
ਪ੍ਰੋ.ਕੁਲਬੀਰ ਸਿੰਘ ਮੁੱਢਲੇ ਤੌਰ ‘ਤੇ ਇੱਕ ਅਧਿਆਪਕ ਹੈ, ਪ੍ਰੰਤੂ ਉਸਦੀ ਸਮਾਜਿਕ ਖੇਤਰ ਵਿੱਚ ਮੀਡੀਆ ਆਲੋਚਕ ਦੇ ਤੌਰ ਪਛਾਣ ਸਥਾਪਤ ਹੈ। ਅਧਿਆਪਕ ਸਮਾਜ ਦੇ ਉਸਰਈਏ ਹੁੰਦੇ ਹਨ, ਪ੍ਰੰਤੂ ਪ੍ਰੋ.ਕੁਲਬੀਰ ਸਿੰਘ ਦਾ ਸਮਾਜ ਨੂੰ ਦੋਹਰੇ ਉਸਰਈਏ ਦੇ ਤੌਰ ‘ਤੇ ਯੋਗਦਾਨ ਹੈ। ਜਿਥੇ ਉਸਨੇ ਨੌਜਵਾਨੀ ਦੀ ਸਿੱਖਿਆ ਦੇ ਖੇਤਰ ਵਿੱਚ ਅਗਵਾਈ ਕੀਤੀ ਹੈ, ਉਸਦੇ ਨਾਲ ਹੀ ਉਸਨੇ ਸਮਾਜ ਦੀ ਰਹਿਨਮਾਈ ਮੀਡੀਆ ਆਲੋਚਕ/ ਕਾਲਮ ਨਵੀਸ ਬਣਕੇ ਕੀਤੀ ਹੈ। ਇਹ ਪੁਸਤਕ ਉਸਦੀ ਸਵੈ-ਜੀਵਨੀ ਹੀ ਹੈ, ਭਾਵੇਂ ਇਹ ਸਵੈ-ਜੀਵਨੀ ਅਧਿਆਪਕ ਨਾਲੋਂ ਇੱਕ ਮੀਡੀਆ ਆਲੋਚਕ ਦੀ ਜ਼ਿਆਦਾ ਹੈ। ਮੀਡੀਆ ਵਿੱਚ ਬਹੁਤ ਸਾਰੀ ਜਾਣਕਾਰੀ ਸਮਾਜ ਨੂੰ ਦਿੱਤੀ ਜਾਂਦੀ ਹੈ। ਪ੍ਰੋ.ਕੁਲਬੀਰ ਸਿੰਘ ਨੇ ਮੀਡੀਆ ਦੀ ਜਾਣਕਾਰੀ ਦੀ ਸਾਰਥਿਕਤਾ ਦੀ ਤਸਵੀਰ ਖਿਚਕੇ ਰੱਖ ਦਿੱਤੀ ਤਾਂ ਜੋ ਲੋਕਾਂ ਨੂੰ ਉਸ ਜਾਣਕਾਰੀ ਦੀ ਅਸਲੀਅਤ ਦਾ ਪਤਾ ਲੱਗ ਸਕੇ। ਸਵੈ-ਜੀਵਨੀ ਤਾਂ ਹੀ ਲੋਕਾਂ ਲਈ ਲਾਹੇਬੰਦ ਹੋ ਸਕਦੀ ਹੈ, ਜੇਕਰ ਸਮਾਜ ਨੂੰ ਕੋਈ ਪ੍ਰੇਰਨਾ ਦੇ ਸਕੇ। ਇਹ ਜੀਵਨੀ ਇਸ ਕਰਕੇ ਪ੍ਰੇਰਨਾਦਾਇਕ ਹੈ ਕਿਉਂਕਿ ਪ੍ਰੋ.ਕੁਲਬੀਰ ਸਿੰਘ ਦੀ ਜ਼ਿੰਦਗੀ ਜਦੋਜਹਿਦ ਵਾਲੀ ਹੈ। ਹਰ ਇਨਸਾਨ ਨੂੰ ਜਦੋਜਹਿਦ ਕਰਨ ਲਈ ਪ੍ਰੇਰਨਾ ਦਿੰਦੀ ਹੈ।
ਉਸਨੇ ਇਸ ਪੁਸਤਕ ਦੇ ਛੋਟੇ-ਛੋਟੇ 62 ਚੈਪਟਰ ਬਣਾਏ ਹਨ। ਇਨ੍ਹਾਂ ਚੈਪਟਰਾਂ ਵਿੱਚ ਵੱਖ-ਵੱਖ ਸਮੇਂ ਕੀਤੇ ਕਾਰਜਾਂ ਦਾ ਵੇਰਵਾ ਹੈ। ਇਹ ਪੁਸਤਕ ਨਿਰੀ ਸਵੈੈ-ਜੀਵਨੀ ਵੀ ਨਹੀਂ, ਇੱਕ ਖੋਜੀ ਪੁਸਤਕ ਹੈ, ਜਿਸ ਵਿੱਚ ਬਹੁਤ ਸਾਰੇ ਖੇਤਰਾਂ ਦੀ ਬੇਸ਼ਕੀਮਤੀ ਜਾਣਕਾਰੀ ਹੈ। ਲੰਬੀ ਉਮਰ ਵਿੱਚ ਤੰਦਰੁਸਤ ਰੱਖਣ ਦੇ ਢੰਗ ਤਰੀਕੇ, ਜ਼ਿੰਦਗੀ ਨੂੰ ਖ਼ੂਬਸੂਰਤ ਰੱਖਣ, ਮੀਡੀਆ, ਸ਼ੋਸ਼ਲ ਮੀਡੀਆ, ਫੇਸ ਬੁਕ, ਵਟਸ ਅਪ, ਸਮਾਰਟ ਫ਼ੋਨ ਤੇ ਉਸਦੀ ਗ਼ੁਲਾਮੀ, ਗੂਗਲ ਮੈਪਸ, ਡਿਜਿਟਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਜੋ ਨਵੇਂ ਰੁਝਾਨ ਸ਼ੁਰੂ ਹੋਏ ਹਨ, ਉਨ੍ਹਾਂ ਬਾਰੇ ਵੀ ਬਾਰੀਕੀ ਅਤੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਹੈ। ਸ਼ੋਸ਼ਲ ਮੀਡੀਆ ਬਾਰੇ ਵਿਸਤਾਰ ਨਾਲ ਲਿਖਿਦਿਆਂ ਇਸਨੂੰ ਮਾਨਸਿਕ ਰੋਗ ਪੈਦਾ ਕਰਨ ਵਾਲਾ ਕਿਹਾ ਹੈ। ਨਵੀਆਂ ਤਕਨੀਕਾਂ ਅਲੈਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਾਭ ਤੇ ਨੁਕਸਾਨ ਹੈਰਾਨੀਜਨਕ ਹਨ। ਪ੍ਰੋ.ਕੁਲਬੀਰ ਸਿੰਘ ਦਾ ਗਿਆਨ ਤੇ ਜਾਣਕਾਰੀ ਦਾ ਖ਼ਜਾਨਾ ਵਿਸ਼ਾਲ ਹੈ। ਪ੍ਰੋ.ਕੁਲਬੀਰ ਸਿੰਘ ਨੇ ਮਹੱਤਵਪੂਰਨ ਸੈਰ ਸਪਾਟਾ ਥਾਵਾਂ ਦੀ ਸੈਰ ਕੀਤੀ ਤੇ ਮੁਲਾਂਕਣ ਕੀਤਾ ਹੈ, ਜਿਨ੍ਹਾਂ ਵਿੱਚ ਫਿਲਮ ਸਿਟੀ ਹੈਦਰਾਬਾਦ, ਮਸੂਰੀ ਅਤੇ ਜੰਮੂ ‘ਤੇ ਕਸ਼ਮੀਰ ਬਾਰੇ ਲਿਖਿਆ ਹੈ।
ਸੰਗੀਤ ਦੇ ਰੂਹ ਦੀ ਖ਼ੁਰਾਕ ਤੋਂ ਵਿਓਪਾਰ ਤੱਕ ਪਹੁੰਚਣ ਦਾ ਸਫਰ ਵੀ ਦੱਸਿਆ ਹੈ। ‘ਮੇਰਾ ਜੀਵਨ ਮੇਰਾ ਅਨੁਭਵ’ ਚੈਪਟਰ ਵਿੱਚ ਲੋਕਾਂ ਨੂੰ ਜੀਵਨ ਜਿਉਣ ਦੀ ਜਾਚ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਹੈ। ਜੇਕਰ ਲੋਕ ਜੀਵਨ ਜਾਚ ਦੇ ਇਨ੍ਹਾਂ ਢੰਗਾਂ ‘ਤੇ ਅਮਲ ਕਰ ਲੈਣ ਤਾਂ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਇਹ ਚੈਪਟਰ ਸਭ ਤੋਂ ਵੱਡਾ ਤੇ ਸਭ ਤੋਂ ਮਹੱਤਵਪੂਰਨ ਹੈ। ਨਿਸ਼ਾਨਾ ਨਿਸਚਤ ਕਰਨਾ, ਮਿਹਨਤ ਕਰਨੀ, ਖ਼ੁਸ਼ ਰਹਿਣਾ, ਪੁਸਤਕਾਂ ਪੜ੍ਹਨੀਆਂ, ਹੌਸਲਾ ਨਾ ਹਾਰਨਾ, ਚੁਣੌਤੀ ਦਾ ਮੁਕਾਬਲਾ ਕਰਨਾ, ਰੁਝੇਵੇਂ ਰੱਖਣਾ, ਸੰਤੁਸ਼ਟ ਰਹਿਣਾ, ਕਿਸੇ ਦੀ ਸਫਲਤਾ ਤੇ ਖੁੰਦਕ ਨਾ ਖਾਣਾ, ਗਿਣਤੀ ਨਾਲੋਂ ਗੁਣਵਤਾ ਰੱਖਣਾ, ਸੰਗੀਤ ਸੁਣਨਾ, ਸਪਨੇ ਸਿਰਜਣਾ, ਪ੍ਰਤੀਕਰਮ ਨਾ ਦੇਣਾ, ਕਸਰਤ ਕਰਨਾ, ਬਹੁਤਾ ਸੋਚਣਾ ਨਾ, ਲੋਕਾਂ ਦੇ ਗੁਣਾਂ ਦੀ ਪ੍ਰਸੰਸਾ ਕਰਨਾ, ਸ਼ਾਂਤ ਰਹਿਣਾ, ਜਦੋਜਹਿਦ ਕਰਦੇ ਰਹਿਣਾ, ਗ਼ਲਤ ਨੂੰ ਸਹੀ ਨਾ ਕਹਿਣਾ, ਸਹੀ ਨੂੰ ਗ਼ਲਤ ਨਾ ਕਹਿਣਾ ਅਤੇ ਝੂਠ ਨਾ ਬੋਲਣਾ ਵਰਗੇ ਨੁਕਤਿਆਂ ਤੇ ਅਮਲ ਕਰਨ ਨਾਲ ਸਫਲਤਾ ਪੈਰ ਚੁੰਮੇਗੀ। ਬਚਪਨ ਦੀਆਂ ਯਾਦਾਂ, ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਮਿਹਨਤ ਦੇ ਨਤੀਜੇ ਦੇ ਸਿੱਟੇ ਵਜੋਂ ਹੋਣੀਆਂ ਨੌਜਵਾਨੀ ਲਈ ਰਾਹ ਦਸੇਰਾ ਬਣਨਗੀਆਂ। ਯੂਨੀਵਰਸਿਟੀਆਂ ਦੀਆਂ ਸਿਆਸਤਾਂ ਵਿਦਿਆਰਥੀਆਂ ਦੀ ਕਾਬਲੀਅਤ ਦੀ ਬਲੀ ਦੇ ਦਿੰਦੀਆਂ ਹਨ। ਮੈਰਿਟ ਅਣਡਿਠ ਨਹੀਂ ਕੀਤੀ ਜਾ ਸਕਦੀ ਭਾਵੇਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਫ਼ਤਰਾਂ ਦੇ ਅਧਿਕਾਰੀਆਂ ਅਤੇ ਬਾਬੂਆਂ ਦੀਆਂ ਕਿੜਾਂ ਕੱਢਣ ਦੀਆਂ ਰੁਚੀਆਂ ਬਾਰੇ ਵੀ ਲਿਖਿਆ। ਪਹਿਲਾਂ ਪ੍ਰਾਈਵੇਟ ਕਾਲਜਾਂ ਵਿੱਚ ਨੌਕਰੀ ਕੀਤੀ ਤੇ ਫਿਰ ਸਰਕਾਰੀ ਕਾਲਜਾਂ ਵਿੱਚ।
ਨੌਕਰੀ ਸਮੇਂ ਬਦਲੀਆਂ ਦੀ ਸਿਆਸਤ ਬਾਰੇ ਵੀ ਜਾਣਕਾਰੀ ਦਿੱਤੀ ਗਈ, ਕਿਸ ਪ੍ਰਕਾਰ ਪਹਿਲੇ ਦਰਜੇ ‘ਤੇ ਆਉਣ ‘ਤੇ ਵੀ ਬਦਲੀਆਂ ਸਮੇਂ ਸਿਆਸਤ ਚਲਦੀ ਰਹੀ। 1987 ਵਿੱਚ ਜਲੰਧਰ ਬਦਲਕੇ ਆਇਆ ਤੇ ਫਿਰ ਦੂਰਦਰਸ਼ਨ ਦਾ ਰਾਹ ਖੁਲਿ੍ਹਆ। ਪਹਿਲਾਂ ਪੋਜੇਵਾਲ ਤੇ ਫਿਰ 1993 ਵਿੱਚ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿੱਚ ਨੌਕਰੀ ਜਾਇਨ ਕੀਤੀ। ਨੌਕਰੀ ਵਿੱਚ ਹੀ ਦੂਰਦਰਸ਼ਨ ਸੰਬੰਧੀ ‘ਟੈਲੀਵਿਜ਼ਨ ਸਮੀਖਿਆ ਕਾਲਮ’ ਲਿਖਣ ਦਾ ਕੰਮ ਸ਼ੁਰੂ ਹੋਇਆ ਤੇ ਫਿਰ ਆਪਣੀ ਮਿਹਨਤ ਨਾਲ ਨਵੇਂ ਖੇਤਰ ਵਿੱਚ ਵੀ ਅਜਿਹਾ ਨਾਮਣਾ ਖੱਟਿਆ, ਜਿਸਨੇ ਦੇਸ਼ ਵਿਦੇਸ਼ ਵਿੱਚ ਪਹਿਚਾਣ ਬਣਾ ਦਿੱਤੀ। ਇਸ ਦਾ ਅਰਥ ਇਹ ਹੈ ਕਿ ਕੰਮ ਭਾਵੇਂ ਕੋਈ ਵੀ ਹੋਵੇ ਪ੍ਰੋ.ਕੁਲਬੀਰ ਸਿੰਘ ਦੀ ਤਰ੍ਹਾਂ ਮਿਹਨਤ, ਦਿਆਨਤਦਾਰੀ, ਲਗਨ ਤੇ ਦ੍ਰਿੜ੍ਹਤਾ ਵਰਗੀਆਂ ਆਦਤਾਂ ਹੋਣ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਟੈਲੀਵਿਜ਼ਨ ਦੀ ਸਮੀਖਿਆ ਨੇ ਇਨ੍ਹਾਂ ਅਦਾਰਿਆਂ ਨਾਲ ਸੰਬੰਧਤ ਸੈਮੀਨਾਰ, ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸਾਂ ਆਯੋਜਤ ਕਰਨ, ਗਲੋਬਲ ਮੀਡੀਆ ਅਕੈਡਮੀ ਦੀ ਸਥਾਪਨਾ ਤੇ ਚੇਅਰਮੈਨੀ ਕਰਨ ਦਾ ਇਤਫਾਕ ਬਣਿਆਂ, ਜਿਸਨੇ ਅਧਿਆਪਕ ਦੀ ਪਹਿਚਾਣ ਨੂੰ ਮੀਡੀਆ ਆਲੋਚਕ ਵਿੱਚ ਬਦਲਕੇ ਸੰਸਾਰ ਵਿੱਚ ਨਾਮ ਚਮਕਣ ਲਾ ਦਿੱਤਾ। ਇਹ ਤਾਂ ਹੀ ਸੰਭਵ ਹੋਇਆ ਜੇਕਰ ਸਹੀ ਤੱਥਾਂ ਅਤੇ ਸਬੂਤਾਂ ਸਮੇਤ ਸਮੀਖਿਆ ਕੀਤੀ ਗਈ। ਸਚਾਈ ਦਾ ਪੱਲਾ ਫੜੀ ਰੱਖਿਆ।
ਪਾਠਕਾਂ ਨੂੰ ਗ਼ਲਤ ਰਾਹ ਪੈਣ ਤੋਂ ਵਰਜਿਆ। ਕਾਲਮਨਵੀਸੀ ਨੇ ਨਵੇਂ ਰਾਹ ਖੋਲ੍ਹੇ, ਜਿਸ ਕਰਕੇ ਖੋਜ ਪੇਪਰ ਲਿਖੇ ਅਤੇ ਛਪਵਾਏ ਗਏ, ਜੋ ਇਤਿਹਾਸ ਦਾ ਹਿੱਸਾ ਬਣੇ। 2000 ਲੇਖ ਵੱਖ-ਵੱਖ ਅਖ਼ਬਾਰਾਂ ਦਾ ਸ਼ਿੰਗਾਰ ਬਣੇ। ਪੱਤਰਕਾਰਤਾ, ਸਾਹਿਤਕ, ਸਮਾਜਿਕ, ਸਿਖਿਆ ਅਤੇ ਸਮੀਖਿਆ ਖੇਤਰ ਦੀਆਂ ਵੱਡੀਆਂ ਹਸਤੀਆਂ ਨਾਲ ਤਾਲ ਮੇਲ ਦੇ ਮੌਕੇ ਮਿਲੇ। ਦੇਸ਼-ਵਿਦੇਸ਼ ਵਿੱਚ ਵਿਚਰਣ ਦੇ ਮੌਕੇ ਮਿਲਦੇ ਰਹੇ। ਇਹ ਸਾਰਾ ਕੁਝ ਪਤਨੀ ਪ੍ਰੋਂ ਕਵਲਜੀਤ ਕੌਰ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ। ਇਸ ਸਵੈ-ਜੀਵਨੀ ਤੋਂ ਇਹ ਇਹ ਸਿਖਿਆ ਮਿਲਦੀ ਹੈ ਕਿ ਕਦੀ ਕਿਸੇ ਕੰਮ ਨੂੰ ਔਖਾਂ ਜਾਂ ਨਵਾਂ ਸਮਝ ਕੇ ਇਨਕਾਰ ਨਾ ਕਰੋ, ਸਗੋਂ ਹੋਰ ਕਈ ਨਵੇਂ ਰਾਹ ਖੁਲ੍ਹ ਸਕਦੇ ਹਨ। ਵੱਡੇ ਸਾਹਿਤਕਾਰਾਂ, ਕਲਾਕਾਰਾਂ ਅਤੇ ਸੰਗੀਤਕਾਰਾਂ ਨਾਲ ਬਤੌਰ ਐਂਕਰ ਇੰਟਰਵਿਊ ਕੀਤੀਆਂ, ਜਿਨ੍ਹਾਂ ਨੇ ਨਵੇਂ ਦਿਸਹੱਦੇ ਬਣਾਏ ਪ੍ਰੰਤੂ ਜਾਬਤੇ ਵਿੱਚ ਰਹਿਣ ਦਾ ਬਲ ਬਖ਼ਸ਼ਿਆ। ‘ ਇੱਕ ਖ਼ਬਰ:ਇੱਕ ਨਜ਼ਰ’ ਲੰਬਾ ਸਮਾਂ ਵੱਖ-ਵੱਖ ਪੱਤਰਕਾਰਾਂ ਨਾਲ ਐਂਕਰ ਦੇ ਤੌਰ ‘ਤੇ ਕੰਮ ਕੀਤਾ, ਜਿਸਦੇ ਤਜ਼ਰਬਿਆਂ ਨੇ ਗਿਆਨ ਵਿਸ਼ਾਲ ਕੀਤਾ।
ਮੁਲਾਕਾਤਾਂ ਵਿੱਚ ਹਿੱਸਾ ਲੈਣ ਵਾਲਿਆਂ ਲਈ ਸਮੇਂ ਦੀ ਪਾਬੰਦੀ ਵੀ ਅਹਿਮੀਅਤ ਰੱਖਦੀ ਹੈ। ਕਈ ਸੰਜੀਦਾ ਵੀ ਨਹੀਂ ਹੁੰਦੇ, ਜਿਸ ਕਰਕੇ ਅਦਾਰੇ ਦੇ ਵਕਾਰ ਤੇ ਸੱਟ ਵੱਜਦੀ ਹੈ। ਇਨ੍ਹਾਂ ਇੰਟਰਵਿਊ ਨਾਲ ਮਾਹਿਰਾਂ ਦੀਆਂ ਦਿਲਚਸਪ ਪ੍ਰਾਪਤੀਆਂ ਦਾ ਪਤਾ ਲੱਗਾ ਤੇ ਪੁਸਤਕਾਂ ਪੜ੍ਹਨ ਵਿੱਚ ਦਿਲਚਸਪੀ ਬਣੀ ਰਹੀ। ਇਨ੍ਹਾਂ ਇੰਟਰਵਿਊ ਲਈ ਤਿਆਰੀ ਕਰਨ ਨਾਲ ਗਿਆਨ ਵਿੱਚ ਚੋਖਾ ਵਾਧਾ ਹੋਇਆ। ਜਲੰਧਰ ਦੂਰਦਰਸ਼ਨ ਵਿੱਚ ਪੰਜਾਬੀ ਦੇ ਚਾਹੁਣ ਵਾਲੇ ਕਈ ਨਿਰਦੇਸ਼ਕਾਂ ਨੇ ਪੰਜਾਬੀ ਦੀ ਪ੍ਰਫੁਲਤਾ ਲਈ ਪ੍ਰੋਗਰਾਮ ਉਲੀਕੇ। ਭਾਵੇਂ ਪ੍ਰੋ.ਕੁਲਬੀਰ ਸਿੰਘ ਨੂੰ ਇੱਕ ਦਰਜਨ ਮਾਨ ਸਨਮਾਨ ਵੀ ਮਿਲੇ ਪ੍ਰੰਤੂ ਉਨ੍ਹਾਂ ਭਾਸ਼ਾ ਵਿਭਾਗ ਦੇ ਸਨਮਾਨਾ ਲਈ ਸਿਫ਼ਾਰਸ਼ ਦਾ ਹੋਣਾ ਜ਼ਰੂਰੀ ਕਿਹਾ ਹੈ ਕਿਉਂਕਿ ਉਥੇ ਕਾਬਲੀਅਤ ਅਣਡਿਠ ਕੀਤੀ ਜਾਂਦੀ ਹੈ। ਉਨ੍ਹਾਂ ਦੂਰਦਰਸ਼ਨ ਅਤੇ ਰੇਡੀਓ ਦੇ ਪ੍ਰੋਗਰਾਮਾ ਅਤੇ ਐਂਕਰਾਂ ਦੀ ਕਾਰਗੁਜ਼ਾਰੀ ਵਿੱਚ ਆਈ ਗਿਰਾਵਟ ਤੇ ਚਿੰਤਾ ਪ੍ਰਗਟ ਕੀਤੀ ਹੈ। ਦੂਰਦਰਸ਼ਨ ਦੇ ਪ੍ਰੋਗਰਾਮਾ ਵਿੱਚ ਸਾਹਿਤ ਤੇ ਸੰਗੀਤ ਸੰਬੰਧੀ ਕੋਈ ਪ੍ਰੋਗਰਾਮ ਨਹੀਂ ਜਦੋਂ ਕਿ ਸਾਹਿਤ ਤੇ ਸੰਗੀਤ ਰੂਹ ਦੀ ਖੁਰਾਕ ਹੁੰਦੇ ਹਨ। ਅਜੋਕੇ ਸਮੇਂ ਟੈਲੀਵਿਜ਼ਨ ਦੇ ਪ੍ਰੋਗਰਾਮਾ ਦੀ ਗੁਣਵਤਾ ਦੀ ਥਾਂ ਗਿਣਤੀ ਤੇ ਜ਼ੋਰ ਹੈ।
ਪ੍ਰੋਗਰਾਮ ਟੀ.ਆਰ.ਪੀ.ਲੈਣ ਦੇ ਮੰਤਵ ਨਾਲ ਉਲੀਕੇ ਜਾਂਦੇ ਹਨ। ਡਿਸਕਵਰੀ ਚੈਨਲ ਬਹੁਤ ਹੀ ਲਾਭਦਾਇਕ ਹਨ। ਵਿਦੇਸ਼ਾਂ ਵਿੱਚ ਪੰਜਾਬੀ ਦੀ ਬੱਲੇ-ਬੱਲੇ ਹੈ। ਪਰਵਾਸੀ ਪੰਜਾਬੀ ਮੀਡੀਆ ਦਾ ਯੋਗਦਾਨ ਵਰਣਨਯੋਗ ਹੈ। ਸੁਚਾਰੂ ਜ਼ਿੰਦਗੀ ਜਿਓਣ ਲਈ ਮਨ ਦੀ ਸ਼ਾਂਤੀ ਜ਼ਰੂਰੀ ਤੇ ਨਾਲ ਹੀ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਤਾਕੀਦ ਵੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਖੇਡਾਂ ਦੀ ਸਰਪ੍ਰਸਤੀ ਤੋਂ ਪਾਸਾ ਵੱਟਣ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਲਾਕ ਡਾਊਨ ਦੇ ਲਾਭ ਤੇ ਨੁਕਸਾਨ ਵੀ ਦੱਸੇ ਗਏ ਹਨ। ਉਨ੍ਹਾਂ ਉਸ ਸਮੇਂ ਦੌਰਾਨ 4 ਪੁਸਤਕਾਂ ‘ਤੇ ਕੰਮ ਕੀਤਾ।Êਪ੍ਰੋ.ਕੁਲਬੀਰ ਸਿੰਘ ਨੇ ਵਿਰਾਸਤੀ ਘਰਾਂ ਅਤੇ ਕਾਰਾਂ ਦੇ ਆਪਣੇ ਸ਼ੌਕ ਬਾਰੇ ਬਾਖ਼ੂਬੀ ਵਰਣਨ ਕੀਤਾ ਹੈ, ਜਿਸ ਤੋਂ ਸਬਕ ਮਿਲਦਾ ਹੈ ਕਿ ਜ਼ਿੰਦਗੀ ਦਾ ਲੁਤਫ਼ ਲੈਣਾ ਚਾਹੀਦਾ ਹੈ। ਕੁਲਬੀਰ ਸਿੰਘ ਦਾ ਜਨਮ 15 ਜਨਵਰੀ 1957 ਨੂੰ ਚਾਨਣ ਸਿੰਘ ਦੇ ਘਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਛੱਜਲਵੱਡੀ ਵਿੱਚ ਹੋਇਆ। ਬਚਪਨ ਵਿੱਚ ਹੀ ਮਾਂ ਸਵਰਗ ਸਿਧਾਰ ਗਈ ਸੀ। ਮੁੱਢਲੀ ਪੜ੍ਹਾਈ ਦਸਵੀਂ ਤੱਕ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਬੀ.ਏ. ਮੋਦੀ ਕਾਲਜ ਪਟਿਆਲਾ ਤੋਂ ਐਮ.ਏ.ਪੰਜਾਬੀ ਆਨਰਜ਼ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਸਟ ਆ ਕੇ ਗੋਲਡ ਮੈਡਲ ਨਾਲ 1979 ਵਿੱਚ ਪਾਸ ਕੀਤੀ। ਐਮ.ਫਿਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇੱਕ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। 288 ਪੰਨਿਆਂ, 200 ਰੁਪਏ ਭਾਰਤੀ ਅਤੇ 5 ਸ਼Çਲੰਗ ਕੀਮਤ ਵਾਲੀ ਇਹ ਪੁਸਤਕ ਕੈਫ਼ੇ ਵਰਲਡ ਬਠਿੰਡਾ ਅਤੇ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਉਜਾਗਰ ਸਿੰਘ
ਮੋਬਾਈਲ-94178 13072
ujagarsingh48@yahoo.com