ਇਸ ਸਾਲ ਭਾਰਤੀ ਸਟੇਟ ਬੈਂਕ 18,000 ਕਰੇਗਾ ਭਰਤੀਆਂ

ਨਵੀਂ ਦਿੱਲੀ, 5 ਮਈ – ਭਾਰਤੀ ਸਟੇਟ ਬੈਂਕ ਨੇ ਵਿੱਤੀ ਸਾਲ 2025-26 ‘ਚ ਲਗਪਗ 18,000 ਨਵੀਆਂ ਭਰਤੀਆਂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ 13,500 ਤੋਂ 14,000 ਪੋਸਟਾਂ ਕਲਰਕਾਂ ਦੀਆਂ ਹੋਣਗੀਆਂ ਤੇ ਲਗਪਗ 3,000 ਪੋਸਟਾਂ ਅਧਿਕਾਰੀ ਪੱਧਰ ਦੀਆਂ ਹੋਣਗੀਆਂ। ਬੈਂਕ ਦੇ ਚੇਅਰਮੈਨ ਸੀ.ਐਸ. ਸ਼ੈੱਟੀ ਨੇ ਸ਼ਨਿਚਰਵਾਰ ਨੂੰ ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਦੇ ਨਤੀਜੇ ਪੇਸ਼ ਕਰਦੇ ਹੋਏ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਐੱਸਬੀਆਈ ਨੇ ਵਿੱਤੀ ਸਾਲ 2024-25 ‘ਚ ਇਕ ਲੱਖ ਕਰੋੜ ਰੁਪਏ ਤੋਂ ਵੱਧ ਸੰਚਾਲਨ ਲਾਭ ਹਾਸਲ ਕੀਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 17.89 ਫੀਸਦ ਵੱਧ ਹੈ। ਬੈਂਕ ਵਿਚ ਜਮ੍ਹਾਂ ਰਕਮ 53 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਸਮੇਂ ਦੌਰਾਨ, ਬੈਂਕ ਦਾ ਐੱਨਪੀਏ ਅਨੁਪਾਤ 1.82 ਫੀਸਦ ਅਤੇ ਕੁੱਲ ਐੱਨਪੀਏ 0.47 ਫੀਸਦ ਰਿਹਾ ਹੈ।

ਭਰਤੀ ‘ਚ ਲਗਪਗ 1,600 ਪੋਸਟਾਂ ਸਿਸਟਮ ਅਧਿਕਾਰੀਆਂ ਦੀਆਂ ਹੋਣਗੀਆਂ। ਪਿਛਲੇ ਇਕ ਦਹਾਕੇ ‘ਚ ਸਟੇਟ ਬੈਂਕ ਵੱਲੋਂ ਇਹ ਸਭ ਤੋਂ ਵੱਡੀ ਭਰਤੀ ਹੋਣ ਜਾ ਰਹੀ ਹੈ। ਸ਼ੈੱਟੀ ਨੇ ਕਿਹਾ, ‘ਅਸੀਂ ਆਪਣੀ ਤਕਨੀਕੀ ਸਮਰੱਥਾ ਨੂੰ ਨਵੇਂ ਪੱਧਰ ‘ਤੇ ਲੈ ਜਾਣ ਵਾਲੇ ਹਾਂ ਤੇ ਇਸ ਲਈ ਇਸ ਵਾਰੀ ਦੀ ਭਰਤੀ ‘ਚ ਲਗਪਗ 1,600 ਪੋਸਟਾਂ ਸਿਸਟਮ ਅਧਿਕਾਰੀਆਂ ਦੀਆਂ ਹੋਣਗੀਆਂ।’ ਸਿਸਟਮ ਅਧਿਕਾਰੀਆਂ ਦੀ ਭਰਤੀ ਵੀ ਇਸ ਦਹਾਕੇ ‘ਚ ਸਭ ਤੋਂ ਵੱਡੀ ਗਿਣਤੀ ਹੈ।

ਸਟੇਟ ਬੈਂਕ ਦੇ ਚੇਅਰਮੈਨ ਨੇ ਕਿਹਾ ਕਿ ਸਾਡੀ ਇਹ ਭਰਤੀ ਯੋਜਨਾ, ਬੈਂਕਿੰਗ ‘ਚ ਤਕਨੀਕੀ ਤਬਦੀਲੀਆਂ ਨੂੰ ਹੋਰ ਡੂੰਘਾਈ ‘ਚ ਲੈ ਜਾਣ ਦੀ ਕੋਸ਼ਿਸ਼ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਤਕਨੀਕ ਅਧਾਰਿਤ ਮਾਰਗ ‘ਤੇ ਅੱਗੇ ਵਧਣ ‘ਚ ਬੈਂਕ ਖਰਚ ਨੂੰ ਰੁਕਾਵਟ ਨਹੀਂ ਬਣਨ ਦੇਵੇਗਾ। ਹਾਲਾਂਕਿ, ਉਨ੍ਹਾਂ ਤਕਨੀਕੀ ਤਬਦੀਲੀਆਂ ਲਈ ਕੀਤੇ ਜਾਣ ਵਾਲੇ ਨਿਵੇਸ਼ ਦੀ ਰਕਮ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਸਪੱਸ਼ਟ ਕੀਤਾ ਕਿ ਬੈਂਕ ਦੀ ਤਕਨੀਕੀ ਸਮਰੱਥਾ ਲਈ ਨਿਵੇਸ਼ ਕਰਨ ‘ਚ ਪੈਸੇ ਦੀ ਘਾਟ ਕਦੇ ਵੀ ਰੁਕਾਵਟ ਨਹੀਂ ਬਣੀ।

ਸਾਂਝਾ ਕਰੋ

ਪੜ੍ਹੋ