
ਕਪੂਰਥਲਾ, 26 ਅਪ੍ਰੈਲ – ਬੇਗੋਵਾਲ ਸ਼ਹਿਰ ਦੇ ਨੇੜੇ ਪਿੰਡ ਬਲੋਚੱਕ ’ਚ ਕਿਸਾਨਾਂ ਦੁਆਰਾ ਪੁੱਤਰਾਂ ਵਾਂਗ ਪਾਲੀਆਂ ਗਈਆਂ ਫ਼ਸਲਾਂ ਉਸ ਸਮੇਂ ਤਬਾਹ ਹੋ ਗਈਆਂ ਜਦੋਂ ਪਿੰਡ ਚੋਹਾਣਾ ਤੋਂ ਆਈ ਭਿਆਨਕ ਅੱਗ ਨੇ ਅੱਗ ਬੁਝਾਉਣ ਗਏ ਕਿਸਾਨ ਦੇ ਟਰੈਕਟਰ ਤੋਂ ਇਲਾਵਾ ਲਗਭਗ 12 ਏਕੜ ਕਣਕ ਅਤੇ ਲਗਭਗ 250 ਏਕੜ ਤੂੜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨਰਿੰਦਰ ਸਿੰਘ ਗੁੱਲੂ ਪੁੱਤਰ ਨਿਰੰਜਣ ਸਿੰਘ ਵਾਸੀ ਬਲੋਚੱਕ ਨੇ ਦੱਸਿਆ ਕਿ ਇਹ ਅੱਗ ਨੇੜਲੇ ਪਿੰਡ ਚੌਹਾਨਾ ’ਚ ਕਾਫ਼ੀ ਸਮੇਂ ਤੋਂ ਲੱਗੀ ਹੋਈ ਸੀ, ਜੋ ਕਿ ਬਲੋਚੱਕ ਪਿੰਡ ’ਚ ਵੀ ਫੈਲ ਗਈ ਅਤੇ ਲਗਭਗ 12 ਏਕੜ ਕਣਕ ਅਤੇ ਲਗਭਗ 250 ਏਕੜ ਦੇ ਨਾੜ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਫ਼ਸਲਾਂ ਤਬਾਹ ਹੋ ਗਈਆਂ।
ਇਸ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ। ਜਦੋਂ ਤੱਕ ਕਿਸਾਨਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਭਿਆਨਕ ਅੱਗ ਨੇ ਇੱਕ ਕਿਸਾਨ ਸਰਬਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਦੇ ਅਰਜੁਨ 605 ਬ੍ਰਾਂਡ ਦੇ ਟਰੈਕਟਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜੋ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।