
ਐ ਕਵੀ! ਤੂੰ ਨਜ਼ਮ ਲਿਖ ਉਹਦੀ,
ਜੋ ਸੜਕ ‘ਤੇ ਪਿਆ,
ਰੋ ਰਿਹਾ ਹੈ,
ਕੁਰਲਾ ਰਿਹਾ ਹੈ,
ਮਾਂ ਨੂੰ ਯਾਦ ਕਰ ਰਿਹਾ ਹੈ,
ਐ ਕਵੀ! ਤੂੰ ਨਜ਼ਮ ਲਿਖ।
——————0——————
ਐ ਕਵੀ! ਤੂੰ ਨਜ਼ਮ ਨਾ ਲਿਖ,
ਉਹਦੀਆਂ ਨੰਗੀਆਂ ਲੱਤਾਂ ਦੀ,
ਖ਼ੂਬਸੂਰਤ ਅੱਖਾਂ ਦੀ,
ਪਿਆਰੇ ਮੁਖੜੇ ਦੀ,
ਜਿਹੜਾ ਹੰਕਾਰ ਨਾਲ ਭਰਿਆ,
ਜਿਹੜਾ ਸ਼ਿੰਗਾਰ ਨਾਲ ਭਰਿਆ,
ਐ ਕਵੀ! ਤੂੰ ਨਜ਼ਮ ਨਾ ਲਿਖ।
——————0——————
ਐ ਕਵੀ! ਤੂੰ ਨਜ਼ਮ ਲਿਖ,
ਸ਼ਤੀਰੀਂ ਜੱਫਾ ਪਾਏ,
ਕਿਸਾਨ ਦੀ,
ਮਜ਼ਦੂਰ ਦੀ,
ਜਿਹੜਾ ਕਰਜ਼ ‘ਚ ਡੁੱਬਿਆ,
ਜਿਹੜਾ ਦਿਨੇਂ ਰਾਤੀਂ ਲਏ,
ਭੁੱਖ-ਦੁੱਖ ਦੇ ਸੁਪਨੇ,
ਜਿਹੜਾ ਚਾਹਤ ਦਾ ਮਾਰਿਆ,
ਸਵੈ-ਇਛਕ-ਆਤਮ ਨਿਰਣੈ ਦਾ,
ਅਧਿਕਾਰ ਗੁਆ ਬੈਠਾ,
2+2=4 ਦੇ ਸਿਧਾਂਤ ਨੂੰ
ਪਿੱਠ ਵਿਖਾ ਬੈਠਾ
ਐ ਕਵੀ! ਤੂੰ ਨਜ਼ਮ ਲਿਖ।
——————0——————
ਐ ਕਵੀ! ਤੂੰ ਨਜ਼ਮ ਨਾ ਲਿਖ।
ਉਸ ਅਸਭਿਆ ਅੱਖੜ ਮਨੁੱਖ ਦੀ,
ਕਮੀਨੇ, ਸਨਕੀ, ਪਾਗਲ ਬੰਦੇ ਦੀ,
ਜੋ ਦੂਜਿਆਂ ਦੀ ਵੋਟ ਹਥਿਆਏ,
ਪੰਜ ਸਾਲ ਉਹਨਾ ਦੇ ਹੱਥ ਨਾ ਆਏ,
“ਕਾਨੂੰਨ ਦੇ ਘਰ” ਬੈਠ,
ਲੋਕ-ਵਿਰੋਧੀ ਕਾਨੂੰਨ ਬਣਾਏ,
ਸਟੇਜਾਂ ‘ਤੇ ਚੜ੍ਹ,
ਮਿੱਠੇ ਬੋਲ ਬੋਲਕੇ,
ਲੋਕਾਂ ਨੂੰ ਭਰਮਾਏ,
ਐ ਕਵੀ! ਤੂੰ ਨਜ਼ਮ ਨਾ ਲਿਖ।
——————0——————
ਐ ਕਵੀ! ਤੂੰ ਨਜ਼ਮ ਲਿਖ,
ਉਸ ਬੋਟ ਦੀ,
ਗਰਭ ‘ਚ ਜੋ,
ਮੁਕਾ ਦਿੱਤਾ ਗਿਆ,
ਜਨਮ ਤੋਂ ਪਹਿਲਾਂ ਹੀ,
ਜਿਸਦਾ ਭੋਗ ਪਾ ਦਿੱਤਾ ਗਿਆ।
ਮਸੂਮ ਜ਼ਿੰਦ ਜੀਹਨੇ,
ਧੀ ਬਨਣਾ ਸੀ,
ਬਨਣਾ ਸੀ ਰਾਣੀ ਝਾਂਸੀ।
ਮਾਂ ਬਨਣਾ ਸੀ,
ਬਨਣਾ ਸੀ ਮਾਈ ਭਾਗੋ।
ਭੈਣ ਬਨਣਾ ਸੀ,
ਬਨਣਾ ਸੀ ਬੀਬੀ ਨਾਨਕੀ,
ਬਨਣਾ ਸੀ ਸਨੁੱਖੀ ਮੁਟਿਆਰ,
ਲੈਣਾ ਸੀ ਸਭ ਦਾ ਪਿਆਰ,
ਐ ਕਵੀ! ਤੂੰ ਨਜ਼ਮ ਲਿਖ।
——————0——————
ਐ ਕਵੀ! ਤੂੰ ਨਜ਼ਮ ਨਾ ਲਿਖ,
ਨਾ-ਚੰਗੇ, ਨਾ-ਬੁਰੇ ਬੰਦੇ ਦੀ,
ਨਾ-ਬਾਦਸ਼ਾਹ,
ਨਾ ਭਲੇਮਾਣਸ ਬੰਦੇ ਦੀ,
ਨਾ-ਹੀਰੋ,
ਨਾ ਅਨੈਤਿਕ ਬੰਦੇ ਦੀ,
ਜਿਹਦੇ ਲਈ ਜ਼ਿੰਦਗੀ ਦੇ,
ਅਰਥ ਕੁਝ ਵੀ ਨਹੀਂ,
ਜੋ ਬੱਸ ਸੌਂਦਾ ਹੈ, ਜਾਗਦਾ ਹੈ,
ਖਾਂਦਾ ਹੈ, ਕੀੜੇ ਦੀ ਤਰ੍ਹਾਂ,
ਪਰਜੀਵੀ ਹੈ, ਅਸ਼ਲੀਲ ਹੈ,
ਸਫ਼ੈਦਪੋਸ਼ ਹੈ,
ਜੋ ਸਿਰਫ਼ ਮੂਰਖ਼ ਹੈ,
ਜੋ ਆਪਣੇ ਆਪ ਨੂੰ,
ਉਚਤਮ ਤੇ ਸਰਵੋਤਮ ਹੋਣ ਦਾ,
ਭਰਮ ਪਾਲਦਾ ਹੈ,
ਐ ਕਵੀ! ਤੂੰ ਨਜ਼ਮ ਨਾ ਲਿਖ।
——————0——————
ਐ ਕਵੀ! ਤੂੰ ਨਜ਼ਮ ਲਿਖ,
ਉਸ ਔਰਤ ਦੀ,
ਜਿਹਨੂੰ ਜਨਮ ਭਰ ਮਰਦ ਹੰਡਾਉਂਦਾ ਹੈ,
ਜਿਸਦੀ ਸੋਚ
ਜਿਸਦਾ ਜਿਸਮ,
ਜਿਸਦੇ ਜਜ਼ਬਾਤ,
ਜੀਵਨ ਭਰ ਮਰਦ,
ਆਪਣਾ ਲੇਖੇ ਲਾਉਂਦਾ ਹੈ,
ਜਿਸਦੀ ਕੋਈ ਇੱਛਾ ਨਹੀਂ ਹੁੰਦੀ,
ਜੋ ਫ਼ਿਕਰਾਂ ਨਾਲ ਲੱਦੀ,
ਜੀਵਨ ਗੁਜਾਰਦੀ ਹੈ,
ਬੱਚੇ ਜਣਦੀ ਹੈ,
ਮਾਪਿਆਂ ਦਾ ਦਿੱਤਾ ਬਾਲਣ,
ਮੁਰਦਾ ਸਰੀਰ ‘ਤੇ ਪਾ,
ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੀ ਹੈ,
ਐ ਕਵੀ! ਤੂੰ ਨਜ਼ਮ ਲਿਖ।
——————0——————
ਐ ਕਵੀ! ਤੂੰ ਨਜ਼ਮ ਨਾ ਲਿਖ,
ਇਕਾਂਤ ਕੈਦ ਦੀ,
ਉਦਾਸ ਵਿਚਾਰਾਂ ਦੀ।
ਅਫ਼ਸੋਸ ਦੀ,
ਡਿੱਗੇ ਹੋਏ ਰੁੱਖ ਦੀ।
ਚਿਮਨੀ ਅੰਦਰ ਜੰਮੀ ਕਾਲਖ਼ ਦੀ,
ਬੁੱਝੇ ਹੋਏ ਲਾਟੂ ਦੀ।
ਬੇਰਹਿਮ ਜੰਗਲ ਦੀ,
ਖ਼ਾਲਮ-ਖਾਲੀ,
ਜੜੋਂ ਸੁਕੇ ਸੁਪਨਿਆਂ ਦੀ,
ਐ ਕਵੀ! ਤੂੰ ਨਜ਼ਮ ਨਾ ਲਿਖ।
——————0——————
ਐ ਕਵੀ! ਤੂੰ ਨਜ਼ਮ ਲਿਖ,
ਚਿੜੀਆਂ ਦੇ ਮਰਨ ਦੀ,
ਗਵਾਰਾਂ ਦੇ ਹਾਸੇ ਦੀ,
ਕਾਲੇ ਦੀ, ਗੋਰੇ ਦੀ,
ਵੀਰਜ ਦੀ ਹਰ ਬੂੰਦ ਦੀ।
ਕੁਆਰ ਭੰਗ ਦੀ,
ਬਲਾਤਕਾਰ ਦੀ।
ਸੋਸ਼ਣ ਦੀ, ਗਰੀਬ ਦੀ,
ਛਲ ਕਪਟ, ਖੇਖਣ ਢੰਭ ਦੀ,
ਹਰ ਨਜ਼ਾਇਜ਼ ਕਾਨੂੰਨ ਦੀ।
ਡੰਗ ਦੀ, ਵਿਅੰਗ ਦੀ,
‘ਕੱਲੇਕਾਰੇ ਹਕੂਮਤ ਦੇ,
ਅਹਿਲਕਾਰ ਦੀ।
ਭੁੱਖ ਦੀ, ਨੰਗੇ ਪਿੰਡੇ ਦੀ,
ਪਾਟੀ ਹੋਈ ਛੱਤ ਦੀ,
ਬੇਰੁਜ਼ਗਾਰੀ ਦੀ,
ਫਿੱਕੀ ਪੈਂਦੀ ਆਸ ਦੀ,
ਡਰੀ ਹੋਈ ਧਰਤ ਦੀ,
ਨੇਰ੍ਹੇ ਅੰਬਰ, ਕਾਲੀ ਰਾਤ ਦੀ।
ਨਾ ਲਿਖ ਨਜ਼ਮ ਹਾਰ ਦੀ,
ਲਿਖ ਨਜ਼ਮ, ਤੇਗ਼ ਦੀ, ਤਲਵਾਰ ਦੀ,
ਤਿੱਖੀ ਧਾਰ ਦੀ!
ਐ ਕਵੀ! ਤੂੰ ਨਜ਼ਮ ਲਿਖ।
ਐ ਕਵੀ! ਤੂੰ ਕਵਿਤਾ ਲਿਖ।
——————0——————
-ਗੁਰਮੀਤ ਸਿੰਘ ਪਲਾਹੀ
-9815802070
-218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ
9 ਦਸੰਬਰ 2021