ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰ ਅੰਦੋਲਨ ਦੀ ਸ਼ੁਰੂਆਤ/ਡਾ. ਸੰਦੀਪ ਘੰਡ

ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਧਾਰਨਾ ਦੇ ਸੰਸਥਾਪਕਾਂ ’ਚੋਂ ਇੱਕ ਮੰਨਿਆ ਜਾ ਸਕਦਾ ਹੈ। ਗੁਰੂ ਤੇਗ਼ ਬਹਾਦਰ (1621-75) ਨੂੰ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੇ ਇਤਿਹਾਸ ’ਚ ਵਿਲੱਖਣ ਸਥਾਨ ਪ੍ਰਾਪਤ ਹੈ। ਭਾਰਤ ਦੇ ਮੱਧਕਾਲੀ ਇਤਿਹਾਸ ਦੀਆਂ ਘਟਨਾਵਾਂ ਵਿੱਚ ਨਵੰਬਰ 1675 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਉਨ੍ਹਾਂ ਦੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਜਿੱਥੇ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ, ਉਥੇ ਇਨ੍ਹਾਂ ਸ਼ਹਾਦਤਾਂ ਨੂੰ ਮੁਗਲ ਰਾਜ ਦੀ ਦਮਨਕਾਰੀ ਸ਼ਕਤੀ ਦਾ ਵਿਰੋਧ ਕਰਨ ਅਤੇ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰ ਅੰਦੋਲਨ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ।

ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨਾਲ ਭਾਰਤ ਦੇ ਲੋਕ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਏ। ਗੁਰੂ ਤੇਗ ਬਹਾਦਰ ਦਾ ਜਨਮ ਪਹਿਲੀ ਅਪਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਾਤਾ ਦਾ ਨਾਂ ਨਾਨਕੀ ਸੀ। ਉਨ੍ਹਾਂ ਦਾ ਵਿਆਹ ਭਾਈ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਨਾਲ 1634 ਨੂੰ ਹੋਇਆ। ਉਨ੍ਹਾਂ ਨੂੰ ਵਿਆਹ ਤੋ 32 ਸਾਲ ਮਗਰੋਂ ਪੁੱਤ ਦੀ ਦਾਤ ਪ੍ਰਾਪਤ ਹੋਈ। ਉਹ ਆਪਣੇ ਪੁੱਤਰ ਗੋਬਿੰਦ ਰਾਏ ਨੂੰ 5 ਸਾਲ ਬਾਅਦ ਗੁਰੂ ਕੇ ਬਾਗ ਅਸਥਾਨ ’ਤੇ ਪਹਿਲੀ ਵਾਰ ਮਿਲੇ।

ਗੁਰੂ ਤੇਗ ਬਹਾਦਰ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮਤ ਉੱਚੀ ਦੇ ਧਾਰਨੀ ਸਨ। ਇਤਿਹਾਸ ਮੁਤਾਬਕ ਜਦੋਂ ਗੁਰੂ ਤੇਗ ਬਹਾਦਰ ਆਪਣੇ ਪਿਤਾ ਦੇ ਸਾਹਮਣੇ ਬੈਠਦੇ ਤਾਂ ਅੱਖਾਂ ਨੀਵੀਆਂ ਕਰ ਲੈਂਦੇ। ਇਕ ਵਾਰ ਦਰਬਾਰ ਅੰਦਰ ਬੈਠੀ ਸੰਗਤ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੁੱਛਿਆ, ‘ਗੁਰੂ ਜੀ ਕੀ ਆਪ ਦੇ ਲਾਲ ਆਪ ਜੀ ਦੇ ਸਾਹਮਣੇ ਹਮੇਸ਼ਾ ਅੱਖਾਂ ਨੀਵੀਆਂ ਕਰ ਕੇ ਬੈਠ ਜਾਂਦੇ ਹਨ?’ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਤਰ ਦਿੱਤਾ, ‘ਜਿਸ ਨੂੰ ਅੰਦਰ ਦੇ ਸਾਰੇ ਔਗੁਣਾਂ ਦਾ ਪਤਾ ਹੋਵੇ ਉਸ ਦੇ ਸਾਹਮਣੇ ਨੇਤਰ ਨਹੀਂ ਚੁੱਕੇ ਜਾਂਦੇ।’

ਮਨੁੱਖੀ ਅਧਿਕਾਰਾਂ ਸਬੰਧੀ ਦੋ ਨਜ਼ਰੀਏ ਮੰਨੇ ਜਾਂਦੇ ਹਨ। ਪਹਿਲੀ ਸਾਧਨਵਾਦੀ ਨਜ਼ਰੀਆ ਤੇ ਦੂਜਾ ਅੰਦਰੂਨੀ ਮੁੱਲ। ਸਾਧਨਵਾਦੀ ਦ੍ਰਿਸ਼ਟੀਕੋਣ ਮਨੁੱਖੀ ਅਧਿਕਾਰਾਂ ਨੂੰ ਪਹਿਲਾਂ ਤੋਂ ਤੈਅ ਕੀਤੇ ਗਏ ਰਾਜਨੀਤਿਕ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਧਨ ਵਜੋਂ ਦੇਖਦਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾਲ ਨਜਿੱਠਣ ਵਿੱਚ ਸੰਪਰਦਾਇਕਤਾ ਨੂੰ ਜਨਮ ਦਿੰਦਾ ਹੈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅੰਦਰੂਨੀ ਮੁੱਲ ਅਤੇ ਨਤੀਜੇ ਵਜੋਂ ਮਨੁੱਖੀ ਅਧਿਕਾਰਾਂ ਦੀ ਸਰਬਵਿਆਪੀ ਧਾਰਨਾ ਨੂੰ ਸ਼ਕਤੀ ਦਿੰਦੀ ਹੈ। ਉਨ੍ਹਾਂ ਹਾਲਾਤ ’ਤੇ ਵਿਚਾਰ ਕਰਨਾ ਅਹਿਮ ਹੈ, ਜਿਨ੍ਹਾਂ ਕਰਕੇ ਗੁਰੂ ਜੀ ਨੇ ਆਪਣੀ ਜਾਨ ਕੁਰਬਾਨ ਕਰਨ ਦਾ ਅਹਿਮ ਫ਼ੈਸਲਾ ਲਿਆ। ਕਸ਼ਮੀਰੀ ਬ੍ਰਾਹਮਣ, ਜਿਨ੍ਹਾਂ ਨੂੰ ਉਸ ਸਮੇਂ ਦੇ ਮੁਗਲ ਸਮਰਾਟ ਵੱਲੋਂ ਸਤਾਇਆ ਜਾ ਰਿਹਾ ਸੀ, ਗੁਰੂ ਜੀ ਕੋਲ ਸਹਾਇਤਾ ਲੈਣ ਲਈ ਆਏ ਸਨ। ਉਹ ਇਸ ਉਮੀਦ ਨਾਲ ਆਏ ਸਨ ਕਿ ਗੁਰੂ ਜੀ ਮਹਾਨ ਪ੍ਰਤਿਸ਼ਠਾ ਵਾਲੇ ਅਧਿਆਤਮਕ ਆਗੂ ਹਨ ਅਤੇ ਉਹ ਮੁਗਲ ਸਮਰਾਟ ਕੋਲ ਉਨ੍ਹਾਂ ਲਈ ਵਿਚੋਲਗੀ ਕਰਨਗੇ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਕਸ਼ਮੀਰੀ ਬ੍ਰਾਹਮਣਾਂ ਲਈ ਗੁਰੂ ਜੀ ਦਾ ਸਮਰਥਨ ਲੈਣ ਦਾ ਫੈਸਲਾ ਲੈਣਾ ਮੁਸ਼ਕਲ ਰਿਹਾ ਹੋਵੇਗਾ।

ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਦੇ ਵਿਚਾਰਧਾਰਕ ਵਿਰੋਧੀ ਸਨ। ਬ੍ਰਾਹਮਣਾਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਕਰਨ ਦੇ ਆਪਣੇ ਫੈਸਲੇ ਵਿੱਚ ਗੁਰੂ ਸਾਹਿਬ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਅਧਿਕਾਰਾਂ ਦੀ ਰੱਖਿਆ ਕਰ ਰਹੇ ਸਨ। ਉਨ੍ਹਾਂ ਦੇ ਵਿਚਾਰਧਾਰਕ ਵਿਰੋਧੀਆਂ ਦੀ ਇਹ ਰੱਖਿਆ ਆਖਰਕਾਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਬਣੀ।

ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ 15 ਰਾਗਾਂ ਵਿੱਚ ਦਰਜ ਹੈ। ਜਿਨ੍ਹਾਂ ਰਾਗਾਂ ਵਿੱਚ ਗੁਰੂ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਨ੍ਹਾਂ ਵਿੱਚ ਬਿਹਾਗੜਾ, ਗਉੜੀ, ਆਸਾ, ਦੇਵਗੰਧਾਰ, ਸੋਰਠਿ, ਧਨਾਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ ਬਸੰਤ, ਬਸੰਤ ਹਿੰਡੋਲ, ਸਾਰੰਗ ਅਤੇ ਜੈਜੈਵੰਤੀ ਵਿਸ਼ੇਸ਼ ਹਨ। ਗੁਰੂ ਸਾਹਿਬ ਨੇ ਸਾਰੀ ਬਾਣੀ ਮਨ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ। ਗੁਰੂ ਸਾਹਿਬ ਫੁਰਮਾਉਦੇ ਹਨ:

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ। (ਤਿਲੰਗ ਮਹਲਾ ਨੌਵਾਂ)

ਗੁਰੂ ਜੀ ਬਚਪਨ ਤੋਂ ਹੀ ਸੰਤ ਸਰੂਪ, ਅਡੋਲ ਚਿੱਤ, ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਪਿੰਡ ਬਕਾਲਾ ਆ ਕੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਬਾਬਾ ਬਕਾਲੇ ਤੋਂ ਬਾਅਦ ਉਹ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਸ਼ਹਿਰ ਵਸਾਇਆ। ਫਿਰ ਉਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ।

ਗੁਰੂ ਜੀ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਸ਼ਹੀਦੀ ਦੇਣ ਵਾਸਤੇ ਤਿਆਰ ਹੋ ਗਏ। ਇਹ ਮਹਾਨ ਬਲੀਦਾਨ ਨਵੰਬਰ 1675 ਵਿੱਚ ਦਿੱਲੀ ਵਿਖੇ ਹੋਇਆ। ਇਥੇ ਅੱਜਕੱਲ੍ਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਦਾ ਇੱਕ ਸੇਵਕ ਉਨ੍ਹਾਂ ਦਾ ਧੜ ਲੈ ਕੇ ਰਕਾਬ ਗੰਜ ਸਾਹਿਬ ਪਹੁੰਚ ਗਿਆ, ਜਿੱਥੇ ਗੁਰੂ ਜੀ ਦੇ ਧੜ ਦਾ ਸਸਕਾਰ ਹੋਇਆ। ਭਾਈ ਜੈਤਾ ਜੀ ਦਿੱਲੀ ਤੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ। ਆਨੰਦਪੁਰ ਸਾਹਿਬ ਵਿੱਚ ਉਨ੍ਹਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ। ਅੱਜਕੱਲ੍ਹ ਇਨ੍ਹਾਂ ਸਥਾਨਾਂ ’ਤੇ ਗੁਰਦੁਆਰੇ ਸੁਸ਼ੋਭਿਤ ਹਨ। ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।

ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਅਰਥਾਤ ਸਮੂਹ ਕਾਇਨਾਤ ਦੀ ਇੱਜ਼ਤ ਅਤੇ ਅਣਖ ਦੇ ਰਖਵਾਲੇ ਸਨ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਤਰਜਮਾਨੀ ਕਰਦੀ ਹੈ। ਗੁਰੂ ਤੇਗ ਬਹਾਦਰ ਦੀ ਇਹ ਸਮਝ ਅਤੇ ਕਦਰ ਹੁਣ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੇ ਭਾਸ਼ਣ ਨੂੰ ਅਮੀਰ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਵਿਸ਼ਵ ਮਨੁੱਖੀ ਅਧਿਕਾਰ ਲਹਿਰ ਦੇ ਸੰਸਥਾਪਕਾਂ ’ਚੋਂ ਇੱਕ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ। ਗੁਰੂ ਤੇਗ਼ ਬਹਾਦਰ, ਗੁਰੂ ਨਾਨਕ ਤੋਂ ਬਾਅਦ ਦੂਜੇ ਗੁਰੂ ਸਨ, ਜੋ ਗੁਰੂ ਨਾਨਕ ਮਿਸ਼ਨ ਦੇ ਪ੍ਰਚਾਰਕ ਵਜੋਂ ਭਾਰਤ ਦੇ ਸਾਰੇ ਹਿੱਸਿਆਂ ਵਿੱਚ ਗਏ। ਗੁਰੂ ਤੇਗ਼ ਬਹਾਦਰ ਕਦੇ ਵੀ ਲਾਲਚ ਜਾਂ ਧਮਕੀ ਦੇ ਅਧੀਨ ਧਰਮ ਪਰਿਵਰਤਨ ਲਈ ਸਹਿਮਤ ਨਹੀਂ ਹੋਏ। ਗੁਰੂ ਜੀ ਚਾਹੁੰਦੇ ਸਨ ਕਿ ਹਰ ਕੋਈ ਆਪਣੀ ਪੂਜਾ ਦਾ ਤਰੀਕਾ ਚੁਣ ਸਕੇ।

ਗੁਰੂ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਨੇ ‘ਬਚਿੱਤਰ ਨਾਟਕ’ ਵਿੱਚ ਲਿਖਿਆ ਹੈ:

ਧਰਮ ਹੇਤ ਸਾਕਾ ਜਿਨਿ ਕੀਆ॥

ਸੀਸੁ ਦੀਆ ਪਰੁ ਸਿਰਰੁ ਨ ਦੀਆ।।

ਵਿਸ਼ਵ-ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਨੁੱਖਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਦਿੱਤਾ।

ਸਾਂਝਾ ਕਰੋ

ਪੜ੍ਹੋ