
ਸੂਰਤ, 29 ਅਪ੍ਰੈਲ – ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਵੰਗਾਰਿਆ ਹੈ ਕਿ ਜੇ ਉਸ ਵਿੱਚ ਦਮ ਹੈ ਤਾਂ ਭਾਰਤ ਆ ਕੇ ਦਿਖਾਵੇ। ਪਾਟਿਲ ਨੇ ਐਤਵਾਰ ਇੱਥੇ ਇੱਕ ਸਮਾਗਮ ਵਿੱਚ ਕਿਹਾ ਮੋਦੀ ਜੀ ਦਾ ਕਹਿਣਾ ਹੈ ਕਿ ਜਲ ਹੈ ਤੋ ਬਲ ਹੈ। ਮੋਦੀ ਸਾਹਿਬ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਸਿੰਧੂ ਜਲ ਸੰਧੀ ਤਹਿਤ ਪਾਣੀ ਨਹੀਂ ਜਾਣ ਦੇਣਾ।
ਬਿਲਾਵਲ ਨੇ ਖਿਝ ਕੇ ਕਿਹਾ ਕਿ ਜੇ ਪਾਣੀ ਰੋਕਿਆ ਤਾਂ ਭਾਰਤ ਵਿੱਚ ਖੂਨ ਦਾ ਦਰਿਆ ਵਹੇਗਾ। ਕੀ ਅਸੀਂ ਡਰ ਜਾਵਾਂਗੇ? ਮੈਂ ਉਸ ਨੂੰ (ਭੁੱਟੋ ਨੂੰ) ਦੱਸਣਾ ਚਾਹੁੰਦਾ ਹੈ ਕਿ ਬਾਈ, ਜੇ ਤੇਰੇ ਵਿੱਚ ਜ਼ਰਾ ਜਿੰਨਾ ਦਮ ਹੈ ਤਾਂ ਇੱਥੇ ਆ ਕੇ ਦਿਖਾ। ਅਸੀਂ ਭਬਕੀਆਂ ਤੋਂ ਡਰਨ ਵਾਲੇ ਨਹੀਂ। ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।