹੇ ‘ਤੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ। ਸ. ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਤੇ ਭਾਈ ਆਲੀ ਸਿੰਘ ਨੂੰ ਉਸਦਾ ਸਹਾਇਕ ਮੁਕਰਰ ਕਰ ਦਿੱਤਾ। ਇਨ੍ਹਾਂ ਦੋਵਾਂ ਸਰਦਾਰਾਂ ਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਦਾ ਪ੍ਰਬੰਧ ਸੰਭਾਲ ਲਿਆ। ਫ਼ਾਰਸੀ ਲਿਖਤਾਂ ਵਿੱਚ ਬਾਜ਼ ਸਿੰਘ ਨੂੰ ਆਮ ਤੌਰ ‘ਤੇ ਨਾਰ ਸਿੰਘ ਕਰਕੇ ਲਿਿਖਆ ਹੈ। ਫ਼ਾਰਸੀ ਸ਼ਬਦਾਵਲੀ ਵਿੱਚ ਨਾਰ ਦਾ ਅਰਥ ਉਹ ਸ਼ੇਰ ਜੋ ਅੱਗ ਵਰਸਾਉਂਦਾ ਸੀ। ਸਚਮੁੱਚ ਬਾਜ ਸਿੰਘ, ਨਾਰ ਸਿੰਘ ਬਣ ਕੇ ਮੈਦਾਨ-ਏ-ਜੰਗ ਵਿੱਚ ਅਜਿਹੀ ਬਹਾਦੁਰੀ ਦੇ ਕਾਰਨਾਮੇ ਕਰਦਾ ਸੀ ਕਿ ਦੁਸ਼ਮਣਾਂ ਵਿੱਚ ਭੱੜਥੂ ਪਾ ਦੇਂਦੇ ਸੀ। ਇਸੇ ਲਈ ਬਾਜ਼ ਸਿੰਘ ਨੂੰ ਨਾਰ ਸਿੰਘ ਕਰਕੇ ਫ਼ਾਰਸੀ ਲਿਖਾਰੀ ਮੁਖਾਤਿਬ ਹੁੰਦੇ ਸਨ।

ਸਰਹਿੰਦ ਦੀ ਜਿੱਤ ਤੋਂ ਬਾਅਦ ਸੁਨਾਮ, ਘੁੜਾਮ, ਮਲੇਰਕੋਟਲਾ ਆਦਿ ਮਾਮੂਲੀ ਝੱੜਪਾਂ ਪਿੱਛੋਂ ਸਿੱਖਾਂ ਦੇ ਕਬਜ਼ੇ ਵਿੱਚ ਆ ਗਏ। ਸਿੱਖਾਂ ਦਾ ਸਰਹਿੰਦ ਦੇ ਕੁਲ ਅਠਾਈ ਪਰਗਣਿਆਂ ‘ਤੇ ਕੰਟਰੋਲ ਹੋ ਚੱੁਕਾ ਸੀ। ਇਸ ਤਰ੍ਹਾਂ ਸਾਰੇ ਇਲਾਕੇ ਨੂੰ ਸ. ਬਾਜ਼ ਸਿੰਘ, ਬਿਨੋਦ ਸਿੰਘ, ਰਾਮ ਸਿੰਘ, ਸ਼ਾਮ ਸਿੰਘ, ਫ਼ਤਹਿ ਸਿੰਘ, ਕੋਇਰ ਸਿੰਘ ਆਦਿ ਸਿਆਸੀ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ।

ਸਰਹਿੰਦ ਦੀ ਲੜਾਈ ਮਗਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਤੇ ਮੁਸਲਮਾਨ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ, ਜਿਸ ਦੀ ਗਵਾਈ ਫ਼ਾਰਸੀ ਲਿਖਤਾਂ ਵਿੱਚ ਮੌਜੂਦ ਹੈ। 28 ਅਪ੍ਰੈਲ 1711 ਈ. ਦੀ ‘ਅਖ਼ਬਾਰਾਤ-ਏ-ਦਰਬਾਰ-ਮੁਆਲਾ ਦੀ ਰਿਪੋਰਟ ਅਨੁਸਾਰ ਬੰਦਾ ਸਿੰਘ ਬਹਾਦਰ ਦੀ ਫ਼ੌਜ਼ ਵਿੱਚ 5000 ਮੁਸਲਮਾਨ ਭਰਤੀ ਹੋ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉਸ (ਬੰਦਾ ਸਿੰਘ) ਨੇ ਮੁਸਲਮਾਨ ਨੂੰ ਖੁੱਤਬਾ ਅਤੇ ਨਿਮਾਜ਼ ਪੜ੍ਹਨ ਦੀ ਆਜ਼ਾਦੀ ਦੇ ਦਿੱਤੀ ਹੈ। ਉਹ ਮੁਸਲਮਾਨਾਂ ਨੂੰ ‘ਨਿਮਾਜ਼ੀ ਸਿੰਘ’ ਕਹਿ ਕੇ ਬੁਲਾਉਂਦਾ ਹੈ।

“ਕੀ ਹਿੰਦੂ ਤੇ ਕੀ ਮੁਸਲਮਾਨ, ਜਿਹੜਾ ਵੀ ਉਸ ਕੋਲ ਪੁੱਜ ਗਿਆ, ਉਸ ਨੂੰ ‘ਸਿੰਘ’ ਦੇ ਖਿਤਾਬ ਨਾਲ ਸੰਬੋਧਨ ਕਰਵਾਉਂਦਾ ਸੀ, ਜਿਵੇਂ ਕਿ ਦੀਨਦਾਰ ਖਾਂ, ਜਿਹੜਾ ਉਸ ਇਲਾਕੇ ਦਾ ਰਈਸ ਸੀ, ਨੂੰ ਦੀਨਦਾਰ ਸਿੰਘ ਦੀ ਉਪਾਧੀ ਦਿੱਤੀ ਅਤੇ ਸਰਹਿੰਦ ਦਾ ਖ਼ਬਰ ਨਵੀਸ ਮੀਰ ਨਸੀਰੁਦੀਨ ਸਿੰਘ ਬਣ ਗਿਆ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਇਸਲਾਮੀ ਛੱਡ ਕੇ ਝੜ ਦੇ ਰਾਹ ਪੈ ਗਏ ਤੇ ਉਸ ਦਾ ਸਾਥ ਦੇਣ ਲਈ ਪੱਕੇ ਕੌਲ ਇਕਰਾਰ ਕਰ ਲਏ। “ਉਪਰ ਦਿੱਤੀ ਸੰਖੇਪ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁਗਲ ਫ਼ੌਜ਼ਾਂ ਨੂੰ ਵੱਡੀ ਸ਼ਿਕਸਤ ਦੇ ਕੇ ਸਮਾਣਾ, ਸਢੋਰਾ, ਸਰਹਿੰਦ ਆਦਿ ‘ਤੇ ਖਾਲਸਈ ਝੰਡੇ ਝੁਲਾ ਕੇ ਨਵੇਂ ਅਧਿਆਇਆਂ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਦੀ ਗਵਾਹੀ ਫ਼ਾਰਸੀ ਲਿਖਤਾਂ ਵਿੱਚੋਂ ਬਾਖੂਬੀ ਪ੍ਰਗਟ ਹੁੰਦੀ ਹੈ। ਵਿਸਥਾਰ ਲਈ ਵੇਖੋ:ਡਾ. ਜਸਬੀਰ ਸਿੰਘ ਸਰਨਾ,ਤੇਗ਼-ਏ-ਆਤਿਸ਼ਬਾਰ,ਬੰਦਾ ਸਿੰਘ ਬਹਾਦੁਰ, ਪ੍ਰਕਾਸ਼ਿਤ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਯੂਥ ਆਰਗੇਨਾਈਜ਼ੇਸ਼ਨ( ਰਜਿ.) ਰਾਜੌਰੀ( ਜੇ ਐਂਡ ਕੇ) ,ਪੰਨਾ-9-17)

ਡਾ. ਚਰਨਜੀਤ ਸਿੰਘ ਗੁਮਟਾਲਾ,

91 9417533060,

gumtalacs@gmail.com

ਸਾਂਝਾ ਕਰੋ

ਪੜ੍ਹੋ