
ਖ਼ੈਬਰ ਪਖ਼ਤੂਨਖ਼ਵਾ, 26 ਅਪ੍ਰੈਲ – ਜਿਵੇਂ ਕਿ ਭਾਰਤ ਨੂੰ ਪਹਿਲਗਾਮ ਅੱਤਵਾਦੀ ਹਮਲੇ, ਜਿਸ ਵਿੱਚ 26 ਲੋਕ ਮਾਰੇ ਗਏ ਸਨ, ਵਿਰੁੱਧ ਆਲਮੀ ਸਮਰਥਨ ਮਿਲ ਰਿਹਾ ਹੈ, ਉੁਸ ਤੋਂ ਪਾਕਿਸਤਾਨੀ ਨਿਜ਼ਾਮ ‘ਤੇ ਦਬਾਅ ਵਧ ਰਿਹਾ ਹੈ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ, ਸ਼ਨਿੱਚਰਵਾਰ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ “ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ” ਜਾਂਚ ਵਿੱਚ ਹਿੱਸਾ ਲੈਣ ਲਈ ਇਸਲਾਮਾਬਾਦ ਦੀ ਇੱਛਾ ਜ਼ਾਹਰ ਕੀਤੀ।
ਖੈਬਰ ਪਖਤੂਨਖਵਾ ਸੂਬੇ ਵਿੱਚ ਸਥਿਤ ਕਾਕੁਲ ਵਿੱਚ ਪਾਕਿਸਤਾਨ ਮਿਲਟਰੀ ਅਕੈਡਮੀ ਵਿੱਚ ਇੱਕ ਪਾਸਿੰਗ-ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਕਿਹਾ, “ਇੱਕ ਜ਼ਿੰਮੇਵਾਰ ਮੁਲਕ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਦੇ ਹੋਏ, ਪਾਕਿਸਤਾਨ ਕਿਸੇ ਵੀ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਵਿੱਚ ਹਿੱਸਾ ਲੈਣ ਲਈ ਤਿਆਰ ਹੈ।” ਪਾਕਿਸਤਾਨ ਨੂੰ “ਅੱਤਵਾਦ ਵਿਰੁੱਧ ਦੁਨੀਆ ਦਾ ਮੋਹਰੀ ਮੁਲਕ” ਦੱਸਦਿਆਂ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਦੇਸ਼ ਨੇ ਇਸ ਕਾਰਨ “ਭਾਰੀ ਨੁਕਸਾਨ ਝੱਲਿਆ ਹੈ।
‘ਡਾਅਨ’ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ, “ਦਹਿਸ਼ਤਗਰਦੀ ਖ਼ਿਲਾਫ਼ ਦੁਨੀਆ ਦੇ ਮੋਹਰੀ ਮੁਲਕ ਹੋਣ ਦੇ ਨਾਤੇ, ਅਸੀਂ ਬਹੁਤ ਵੱਡਾ ਨੁਕਸਾਨ ਝੱਲਿਆ ਹੈ, ਜਿਵੇਂ 90,000 ਲੋਕਾਂ ਦਾ ਜਾਨੀ ਨੁਕਸਾਨ ਅਤੇ ਕਲਪਨਾ ਤੋਂ ਪਰੇ ਆਰਥਿਕ ਨੁਕਸਾਨ, ਜੋ 600 ਅਰਬ ਡਾਲਰ ਤੋਂ ਵੱਧ ਬਣਦਾ ਹੈ। ਇੱਕ ਦਿਨ ਪਹਿਲਾਂ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਮੰਨਿਆ ਸੀ ਕਿ ਉਨ੍ਹਾਂ ਦਾ ਮੁਲਕ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਅਤੇ ਸਮਰਥਨ ਦੇ ਰਿਹਾ ਹੈ। ਵਾਇਰਲ ਹੋਈ ਇੱਕ ਵੀਡੀਓ ਕਲਿੱਪ ਵਿੱਚ, ਪਾਕਿਸਤਾਨ ਦੇ ਰੱਖਿਆ ਮੰਤਰੀ ਸਕਾਈ ਨਿਊਜ਼ ਦੀ ਪੇਸ਼ਕਾਰ ਯਲਦਾ ਹਕੀਮ ਨਾਲ ਗੱਲਬਾਤ ਕਰ ਰਹੇ ਸਨ।
ਜਦੋਂ ਉਸਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਮੰਨਦੇ ਹੋ, ਸਰ, ਕਿ ਪਾਕਿਸਤਾਨ ਦਾ ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਸਮਰਥਨ ਅਤੇ ਸਿਖਲਾਈ ਅਤੇ ਫੰਡਿੰਗ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ?” ਤਾਂ ਖਵਾਜਾ ਆਸਿਫ਼ ਨੇ ਆਪਣੇ ਜਵਾਬ ਵਿੱਚ ਕਿਹਾ, “ਅਸੀਂ ਲਗਭਗ ਤਿੰਨ ਦਹਾਕਿਆਂ ਤੋਂ ਅਮਰੀਕਾ ਲਈ ਇਹ ਗੰਦਾ ਕੰਮ ਕਰ ਰਹੇ ਹਾਂ… ਅਤੇ ਨਾਲ ਹੀ ਪੱਛਮ, ਜਿਸ ਵਿੱਚ ਬ੍ਰਿਟੇਨ ਵੀ ਸ਼ਾਮਲ ਹੈ… ਇਹ ਇੱਕ ਗਲਤੀ ਸੀ, ਅਤੇ ਅਸੀਂ ਇਸਦਾ ਦੁੱਖ ਝੱਲਿਆ, ਅਤੇ ਇਸੇ ਲਈ ਤੁਸੀਂ ਮੈਨੂੰ ਇਹ ਕਹਿ ਰਹੇ ਹੋ।