
ਨਵੀਂ ਦਿੱਲੀ, 28 ਅਪ੍ਰੈਲ – ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਵਧਦੇ ਤਣਾਅ ਤੇ ਭਾਰਤ ਵੱਲੋਂ ਕੋਈ ਫੌਜੀ ਕਾਰਵਾਈ ਕੀਤੇ ਜਾਣ ਦੀਆਂ ਸੰਭਾਵਨਾਵਾਂ ਦਰਮਿਆਨ ਭਾਰਤੀ ਜਲ ਸੈਨਾ ਦੇ ਜੰਗੀ ਬੇੜਿਆਂ ਨੇ ‘ਲੰਬੀ ਦੂਰੀ ਦੇ ਹਮਲੇ’ ਲਈ ਆਪਣੀਆਂ ਤਿਆਰੀਆਂ ਦੀ ਅਜਮਾਇਸ਼ ਕੀਤੀ ਹੈ। ਭਾਰਤੀ ਜਲ ਸੈਨਾ ਨੇ ਐਤਵਾਰ ਕਿਹਾ ਕਿ ਜੰਗੀ ਜਹਾਜ਼ਾਂ ਨੇ ਲੰਬੀ ਦੂਰੀ ਦੇ ਸਟੀਕ ਹਮਲੇ ਲਈ ਪਲੇਟਫਾਰਮਾਂ, ਪ੍ਰਣਾਲੀਆਂ ਅਤੇ ਚਾਲਕ ਦਲ ਦੀ ਤਿਆਰੀ ਦੀ ਅਜਮਾਇਸ਼ ਲਈ ਐਂਟੀ-ਸ਼ਿਪ ਫਾਇਰਿੰਗਾਂ ਵਿੱਚ ਸਫਲਤਾਪੂਰਵਕ ਹਿੱਸਾ ਲਿਆ। ਜਲ ਸੈਨਾ ਨੇ ਕਿਹਾ ਕਿ ਉਹ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਤਿਆਰ ਹੈ।
ਜਲ ਸੈਨਾ ਨੇ ਸਮੁੰਦਰ ਵਿੱਚ ਦਾਗੀਆਂ ਮਿਜ਼ਾਈਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕੀਤੇ। ਏਅਰਕ੍ਰਾਫਟ ਕੈਰੀਅਰ ਆਈ ਐੱਨ ਐੱਸ ਵਿਕਰਾਂਤ ਪਹਿਲਾਂ ਹੀ ਸਮੁੰਦਰ ਵਿੱਚ ਹੈ। ਜਲ ਸੈਨਾ ਦੇ ਜੰਗੀ ਜਹਾਜ਼ ’ਤੇ ਬ੍ਰਹਮੋਸ ਮਿਜ਼ਾਈਲ ਦੇ ਦੋ ਸੰਸਕਰਣ ਮੌਜੂਦ ਹਨ, ਜੋ ਜ਼ਮੀਨੀ ਨਿਸ਼ਾਨਿਆਂ ਨੂੰ ਫੁੰਡ ਸਕਦੇ ਹਨ। ਬ੍ਰਹਮੋਸ ਮਿਜ਼ਾਈਲ ਦਾ ਇਹ ਸੰਸਕਰਣ ਕਰੀਬ 300 ਕਿਲੋਮੀਟਰ ਦੂਰ ਨਿਸ਼ਾਨਿਆਂ ਨੂੰ ਫੁੰਡ ਸਕਦਾ ਹੈ। ਇੱਕ ਹੋਰ ਸੰਸਕਰਣ ਕਰੀਬ 500 ਕਿਲੋਮੀਟਰ ਦੀ ਦੂਰੀ ਤੱਕ ਫਾਇਰ ਕਰ ਸਕਦਾ ਹੈ। 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ, ਜਲ ਸੈਨਾ ਨੇ ਕਰਾਚੀ ਬੰਦਰਗਾਹ ’ਤੇ ਹਮਲਾ ਕੀਤਾ ਸੀ।
ਇਸੇ ਦੌਰਾਨ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਾਂਚ ਰਸਮੀ ਤੌਰ ’ਤੇ ਆਪਣੇ ਹੱਥਾਂ ਵਿਚ ਲੈ ਲਈ ਹੈ। ਏਜੰਸੀ ਦੇ ਇੱਕ ਆਈ ਜੀ, ਡੀ ਆਈ ਜੀ ਅਤੇ ਐੱਸ ਪੀ ਦੀ ਨਿਗਰਾਨੀ ਹੇਠ ਟੀਮਾਂ ਉਨ੍ਹਾਂ ਚਸ਼ਮਦੀਦਾਂ ਤੋਂ ਪੁੱਛ-ਪੜਤਾਲ ਕਰ ਰਹੀਆਂ ਹਨ, ਜਿਨ੍ਹਾਂ ਸ਼ਾਂਤ ਅਤੇ ਸੁੰਦਰ ਬੈਸਰਨ ਘਾਟੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਭਿਆਨਕ ਹਮਲੇ ਨੂੰ ਵਾਪਰਦੇ ਦੇਖਿਆ ਸੀ। ਹਮਲੇ ਵਿੱਚ ਸ਼ਾਮਲ ਦੱਸੇ ਜਾਣ ਵਾਲੇ ਮਸ਼ਕੂਕ ਦਹਿਸ਼ਤਗਰਦਾਂ ਦੀ ਭਾਲ ਲਈ ਫੌਜ ਵੱਲੋਂ ਪੀਰ ਪੰਜਾਲ ਰੇਂਜ ਦੇ ਉੱਤਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਜ਼ੋਰ ਦੇ ਕੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਵਾਲੇ ਤੇ ਇਸ ਵਿੱਚ ਸ਼ਾਮਲ ਸਾਜ਼ਿਸ਼ਘਾੜਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਤੇ ਪੀੜਤਾਂ ਨੂੰ ਇਨਸਾਫ ਮਿਲੇਗਾ।