
ਸ੍ਰੀਨਗਰ, 29 ਅਪ੍ਰੈਲ – ਪਹਿਲਗਾਮ ਅੱਤਵਾਦੀ ਹਮਲੇ ਤੋਂ ਛੇ ਦਿਨ ਬਾਅਦ ਇੱਕ ਵੀਡੀਓ ਅਚਾਨਕ ਵਾਇਰਲ ਹੋਣ ਲੱਗੀ। ਇਸ ਵੀਡੀਓ ਵਿੱਚ ਇੱਕ ਵਿਅਕਤੀ ਇੱਕ ਜ਼ਿਪਲਾਈਨ ਰਾਹੀਂ ਇੱਕ ਮੈਦਾਨੀ ਖੇਤਰ ਵਿੱਚੋਂ ਲੰਘ ਰਿਹਾ ਹੈ ਤੇ ਲੋਕ ਹੇਠਾਂ ਮੈਦਾਨ ਵਿੱਚ ਭੱਜਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਕੁਝ ਲੋਕ ਅਚਾਨਕ ਹੇਠਾਂ ਡਿੱਗਦੇ ਵੀ ਦਿਖਾਈ ਦੇ ਰਹੇ ਹਨ। ਜ਼ਿਪਲਾਈਨ ‘ਤੇ ਸਵਾਰ ਸੈਲਾਨੀ ਦਾ ਨਾਮ ਰਿਸ਼ੀ ਭੱਟ ਹੈ, ਜੋ ਹਮਲੇ ਵਾਲੇ ਦਿਨ ਜ਼ਿਪਲਾਈਨ ਰਾਹੀਂ ਆਪਣੀ ਸਵਾਰੀ ਦੀ ਵੀਡੀਓ ਬਣਾ ਰਿਹਾ ਸੀ ਤੇ ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਇਸ ਦੌਰਾਨ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਰਿਸ਼ੀ ਭੱਟ ਨੇ ਵੀ ਕੇਬਲ ਆਪਰੇਟਰ ‘ਤੇ ਦੋਸ਼ ਲਗਾਏ ਹਨ। ਰਿਸ਼ੀ ਅਨੁਸਾਰ ਜ਼ਿਪਲਾਈਨ ਆਪਰੇਟਰ ਨੇ ਤਿੰਨ ਵਾਰ “ਅੱਲ੍ਹਾ ਹੂ ਅਕਬਰ” ਦਾ ਨਾਅਰਾ ਮਾਰਿਆ, ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ।
ਜ਼ਿਪਲਾਈਨ ਆਪਰੇਟਰ ‘ਤੇ ਸ਼ੱਕ
ਭੱਟ ਜਿਸ ਨੇ ਜ਼ਿਪਲਾਈਨਿੰਗ ਕਰਦੇ ਸਮੇਂ ਵੀਡੀਓ ਰਿਕਾਰਡ ਕੀਤੀ। ਉਸ ਨੂੰ ਸਵਾਰੀ ਦਾ ਆਨੰਦ ਮਾਣਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਪਿੱਛੋ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਇਹ ਵੀਡੀਓ ਘਟਨਾ ਤੋਂ ਛੇ ਦਿਨਾਂ ਬਾਅਦ ਵਾਇਰਲ ਹੋ ਰਹੀ ਹੈ। ਅਹਿਮਦਾਬਾਦ ਵਿੱਚ ਨਿਊਜ਼ ਏਜੰਸੀ ਏਐਨਆਈ ਨਾਲ ਆਪਣੇ ਵਾਇਰਲ ਵੀਡੀਓ ਬਾਰੇ ਗੱਲ ਕਰਦੇ ਹੋਏ ਭੱਟ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕਸ਼ਮੀਰੀ ਜ਼ਿਪਲਾਈਨ ਆਪਰੇਟਰ ਨੇ ਤਿੰਨ ਵਾਰ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਮਾਰਿਆ ਤੇ ਗੋਲੀਬਾਰੀ ਸ਼ੁਰੂ ਹੋ ਗਈ। ਭੱਟ ਨੇ ਕਿਹਾ, ‘ਮੈਨੂੰ ਜ਼ਿਪਲਾਈਨ ਆਪਰੇਟਰ ‘ਤੇ ਸ਼ੱਕ ਹੈ।’
ਮੇਰੇ ਸਾਹਮਣੇ 9 ਲੋਕ ਜ਼ਿਪਲਾਈਨਿੰਗ ਕਰ ਰਹੇ ਸਨ ਪਰ ਆਪਰੇਟਰ ਨੇ ਇੱਕ ਸ਼ਬਦ ਵੀ ਨਹੀਂ ਕਿਹਾ। ਜਦੋਂ ਮੈਂ ਖਿਸਕ ਰਿਹਾ ਸੀ, ਉਹ ਬੋਲਿਆ ਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ ਤਾਂ ਮੈਨੂੰ ਉਸ ਬੰਦੇ ‘ਤੇ ਸ਼ੱਕ ਹੈ। ਉਸ ਨੇ ਤਿੰਨ ਵਾਰ ‘ਅੱਲ੍ਹਾ ਹੂ ਅਕਬਰ’ ਕਿਹਾ ਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ… ਉਹ ਇੱਕ ਆਮ ਕਸ਼ਮੀਰੀ ਵਰਗਾ ਲੱਗ ਰਿਹਾ ਸੀ। ਜਦੋਂ ਮੈਂ ਜ਼ਿਪਲਾਈਨਿੰਗ ਕਰ ਰਿਹਾ ਸੀ ਤਾਂ ਗੋਲੀਬਾਰੀ ਸ਼ੁਰੂ ਹੋ ਗਈ… ਲਗਪਗ 20 ਸਕਿੰਟਾਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਅੱਤਵਾਦੀ ਹਮਲਾ ਸੀ… ਤੇ ਲੋਕ ਜ਼ਮੀਨ ‘ਤੇ ਮਾਰੇ ਜਾ ਰਹੇ ਸਨ ਤੇ ਮੈਂ 5-6 ਲੋਕਾਂ ਨੂੰ ਗੋਲੀਆਂ ਲੱਗਦੇ ਵੀ ਦੇਖਿਆ। ਉਸ ਤੋਂ ਬਾਅਦ ਮੈਂ ਜ਼ਿਪਲਾਈਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਤੇ ਆਪਣੇ ਪਰਿਵਾਰ ਨਾਲ ਭੱਜ ਗਿਆ।
ਹਮਲੇ ਬਾਰੇ ਵਿਸਥਾਰ ‘ਚ ਦੱਸਿਆ ਤੇ ਕਿਹਾ
ਮੈਂ ਆਪਣੀ ਬੈਲਟ ਖੋਲ੍ਹੀ ਤੇ ਹੇਠਾਂ ਛਾਲ ਮਾਰ ਦਿੱਤੀ ਆਪਣੀ ਪਤਨੀ ਤੇ ਪੁੱਤਰ ਨੂੰ ਚੁੱਕ ਕੇ ਭੱਜ ਗਿਆ। ਅਸੀਂ ਲੋਕਾਂ ਨੂੰ ਇੱਕ ਟੋਏ ਵਰਗੀ ਜਗ੍ਹਾ ‘ਤੇ ਲੁਕੇ ਹੋਏ ਦੇਖਿਆ, ਇਸ ਲਈ ਤੁਸੀਂ ਉੱਥੇ ਕਿਸੇ ਨੂੰ ਆਸਾਨੀ ਨਾਲ ਨਹੀਂ ਦੇਖ ਸਕਦੇ ਸੀ। ਅਸੀਂ ਵੀ ਉੱਥੇ ਲੁਕੇ ਹੋਏ ਸੀ।
ਕੌਣ ਹੈ ਰਿਸ਼ੀ ਭੱਟ
ਰਿਸ਼ੀ ਭੱਟ ਅਹਿਮਦਾਬਾਦ ਗੁਜਰਾਤ ਦਾ ਰਹਿਣ ਵਾਲਾ ਹੈ। 22 ਅਪ੍ਰੈਲ ਨੂੰ ਉਹ ਆਪਣੇ ਪਰਿਵਾਰ ਨਾਲ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਸੀ। ਉਸ ਨੂੰ ਪਹਿਲਗਾਮ ਅੱਤਵਾਦੀ ਹਮਲੇ ਦਾ ਪੂਰਾ ਚਸ਼ਮਦੀਦ ਗਵਾਹ ਦੱਸਿਆ ਹੈ। ਭੱਟ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਦੇ ਆਧਾਰ ‘ਤੇ ਨਿਸ਼ਾਨਾ ਬਣਾਇਆ। ਉਸ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਸਾਡੇ ਤੋਂ ਅੱਗੇ ਰਹਿਣ ਵਾਲੇ ਦੋ ਪਰਿਵਾਰਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ ਗਿਆ ਤੇ ਉਨ੍ਹਾਂ ਨੂੰ ਮੇਰੀ ਪਤਨੀ ਤੇ ਪੁੱਤਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਮੇਰੀ ਪਤਨੀ ਤੇ ਪੁੱਤਰ ਚੀਕ ਰਹੇ ਸਨ।
ਭੱਟ ਨੇ ਕਿਹਾ ਕਿ ਗੋਲੀਬਾਰੀ 8-10 ਮਿੰਟ ਤੱਕ ਜਾਰੀ ਰਹੀ ਤੇ ਫਿਰ ਕੁਝ ਦੇਰ ਲਈ ਰੁਕ ਗਈ, ਜਿਸ ਤੋਂ ਬਾਅਦ ਗੋਲੀਬਾਰੀ ਦੁਬਾਰਾ ਸ਼ੁਰੂ ਹੋ ਗਈ। ਗੋਲੀਬਾਰੀ ਫਿਰ ਸ਼ੁਰੂ ਹੋ ਗਈ ਤੇ 4-5 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਉਸ ਨੇ ਕਿਹਾ ਕਿ 15-16 ਸੈਲਾਨੀਆਂ ਨੂੰ ਸਾਡੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਭੱਟ ਨੇ ਕਿਹਾ ਜਦੋਂ ਅਸੀਂ ਗੇਟ ‘ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਸਥਾਨਕ ਲੋਕ ਪਹਿਲਾਂ ਹੀ ਚਲੇ ਗਏ ਸਨ। ਰਿਸ਼ੀ ਭੱਟ ਨੇ ਕਿਹਾ ਕਿ ਫੌਜ 20-25 ਮਿੰਟਾਂ ਵਿੱਚ ਪਹਿਲਗਾਮ ਪਹੁੰਚ ਗਈ। ਫੌਜ ਨੇ 18-20 ਮਿੰਟਾਂ ਅੰਦਰ ਸਾਰੇ ਸੈਲਾਨੀਆਂ ਨੂੰ ਕਵਰ ਪ੍ਰਦਾਨ ਕਰ ਦਿੱਤਾ… ਫੌਜ ਦੁਆਰਾ ਕਵਰ ਕੀਤੇ ਜਾਣ ਤੋਂ ਬਾਅਦ ਅਸੀਂ ਸੁਰੱਖਿਅਤ ਮਹਿਸੂਸ ਕੀਤਾ… ਮੈਂ ਭਾਰਤੀ ਫੌਜ ਦਾ ਧੰਨਵਾਦੀ ਹਾਂ।