ਯੁੱਧ ਦਾ ਰੌਲਾ

ਪਹਿਲਗਾਮ ਵਿੱਚ ਜੋ ਹੋਇਆ, ਉਸ ਦੇ ਬਾਅਦ ਦੇਸ਼ ਵਿੱਚ ਯੁੱਧ ਦਾ ਰੌਲਾ ਵਧ ਗਿਆ ਹੈ। ‘ਮਿੱਟੀ ਵਿੱਚ ਮਿਲਾ ਦੇਣ’ ਦੀ ਗੱਲ ਜਿਸ ਤਰ੍ਹਾਂ ਤੇ ਜਿੱਥੋਂ ਆਈ, ਉਹ ਕਿਸੇ ਨਾਟਕ ’ਚ ਬੋਲੇ ਗਏ ਸੰਵਾਦ ਵਰਗੀ ਸੀ। ਇਸ ਸੰਵਾਦ ਤੋਂ ਪਹਿਲਾਂ ਯੁੱਧ ਦੇ ਸ਼ੋਰ ਵਿੱਚ ਉੱਛਲ ਰਿਹਾ ਗੋਦੀ ਮੀਡੀਆ ਆਪਣੇ ਲਈ ਫੁਟੇਜ਼ ਲੱਭਣ ਵਿੱਚ ਵਿਅਸਤ ਸੀ ਤੇ ਪੁਰਾਣੀਆਂ ਕਲਿੱਪਾਂ ਵੀ ਚਲਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਧਰਮ-ਯੁੱਧ ਦੀ ਭਾਸ਼ਾ ਦੀ ਵਰਤੋਂ ਖੁੱਲ੍ਹੇਆਮ ਸ਼ੁਰੂ ਹੋ ਗਈ। ਬੇਰੋਕ-ਟੋਕ ਲਲਕਾਰਨ ਦੀ ਭਾਸ਼ਾ ਸੜਕਾਂ ਨੂੰ ਖੂਨ ਨਾਲ ਭਰ ਦੇਣ ਦੇ ਉਤਾਵਲੇਪਣ ਵਿੱਚ ਬਦਲਣ ਲਈ ਬੇਚੈਨ ਦਿਸ ਰਹੀ ਸੀ। ਅਜੇ ਕੁਝ ਦਿਨ ਪਹਿਲਾਂ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ’ਤੇ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਗ੍ਰਹਿ ਯੁੱਧ ਦਾ ਦੋਸ਼ ਲਾਇਆ। ਉਸ ਤੋਂ ਕੁਝ ਦਿਨ ਪਹਿਲਾਂ ਬੰਗਾਲ ਤੋਂ ਲੈ ਕੇ ਮਹਾਰਾਸ਼ਟਰ ਤੱਕ ਰਾਮਨੌਮੀ ਦੇ ਮੌਕੇ ਨਿਕਲੇ ਜਲੂਸਾਂ ’ਚ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਮਸਜਿਦਾਂ ਤੇ ਮਕਬਰਿਆਂ ਅੱਗੇ ਭਗਵਾ ਝੰਡੇ ਲਹਿਰਾਉਣ ਦਾ ਮਾਹੌਲ ਬਣਾਇਆ ਗਿਆ।

ਇਹ ਸੜਕ ’ਤੇ ਧਰਮ ਯੁੱਧ ਉਤਾਰ ਲਿਆਉਣ ਵਾਲੇ ਦਿ੍ਰਸ਼ ਨਾਲੋਂ ਘੱਟ ਭਿਆਨਕ ਨਹੀਂ ਸੀ। ਯੁੱਧ ਦੀਆਂ ਗੱਲਾਂ ਕਰਨ ਵਾਲੇ ਲੋਕ ਉਦੋਂ ਨਹੀਂ ਉਬਲਦੇ, ਜਦੋਂ ਦੇਸ਼ ਦੇ ਨਾਗਰਿਕਾਂ ਨੂੰ ਅਮਰੀਕਾ ਹੱਥਕੜੀਆਂ ਲਾ ਕੇ ਫੌਜੀ ਜਹਾਜ਼ ਵਿੱਚ ਭਾਰਤ ਭੇਜਦਾ ਹੈ, ਜਦੋਂ ਭਾਰਤ ’ਤੇ ਅਮਰੀਕਾ ਟੈਰਿਫ ਮੜ੍ਹ ਦਿੰਦਾ ਹੈ ਜਾਂ ਜਦ ਅਮਰੀਕੀ ਰਾਸ਼ਟਰਪਤੀ ਭਾਰਤ ਨੂੰ ਲੈ ਕੇ ਅਪਮਾਨਜਨਕ ਗੱਲਾਂ ਕਰਦਾ ਹੈ। ਤਾਂ ਫਿਰ ਕੀ ਇਹ ਮੰਨਿਆ ਜਾਵੇ ਕਿ ਭਾਰਤ ਵਿੱਚ ਰਾਸ਼ਟਰਵਾਦ ਦਾ ਜਨੂੰਨ ਉਦੋਂ ਪੈਦਾ ਹੁੰਦਾ ਹੈ, ਜਦੋਂ ਉਸ ਵਿੱਚ ਧਰਮ ਦਾ ਪੱਖ ਜੁੜ ਜਾਵੇ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਗੱਲ ਹੈ? ਭਾਰਤ ਇੱਕ ਉਤਪਾਦਕ ਦੇਸ਼ ਦੀ ਥਾਂ ਸੇਵਾ ਪ੍ਰਦਾਨ ਕਰਨ ਵਾਲੀ ਅਰਥ ਵਿਵਸਥਾ ਵਿੱਚ ਬਦਲਦਾ ਗਿਆ ਹੈ।

ਇਸ ਦੇ ਰਾਜਕੀ ਖਰਚ ਦਾ ਵੱਡਾ ਹਿੱਸਾ ਗੈਰ-ਉਤਪਾਦਕ ਟੈਕਸਾਂ ਤੇ ਨੌਕਰੀਪੇਸ਼ਾ ਲੋਕਾਂ ਦੀ ਆਮਦਨ ਵਿੱਚੋਂ ਆ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ ਉੱਚੀਆਂ ਰੱਖ ਕੇ ਖਰਚ ਕੱਢਿਆ ਜਾ ਰਿਹਾ ਹੈ। ਮੈਨੂੰਫੈਕਚਰਿੰਗ ਦੇ ਅੰਕੜੇ ਨਾ ਤਾਂ ਰੁਜ਼ਾਗਰ ਸਿਰਜਣ ਨਾਲ ਮੇਲ ਖਾ ਰਹੇ ਹਨ ਤੇ ਨਾ ਹੀ ਪੂੰਜੀ ਨਿਰਮਾਣ ਦੀ ਮੰਗ ਨੂੰ ਪੂਰਾ ਕਰ ਰਹੇ ਹਨ। ਸਭ ਤੋਂ ਵੱਡੀ ਗੱਲ, ਪਿਛਲੇ 10 ਸਾਲਾਂ ਵਿੱਚ ਖੇਤੀ ਦਾ ਸੰਕਟ ਨਾ ਸਿਰਫ ਆਮਦਨ ਦੇ ਮਾਮਲੇ ਵਿੱਚ, ਸਗੋਂ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਵਧਿਆ ਹੈ, ਜਦਕਿ ਕਾਰਪੋਰੇਟੀਆਂ ਦੀ ਆਮਦਨ ਕਈ ਗੁਣਾ ਵਧੀ ਹੈ।ਉਜ ਕਹਿੰਦੇ ਹਨ ਕਿ ਪੂੰਜੀ ਦਾ ਕੋਈ ਧਰਮ ਨਹੀਂ ਹੁੰਦਾ, ਪਰ ਭਾਰਤ ਵਿੱਚ ਅਤੇ ਇੱਕ ਤਰ੍ਹਾਂ ਨਾਲ ਪੂਰੇ ਦੱਖਣੀ ਏਸ਼ੀਆ ’ਚ ਇਹ ਗੱਲ ਓਨੀ ਸੱਚ ਨਹੀਂ। ਇੱਥੇ ਧਰਮ ਨੇ ਪੂੰਜੀ ਦਾ ਦਾਮਨ ਫੜ ਲਿਆ ਹੈ ਤੇ ਪੂੰਜੀ ਆਪਣੇ ਵਿਸਥਾਰ ਲਈ ਧਰਮ ਦੀ ਪਿੱਠ ’ਤੇ ਸਵਾਰ ਹੈ।

ਸਾਂਝਾ ਕਰੋ

ਪੜ੍ਹੋ