ਪਹਿਲਗਾਮ ’ਚ ਦਹਿਸ਼ਤ ਕਾਰਨ ਕਸ਼ਮੀਰੀਆਂ ਲਈ ਔਖੀ ਘੜੀ

ਕਸ਼ਮੀਰ ਪਿਛਲੇ 35 ਸਾਲਾਂ ਤੋਂ ਅੱਤਵਾਦ ਅਤੇ ਬੰਦੂਕਾਂ ਦੇ ਸਾਏ ਹੇਠ ਜੀਅ ਰਿਹਾ ਹੈ। ਹੁਣ ਤੱਕ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਲੱਖਾਂ ਹਿੰਦੂ ਕਸ਼ਮੀਰ ਛੱਡ ਕੇ ਚਲੇ ਗਏ ਹਨ। ਸਾਢੇ ਤਿੰਨ ਸਾਲਾਂ ਬਾਅਦ ਕਸ਼ਮੀਰ ਮੁੜ ਤੋਂ ਖੜ੍ਹਾ ਹੋਣ ਲੱਗਾ ਸੀ। ਪੰਜ ਸਾਲਾਂ ਵਿਚ ਵਿਕਾਸ ਦੀ ਰਫ਼ਤਾਰ ਤੇਜ਼ ਹੋਈ ਸੀ। ਸੂਬੇ ਨੂੰ 84 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲ ਚੁੱਕੇ ਸਨ। ਕਸ਼ਮੀਰੀਆਂ ਨੇ ਸੈਲਾਨੀਆਂ ਤੋਂ ਪਿਛਲੇ ਸਾਲ ਦੌਰਾਨ 18 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅੱਤਵਾਦੀਆਂ ਨੂੰ ਸ਼ਾਇਦ ਇਹ ਚੰਗਾ ਨਹੀਂ ਸੀ ਲੱਗ ਰਿਹਾ ਜਾਂ ਉਹ ਇਸ ਨੂੰ ਆਪਣੀ ਹਾਰ ਮੰਨਣ ਲੱਗ ਪਏ ਸਨ। ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੀ ਰਿਪੋਰਟ ਤੋਂ ਇਹ ਅੰਕੜੇ ਸਾਹਮਣੇ ਆਏ ਹਨ। ਅਸਥਿਰਤਾ ਅਤੇ ਹਿੰਸਾ ਦੇ ਮਾਹੌਲ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵਿਕਾਸ ਉੱਤੇ ਪਿਆ ਹੈ।

ਇੱਥੋਂ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਖੇਤੀ, ਸੈਲਾਨੀ ਅਤੇ ਹਸਤ ਕਲਾ ਹੈ। ਜਿਹੜਾ ਪੈਸਾ ਆਰਥਿਕਤਾ ਨੂੰ ਮਜ਼ਬੂਤ ਕਰਨ ਉੱਤੇ ਲੱਗਣਾ ਸੀ, ਉਸ ਦਾ ਵੱਡਾ ਹਿੱਸਾ ਸੁਰੱਖਿਆ ਤੇ ਅਮਨ-ਕਾਨੂੰਨ ਬਣਾਈ ਰੱਖਣ ਵਿਚ ਲੱਗਦਾ ਰਿਹਾ ਹੈ। ਸਾਲ 1989 ਤੋਂ ਹੁਣ ਤੱਕ ਇਸ ਖੇਤਰ ਦੀ ਸੁਰੱਖਿਆ ਉੱਤੇ ਇਕ ਲੱਖ ਕਰੋੜ ਰੁਪਏ ਤੋਂ ਉੱਪਰ ਖ਼ਰਚ ਹੋ ਚੁੱਕੇ ਹਨ। ਕੁਝ ਸਾਲ ਪਹਿਲਾਂ ਭਾਵ 2019 ਵਿਚ ਧਾਰਾ 370 ਹਟਣ ਤੋਂ ਬਾਅਦ ਹਾਲਾਤ ਸੁਧਰਨ ਦੇ ਸੰਕੇਤ ਮਿਲਣ ਲੱਗੇ ਸਨ ਪਰ ਪਹਿਲਗਾਮ ਹਮਲੇ ਨੇ ਨਵੇਂ ਸਿਰੇ ਤੋਂ ਪਹਿਲਾਂ ਨਾਲੋਂ ਵੀ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ 500 ਤੋਂ ਵੱਧ ਸਕੂਲਾਂ ਦੀ ਹਾਲਤ ਸੁਧਾਰੀ ਗਈ। ਇਸ ਦੇ ਨਾਲ ਹੀ 200 ਸਿਹਤ ਕੇਂਦਰਾਂ ’ਚ ਬਿਹਤਰ ਸਿਹਤ ਸੇਵਾਵਾਂ ਮਿਲਣ ਲੱਗੀਆਂ ਸਨ। ਕ ਹਜ਼ਾਰ ਕਿੱਲੋਮੀਟਰ ਸੜਕਾਂ ਦੀ ਹਾਲਤ ਸੁਧਰੀ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਅੱਤਵਾਦੀਆਂ ਦੇ ਹਮਲਿਆਂ ਵਿਚ 60 ਫ਼ੀਸਦੀ ਦੀ ਕਮੀ ਆਈ ਸੀ। ਸਾਲ 2019 ਦੀ ਗੱਲ ਕਰੀਏ ਤਾਂ 80 ਫ਼ੀਸਦੀ ਲੋਕਾਂ ਦੇ ਘਰਾਂ ’ਚ ਬਿਜਲੀ ਦੇ ਬੱਲਬ ਜਗਦੇ ਸਨ ਜਦਕਿ ਪਿਛਲੇ ਸਾਲ 100 ਫ਼ੀਸਦੀ ਘਰ ਬਿਜਲੀ ਨਾਲ ਜਗਮਗ ਹੋਣ ਲੱਗੇ।

ਇਸ ਵੇਲੇ 90 ਫ਼ੀਸਦੀ ਲੋਕ ਇੰਟਰਨੈੱਟ ਸੇਵਾਵਾਂ ਦਾ ਲਾਭ ਲੈ ਰਹੇ ਹਨ। ਜਦਕਿ ਪੰਜ ਸਾਲ ਪਹਿਲਾਂ ਸਿਰਫ਼ 60 ਫ਼ੀਸਦੀ ਲੋਕਾਂ ਨੂੰ ਇਹ ਸਹੂਲਤ ਪੁੱਜੀ ਸੀ। ਸਭ ਤੋਂ ਵੱਡੀ ਗੱਲ ਇਹ ਕਿ 2021 ’ਚ ਜੰਮੂ-ਕਸ਼ਮੀਰ ਵਿਚ ਬੇਰੁਜ਼ਗਾਰੀ ਦੀ ਦਰ 10.6 ਫ਼ੀਸਦੀ ਸੀ ਜਿਹੜੀ ਹੁਣ ਘਟ ਕੇ 6.1 ਫ਼ੀਸਦੀ ਰਹਿ ਗਈ ਸੀ। ਇਕ ਹੋਰ ਅਹਿਮ ਪੱਖ ਇਹ ਹੈ ਕਿ ਅੱਤਵਾਦ ਕਾਰਨ ਪਿੰਡਾਂ ਦੇ 35 ਫ਼ੀਸਦੀ ਬੱਚੇ ਸਕੂਲ ਛੱਡ ਗਏ ਸਨ। ਉਨ੍ਹਾਂ ਵਿੱਚੋਂ 52 ਫ਼ੀਸਦੀ ਉਹ ਬੱਚੇ ਸਨ ਜਿਨ੍ਹਾਂ ਦੇ ਮਾਂ ਜਾਂ ਬਾਪ ਅੱਤਵਾਦੀਆਂ ਦੀਆਂ ਗੋਲ਼ੀਆਂ ਨਾਲ ਮਾਰੇ ਗਏ ਸਨ। ਸਾਲ 2015 ’ਚ 3000 ਸਕੂਲ ਬੰਦ ਕਰਨੇ ਪੈ ਗਏ ਸਨ। ਸਾਲ 1989 ਤੋਂ 2019 ਤੱਕ 40 ਹਜ਼ਾਰ ਤੋਂ ਜ਼ਿਆਦਾ ਮੌਤਾਂ ਅੱਤਵਾਦੀਆਂ ਦੀਆਂ ਗੋਲ਼ੀਆਂ ਨਾਲ ਹੋਈਆਂ ਜਿਨ੍ਹਾਂ ਵਿਚ ਫ਼ੌਜੀ ਤੇ ਆਮ ਨਾਗਰਿਕ ਸ਼ਾਮਲ ਸਨ। ਅੱਤਵਾਦ ਨੇ ਕਸ਼ਮੀਰ ’ਚ ਵਸਦੇ ਲੋਕਾਂ ਦੀ ਜ਼ਿੰਦਗੀ ਲੀਹ ਤੋਂ ਹੀ ਨਹੀਂ ਲਾਹੀ ਸਗੋਂ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਵੀ ਲੰਘਣਾ ਪਿਆ। ਆਰਥਿਕਤਾ ਦੀ ਗੱਲ ਕਰੀਏ ਤਦ 219 ਤੋਂ ਬਾਅਦ ਕਸ਼ਮੀਰ ਦੇ ਹਾਲਾਤ ਤੇਜ਼ੀ ਨਾਲ ਸੁਧਰਨ ਲੱਗੇ ਸਨ।

ਕੁੱਲ ਘਰੇਲੂ ਉਤਪਾਦ 8.5 ਫ਼ੀਸਦੀ ਵਧਿਆ ਸੀ। ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ 15 ਤੋਂ ਘਟ ਕੇ 8 ਫ਼ੀਸਦੀ ਰਹਿ ਗਈ ਸੀ। ਸਾਲ 2024 ਵਿਚ ਸੈਲਾਨੀਆਂ ਤੋਂ ਆਮਦਨ ਅਤੇ ਨਿਵੇਸ਼ ਸਿਖਰ ਵੱਲ ਨੂੰ ਵਧਿਆ ਸੀ। ਇਹ ਵੀ ਪਤਾ ਲੱਗਾ ਹੈ ਕਿ 1995 ਤੋਂ ਬਾਅਦ 10 ਸਾਲਾਂ ਦੌਰਾਨ ਡਰਾਈ ਫਰੂਟ ਦੀ ਬਰਾਮਦ 67.14 ਫ਼ੀਸਦੀ ਤੱਕ ਡਿੱਗ ਗਈ ਸੀ ਅਤੇ 2007 ਤੋਂ ਬਾਅਦ ਕੱਪੜੇ ਦਾ ਕਾਰੋਬਾਰ 80 ਫ਼ੀਸਦੀ ਤੱਕ ਹੇਠਾਂ ਆ ਗਿਆ ਸੀ। ਪੰਜ ਲੱਖ ਲੋਕਾਂ ਦੀ ਨੌਕਰੀ ਜਾਂਦੀ ਰਹੀ ਸੀ। ਹੁਣ ਜਦੋਂ ਕਸ਼ਮੀਰ ਮਸਾਂ ਆਪਣੇ ਮੁੜ ਪੈਰਾਂ ’ਤੇ ਖੜ੍ਹਾ ਹੋਣ ਲੱਗਾ ਸੀ, ਕਸ਼ਮੀਰੀ ਲੋਕ ਬੇਫ਼ਿਕਰੀ ਨਾਲ ਜ਼ਿੰਦਗੀ ਜਿਉਣ ਲੱਗੇ ਸਨ ਤਾਂ ਉਨ੍ਹਾਂ ਉੱਤੇ ਮੁੜ ਕਹਿਰ ਵਰਤ ਗਿਆ ਹੈ। ਉਹ ਸਿਰਫ਼ ਆਪਣੇ ਕਾਰੋਬਾਰ ਨੂੰ ਲੈ ਕੇ ਹੀ ਫ਼ਿਕਰਮੰਦ ਨਹੀਂ ਸਗੋਂ ਪਹਿਲਗਾਮ ’ਚ ਵਾਪਰੀ ਅੱਤਵਾਦੀ ਘਟਨਾ ਕਾਰਨ ਉਨ੍ਹਾਂ ਦੇ ਹਿਰਦੇ ਵੀ ਵਲੂੰਧਰੇ ਗਏ ਹਨ। ਇਸ ਔਖੀ ਘੜੀ ਵਿਚ ਕਸ਼ਮੀਰੀਆਂ ਨੇ ਸੈਲਾਨੀਆਂ ਨੂੰ ਜਿਵੇਂ ਆਪਣੀ ਹਿੱਕ ਨਾਲ ਲਾਇਆ ਹੈ, ਉਹ ਆਪਣੇ-ਆਪ ’ਚ ਮਨੁੱਖਤਾ ਦੀ ਇਕ ਬਹੁਤ ਵੱਡੀ ਮਿਸਾਲ ਹੈ।

ਸਾਂਝਾ ਕਰੋ

ਪੜ੍ਹੋ