
ਨਵੀਂ ਦਿੱਲੀ, 26 ਅਪ੍ਰੈਲ – ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਹੈਦਰਾਬਾਦ ਨੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ, ਦੂਜੇ ਪਾਸੇ ਚੇਨਈ ਲਈ ਪਲੇਆਫ ਦਾ ਰਸਤਾ ਮੁਸ਼ਕਲ ਹੋ ਗਿਆ ਹੈ। ਹੈਦਰਾਬਾਦ ਨੇ ਇਹ ਮੈਚ 8 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਐਸਆਰਐਚ ਨੇ ਚੇਪੌਕ ਮੈਦਾਨ ‘ਤੇ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਹੈ।
SRH ਨੂੰ ਮਿਲਿਆ ਸੀ 155 ਦੌੜਾਂ ਦਾ ਟੀਚਾ
ਸਨਰਾਈਜ਼ਰਜ਼ ਹੈਦਰਾਬਾਦ ਨੂੰ 155 ਦੌੜਾਂ ਦਾ ਟੀਚਾ ਮਿਲਿਆ ਸੀ। ਪਹਿਲੇ ਓਵਰ ਦੀ ਦੂਜੀ ਗੇਂਦ ‘ਤੇ ਖਲੀਲ ਅਹਿਮਦ ਨੇ ਅਭਿਸ਼ੇਕ ਸ਼ਰਮਾ ਨੂੰ ਆਊਟ ਕੀਤਾ; ਅਭਿਸ਼ੇਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਆਮ ਤੌਰ ‘ਤੇ ਮੈਦਾਨ ‘ਤੇ ਤੂਫਾਨ ਲਿਆਉਣ ਵਾਲੇ ਟ੍ਰੈਵਿਸ ਹੈੱਡ ਦਾ ਬੱਲਾ ਵੀ ਖਾਮੋਸ਼ ਦਿਖਿਆ, ਜੋ 16 ਗੇਂਦਾਂ ਵਿੱਚ ਸਿਰਫ਼ 19 ਦੌੜਾਂ ਹੀ ਬਣਾ ਸਕਿਆ। ਹੈਦਰਾਬਾਦ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਸਨ, ਕਿਉਂਕਿ ਹੇਨਰਿਕ ਕਲਾਸੇਨ ਵੀ 7 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤਰ੍ਹਾਂ, SRH ਨੇ 54 ਦੇ ਸਕੋਰ ‘ਤੇ 3 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸੀ।
ਈਸ਼ਾਨ ਕਿਸ਼ਨ ਅਤੇ ਅਨਿਕੇਤ ਵਰਮਾ ਦੀ 36 ਦੌੜਾਂ ਦੀ ਸਾਂਝੇਦਾਰੀ ਨੇ SRH ਟੀਮ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਖੰਭ ਦਿੱਤੇ, ਪਰ ਉਨ੍ਹਾਂ ਵਿੱਚੋਂ ਇੱਕ ਖੰਭ ਉਦੋਂ ਕੱਟਿਆ ਗਿਆ ਜਦੋਂ ਕਿਸ਼ਨ 44 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਨ੍ਹਾਂ ਆਊਟ ਹੋਣ ਸਮੇਂ, SRH ਨੂੰ ਜਿੱਤ ਲਈ 8 ਓਵਰਾਂ ਵਿੱਚ 65 ਦੌੜਾਂ ਦੀ ਲੋੜ ਸੀ।ਅਨਿਕੇਤ ਵੀ ਇੱਕ ਸਥਿਰ ਪਾਰੀ ਖੇਡ ਰਿਹਾ ਸੀ ਪਰ ਇੱਕ ਮਹੱਤਵਪੂਰਨ ਪਲ ‘ਤੇ, ਉਸਨੇ 19 ਦੇ ਸਕੋਰ ‘ਤੇ ਆਪਣੀ ਵਿਕਟ ਗੁਆ ਦਿੱਤੀ।
ਦੁਨੀਆ ਦਾ 8ਵਾਂ ਅਜੂਬਾ CSK ‘ਤੇ ਭਾਰੀ
ਇਸ ਮੈਚ ਵਿੱਚ SRH ਦੀ ਜਿੱਤ ਵਿੱਚ ਕਾਮਿੰਦੂ ਮੈਂਡਿਸ ਨੇ ਵੱਡਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ, ਉਸਨੇ ਡਿਵਾਲਡ ਬ੍ਰੇਵਿਸ ਨੂੰ ਆਊਟ ਕਰਨ ਲਈ ਫੀਲਡਿੰਗ ਕਰਦੇ ਸਮੇਂ ਇੱਕ ਸ਼ਾਨਦਾਰ ਕੈਚ ਲਿਆ, ਜੋ ਸੀਐਸਕੇ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਬ੍ਰੇਵਿਸ ਨੇ 42 ਦੌੜਾਂ ਦੀ ਤੇਜ਼ ਪਾਰੀ ਖੇਡੀ ਅਤੇ ਚੇਨਈ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।
ਮੈਂਡਿਸ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ, ਜਦੋਂ ਉਨ੍ਹਾਂ ਦੀ ਟੀਮ ਨੂੰ 8 ਓਵਰਾਂ ਵਿੱਚ ਜਿੱਤ ਲਈ 65 ਦੌੜਾਂ ਦੀ ਲੋੜ ਸੀ। ਮੈਂਡਿਸ ਨੇ ਇੱਥੋਂ ਇੱਕ ਸਿਰਾ ਫੜ੍ਹੀ ਰੱਖਿਆ ਅਤੇ 22 ਗੇਂਦਾਂ ਵਿੱਚ 32 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਨਿਤੀਸ਼ ਕੁਮਾਰ ਰੈੱਡੀ ਨਾਲ ਛੇਵੀਂ ਵਿਕਟ ਲਈ 49 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ SRH ਦੀ ਜਿੱਤ ਯਕੀਨੀ ਬਣਾਈ।