ਟਰੰਪ ਦੀਆਂ ਧਮਕੀਆਂ ਕੈਨੇਡਾ ਦੇ ਲਿਬਰਲਾਂ ਨੂੰ ਘਿਓ ਵਾਂਗ ਲੱਗੀਆਂ

ਵੈਨਕੂਵਰ, 30 ਅਪ੍ਰੈਲ – ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਹੁਕਮਰਾਨ ਲਿਬਰਲ ਪਾਰਟੀ 343 ਵਿੱਚੋਂ 168 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਲਈ ਲੋੜੀਂਦੀਆਂ 172 ਸੀਟਾਂ ਤੋਂ ਮਹਿਜ਼ 4 ਸੀਟਾਂ ਪਿੱਛੇ ਰਹਿ ਗਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ, ਜਦੋਂਕਿ ਨਿਊ ਡੈਮੋਕਰੇਟਿਕ ਪਾਰਟੀ (ਐੱਨ ਡੀ ਪੀ) ਦੇ ਜਗਮੀਤ ਸਿੰਘ ਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲਿਵਰ ਚੋਣ ਹਾਰ ਗਏ ਹਨ। ਜਗਮੀਤ ਸਿੰਘ ਨੇ ਚੋਣਾਂ ਵਿੱਚ ਲੱਗੇ ਵੱਡੇ ਖੋਰੇ ਅਤੇ ਖੁਦ ਚੋਣ ਨਾ ਜਿੱਤ ਸਕਣ ਕਰਕੇ ਪਾਰਟੀ ਦੀ ਪ੍ਰਧਾਨਗੀ ਛੱਡ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ 2019 ਅਤੇ 2022 ਵਿੱਚ ਵੀ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤੇ ਲਿਬਰਲ ਪਾਰਟੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਐੱਨ ਡੀ ਪੀ ਦੇ ਸਹਿਯੋਗ ਨਾਲ ਸਰਕਾਰ ਚਲਾਉਂਦੀ ਰਹੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੇ ਅਮਰੀਕਾ ਵਿੱਚ ਰਲੇਵੇਂ ਦੀ ਧਮਕੀ ਤੇ ਵਪਾਰਕ ਜੰਗ ਨੇ ਲਿਬਰਲ ਪਾਰਟੀ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਕ ਕਾਰਨੀ ਨੂੰ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਰਤ-ਕੈਨੇਡਾ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਮੌਕੇ ਖੋਲ੍ਹਣ ਦੀ ਉਮੀਦ ਕਰ ਰਹੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲਿਬਰਲ ਪਾਰਟੀ ਨੂੰ ਮਿਲੀ ਜਿੱਤ ਮਗਰੋਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾ ਦੇ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਓਟਵਾ ਵਿੱਚ ਜੇਤੂ ਤਕਰੀਰ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਵਾਸ਼ਿੰਗਟਨ ਦੀਆਂ ਧਮਕੀਆਂ ਦੇ ਸਾਹਮਣੇ ਕੈਨੇਡੀਅਨ ਲੋਕਾਂ ਦੇ ਏਕੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ, ‘ਅਸੀਂ ਅਮਰੀਕੀ ਵਿਸ਼ਵਾਸਘਾਤ ਦੇ ਸਦਮੇ ’ਚੋਂ ਬਾਹਰ ਆ ਗਏ ਹਾਂ, ਪਰ ਸਾਨੂੰ ਕਦੇ ਵੀ ਸਬਕ ਨਹੀਂ ਭੁੱਲਣੇ ਚਾਹੀਦੇ।’ ਕਾਰਨੀ ਨੇ ਕਿਹਾ, ‘ਜਿਵੇਂ ਕਿ ਮੈਂ ਮਹੀਨਿਆਂ ਤੋਂ ਚੇਤਾਵਨੀ ਦੇ ਰਿਹਾ ਹਾਂ, ਅਮਰੀਕਾ ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਪਾਣੀ, ਸਾਡਾ ਦੇਸ਼ ਚਾਹੁੰਦਾ ਹੈ। ਇਹ ਧਮਕੀਆਂ ਕੋਈ ਐਵੇਂ ਹੀ ਨਹੀਂ ਹਨ। ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ। ਇਹ ਕਦੇ ਵੀ ਨਹੀਂ ਹੋਵੇਗਾ, ਪਰ ਸਾਨੂੰ ਇਸ ਹਕੀਕਤ ਨੂੰ ਵੀ ਪਛਾਣਨਾ ਚਾਹੀਦਾ ਹੈ ਕਿ ਸਾਡੀ ਦੁਨੀਆ ਬੁਨਿਆਦੀ ਤੌਰ ’ਤੇ ਬਦਲ ਗਈ ਹੈ।’ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਕਿਹਾ ਕਿ ਉਹ ਚੋਣ ਹਾਰਨ ਦੇ ਬਾਵਜੁਦ ਕੈਨੇਡਾ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ।

ਪੋਲਿਵਰ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘ਅਸੀਂ ਇਸ ਤੱਥ ਤੋਂ ਜਾਣੂ ਹਾਂ ਕਿ ਅਸੀਂ ਅਜੇ ਤੱਕ ਅੰਤਮ ਰੇਖਾ ਨੂੰ ਪਾਰ ਨਹੀਂ ਕੀਤਾ। ਅਸੀਂ ਜਾਣਦੇ ਹਾਂ ਕਿ ਤਬਦੀਲੀ ਦੀ ਲੋੜ ਹੈ, ਪਰ ਤਬਦੀਲੀ ਆਪਣੇ ਆਪ ਨਹੀਂ ਆਉਂਦੀ, ਇਸ ਲਈ ਮਿਹਨਤ ਕਰਨੀ ਪੈਂਦੀ ਹੈ। ਇਸ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਲਈ ਸਾਨੂੰ ਅੱਜ ਰਾਤ ਦੇ ਸਬਕ ਸਿੱਖਣੇ ਪੈਣਗੇ, ਤਾਂ ਜੋ ਅਗਲੀ ਵਾਰ ਜਦੋਂ ਕੈਨੇਡੀਅਨ ਦੇਸ਼ ਦਾ ਭਵਿੱਖ ਤੈਅ ਕਰਨ ਤਾਂ ਅਸੀਂ ਹੋਰ ਵੀ ਵਧੀਆ ਨਤੀਜਾ ਪ੍ਰਾਪਤ ਕਰ ਸਕੀਏ।’ ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਆਖਰੀ ਗੇੜ ਦੀ ਗਿਣਤੀ ਤੋਂ ਪਹਿਲਾਂ ਲਿਬਰਲ 168, ਕੰਜ਼ਰਵੇਟਿਵ 144, ਬਲਾਕ ਕਿਊਬਕਵਾ 23, ਐੱਨ ਡੀ ਪੀ 7 ਅਤੇ ਗਰੀਨ ਪਾਰਟੀ 1 ਸੀਟ ’ਤੇ ਅੱਗੇ ਚੱਲ ਰਹੇ ਸਨ। ਰਾਜਸੀ ਮਾਹਰਾਂ ਮੁਤਾਬਕ ਇਹ ਅੰਕੜੇ ਲਗਭਗ ਅੰਤਮ ਹੀ ਹਨ, ਕਿਉਂਕਿ ਹੁਣ ਇਨ੍ਹਾਂ ਵਿੱਚ ਕੋਈ ਫੇਰਬਦਲ ਹੋਣ ਦੀ ਸੰਭਾਵਨਾ ਨਾਮਾਤਰ ਹੀ ਹੈ।

ਸਰਕਾਰ ਬਣਾਉਣ ਵਿੱਚ ਕਾਮਯਾਬ ਨਾ ਹੋਣ ਦੇ ਬਾਵਜੂਦ ਕੰਜ਼ਰਵੇਟਿਵ ਨੂੰ ਪਿਛਲੀ ਵਾਰ ਤੋਂ 30 ਕੁ ਸੀਟਾਂ ਦਾ ਲਾਭ ਹੋਇਆ ਹੈ। ਲਿਬਰਲ ਪਾਰਟੀ ਨੂੰ 49 ਫੀਸਦੀ, ਜਦਕਿ ਕੰਜ਼ਰਵੇਟਿਵ ਨੂੰ 42.3 ਫੀਸਦੀ ਵੋਟਾਂ ਮਿਲੀਆਂ ਹਨ। ਬਲਾਕ ਕਿਊਬਕਵਾ ਨੂੰ 6.7 ਫੀਸਦੀ, ਜਦਕਿ ਜਗਮੀਤ ਸਿੰਘ ਦੀ ਐੱਨ ਡੀ ਪੀ ਨੂੰ ਸਿਰਫ 2 ਫੀਸਦੀ ਵੋਟ ਹੀ ਮਿਲੇ ਹਨ। ਬਲਾਕ ਕਿਊਬਕਵਾ ਦੇ ਆਗੂ ਈਜ ਫਰਾਸਵਾ ਫਰਾਚੇ ਵੱਡੇ ਫਰਕ ਨਾਲ ਜਿੱਤੇ ਹਨ। ਐੱਨ ਡੀ ਪੀ ਪਿਛਲੀ ਵਾਰ ਦੀਆਂ 24 ਸੀਟਾਂ ਦੇ ਮੁਕਾਬਲੇ ਇਸ ਵਾਰ 7 ਸੀਟਾਂ ’ਤੇ ਸਿਮਟ ਕੇ ਰਹਿ ਗਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਵਾ ਦੇ ਲਾਗਲੇ ਕਸਬੇ ਨੇਪੀਅਰ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਬੀਬੀ ਬਾਰਬਰਾ ਬੱਲ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਬੇਸ਼ੱਕ ਸੱਤਾਧਾਰੀ ਲਿਬਰਲ ਪਾਰਟੀ ਬਹੁਮਤ ਤੋਂ ਥੋੜ੍ਹਾ ਪਿੱਛੇ ਰਹਿ ਗਈ ਹੈ, ਪਰ ਵੱਡੀ ਪਾਰਟੀ ਹੋਣ ਕਰ ਕੇ ਉਸ ਦੇ ਆਗੂ ਮਾਰਕ ਕਾਰਨੀ ਆਪਣੀ ਸਰਕਾਰ ਬਣਾਈ ਰੱਖਣਗੇ। ਉਨ੍ਹਾ ਨੂੰ ਮੁੜ ਸਹੁੰ ਚੁੱਕਣ ਦੀ ਲੋੜ ਨਹੀਂ ਪਏਗੀ। ਸੰਸਦ ਵਿੱਚ ਕੋਈ ਬਿੱਲ ਪਾਸ ਕਰਾਉਣ ਲਈ ਲਿਬਰਲਾਂ ਨੂੰ ਬਹੁਮਤ ਵਾਸਤੇ ਕਿਸੇ ਹੋਰ ਪਾਰਟੀ ਤੋਂ ਸਹਿਯੋਗ ਦੀ ਲੋੜ ਰਹੇਗੀ। ਕੈਨੇਡਾ ਤੋਂ ਵੱਖ ਹੋਣ ਲਈ ਪਿਛਲੇ ਕਈ ਦਹਾਕਿਆਂ ਤੋਂ ਮੰਗ ਕਰ ਰਹੇ ਕਿਊਬਕ ਸੂਬੇ ਦੇ ਲੋਕਾਂ ਨੇ ਐਤਕੀਂ ਲਿਬਰਲ ਦੇ ਪੱਖ ਵਿਚ ਫਤਵਾ ਦਿੱਤਾ ਹੈ। ਕਿਊਬਕ ਵਿੱਚ ਲਿਬਰਲਾਂ ਨੂੰ 42, ਖੇਤਰੀ ਪਾਰਟੀ ਬਲਾਕ ਕਿਊਬਕ ਨੂੰ 23 ਅਤੇ ਕੰਜ਼ਰਵੇਟਿਵਾਂ ਨੂੰ 11 ਸੀਟਾਂ ਮਿਲੀਆਂ ਹਨ।

ਸਾਂਝਾ ਕਰੋ

ਪੜ੍ਹੋ