ਟਰੰਪ ਦਾ ਅਗਲਾ ਐਕਸ਼ਨ! ਹੁਣ 3 ਲੱਖ ਭਾਰਤੀਆਂ ‘ਤੇ ਲਟਕੀ ਤਲਵਾਰ

ਅਮਰੀਕਾ, 29 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਨੇ ਅਮਰੀਕਾ ਸਮੇਤ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਸੱਤਾ ਸੰਭਾਲਦੇ ਹੀ ਟਰੰਪ ਨੇ ਸਰਕਾਰੀ ਮਸ਼ੀਨਰੀ ਨੂੰ ਝਟਕਾ ਦੇਣ, ਰਾਜਨੀਤਕ ਦੁਸ਼ਮਣਾਂ ‘ਤੇ ਹਮਲੇ ਬੋਲਣ ਤੇ ਅਧਿਕਾਰੀਆਂ ਨੂੰ ਵੱਡੇ ਪੱਧਰ ‘ਤੇ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਿਰਫ਼ 100 ਦਿਨਾਂ ਵਿੱਚ ਹੀ ਟਰੰਪ ਨੇ ਅਮਰੀਕਾ ਦਾ ਅਕਸ ਬਦਲ ਦਿੱਤਾ ਹੈ। ਇਮੀਗ੍ਰੇਸ਼ਨ ਤੋਂ ਲੈ ਕੇ ਟੈਰਿਫ, ਸਿੱਖਿਆ ਤੋਂ ਲੈ ਕੇ ਨੌਕਰੀਆਂ ਤੱਕ, ਟਰੰਪ ਨੇ ਹਰ ਮੋਰਚੇ ‘ਤੇ ਹਮਲਾਵਰ ਫੈਸਲੇ ਲਏ ਹਨ। ਇਨ੍ਹਾਂ ਫੈਸਲਿਆਂ ਨੇ ਅਮਰੀਕਾ, ਚੀਨ, ਭਾਰਤ ਸਣੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਵੱਡੇ ਫੈਸਲੇ ਲੈਣ ਦੀ ਤਿਆਰੀ ਕਰ ਰਹੇ ਹਨ। ਆਮਦਨ ਕਰ, ਨੌਕਰੀਆਂ, ਸਿੱਖਿਆ, ਗੈਰ-ਕਾਨੂੰਨੀ ਪ੍ਰਵਾਸੀ ਵਰਗੇ ਖੇਤਰ ਉਨ੍ਹਾਂ ਵਿੱਚ ਮਹੱਤਵਪੂਰਨ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀਆਂ ਤੋਂ ਇਲਾਵਾ, ਇਹ ਫੈਸਲੇ ਭਾਰਤੀਆਂ ਨੂੰ ਵੀ ਪ੍ਰਭਾਵਿਤ ਕਰਨਗੇ। ਖਾਸ ਕਰਕੇ ਵਿਦਿਆਰਥੀਆਂ ਲਈ ‘ਅਮਰੀਕਨ ਡ੍ਰੀਮ’ ਹੁਣ ਖ਼ਤਰੇ ਵਿੱਚ ਜਾਪਦਾ ਹੈ।

ਦਰਅਸਲ ਟਰੰਪ OPT (ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ) ਪ੍ਰੋਗਰਾਮ ਨੂੰ ਖਤਮ ਕਰ ਸਕਦੇ ਹਨ। ਓਪੀਟੀ ਤੋਂ ਬਾਅਦ H1B ਵੀਜ਼ਾ ਪ੍ਰਾਪਤ ਕਰਨਾ ਆਸਾਨ ਹੁੰਦਾ ਹੈ। ਇਸ ਦੇ ਬੰਦ ਹੋਣ ਨਾਲ ਅਮਰੀਕਾ ਵਿੱਚ ਪੜ੍ਹ ਰਹੇ ਤਿੰਨ ਲੱਖ ਭਾਰਤੀਆਂ ਲਈ H1B ਵੀਜ਼ਾ ਹਾਸਲ ਕਰਨਾ ਔਖਾ ਹੋ ਜਾਏਗਾ। ਵਰਤਮਾਨ ਵਿੱਚ OPT ਤਹਿਤ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਗਣਿਤ) ਖੇਤਰ ਵਿੱਚ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 3 ਸਾਲਾਂ ਲਈ ਅਮਰੀਕੀ ਕੰਪਨੀਆਂ ਵਿੱਚ ਸਿਖਲਾਈ ਲੈ ਸਕਦੇ ਹਨ। ਇਸ ਨਾਲ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ। OPT ਨੂੰ ਖਤਮ ਕਰਨ ਨਾਲ ਜੇਕਰ ਕਿਸੇ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਨਹੀਂ ਮਿਲਦੀ ਤਾਂ ਉਸ ਨੂੰ ਤੁਰੰਤ ਅਮਰੀਕਾ ਛੱਡਣਾ ਪਵੇਗਾ।

ਇਸ ਦੇ ਨਾਲ ਹੀ ਅਮਰੀਕਾ ਵਿੱਚ ਰਹਿ ਰਹੇ 7.5 ਲੱਖ ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਆਉਣ ਵਾਲੇ ਮਹੀਨੇ ਚੁਣੌਤੀਪੂਰਨ ਹੋ ਸਕਦੇ ਹਨ। ਟਰੰਪ ਪ੍ਰਸ਼ਾਸਨ ਨੇ ਅਜਿਹੇ ਪ੍ਰਵਾਸੀਆਂ ਲਈ ਸਵੈ-ਦੇਸ਼ ਨਿਕਾਲੇ ਦੀ ਯੋਜਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਯੋਜਨਾ ਲਾਗੂ ਹੋ ਜਾਵੇਗੀ, ਤਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫਲਾਈਟ ਟਿਕਟਾਂ ਦੇ ਨਾਲ-ਨਾਲ ਵਿੱਤੀ ਗ੍ਰਾਂਟ (ਵਜ਼ੀਫ਼ਾ) ਪ੍ਰਦਾਨ ਕੀਤੀ ਜਾਵੇਗੀ। ਟਰੰਪ ਪ੍ਰਸ਼ਾਸਨ ਉਨ੍ਹਾਂ ਨੂੰ ਆਪਣੇ ਆਪ ਅਮਰੀਕਾ ਛੱਡਣ ਲਈ ਮਜਬੂਰ ਕਰੇਗਾ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਬੈਂਕ ਖਾਤੇ, ਕ੍ਰੈਡਿਟ ਕਾਰਡ ਤੇ ਹੋਰ ਵਿੱਤੀ ਸਹੂਲਤਾਂ ਬੰਦ ਕਰਨ ਦੀਆਂ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ।

ਸਾਂਝਾ ਕਰੋ

ਪੜ੍ਹੋ