
ਹੈਦਰਾਬਾਦ, 26 ਅਪ੍ਰੈਲ – ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਮੁੱਖ ਮੰਤਰੀ ਰੇਵੰਤ ਰੈਡੀ ਦੇ ਸਮਰਥਨ ਵਿੱਚ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿੱਚ AIMIM ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ, ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਸਮੇਤ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ ਹੈ। ਅੱਤਵਾਦੀ ਹਮਲੇ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਨੂੰ ਸਮਰਥਨ ਦਿੰਦੇ ਹੋਏ, ਮੁੱਖ ਮੰਤਰੀ ਏ ਰੇਵੰਤ ਰੈਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਅਤੇ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਭਾਵੇਂ ਇਸਦਾ ਅਰਥ ਪੀਓਕੇ ਨੂੰ ਭਾਰਤ ਵਿੱਚ ਕਿਉਂ ਨਾ ਮਿਲਾਉਣਾ ਪਵੇ।
ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇੱਕ ਮੋਮਬੱਤੀ ਰੈਲੀ ਦੀ ਅਗਵਾਈ ਕਰ ਰਹੇ ਰੇਵੰਤ ਰੈਡੀ ਨੇ ਕਿਹਾ, “ਪਹਿਲਗਾਮ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਫੈਸਲਾਕੁੰਨ ਕਾਰਵਾਈ ਦੀ ਲੋੜ ਹੈ।” ਉਨ੍ਹਾਂ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 1971 ਵਿੱਚ ਬੰਗਲਾਦੇਸ਼ ਦੀ ਸਿਰਜਣਾ ਸਬੰਧੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤੁਲਨਾ ਦੇਵੀ ਦੁਰਗਾ ਨਾਲ ਕੀਤੀ ਸੀ। ਸੀਐਮ ਰੈੱਡੀ ਨੇ ਕਿਹਾ, “ਤੁਸੀਂ (ਪ੍ਰਧਾਨ ਮੰਤਰੀ ਮੋਦੀ) ਦੁਰਗਾ ਮਾਤਾ ਨੂੰ ਯਾਦ ਕਰੋ, ਕਾਰਵਾਈ ਕਰੋ, ਭਾਵੇਂ ਇਹ ਪਾਕਿਸਤਾਨ ‘ਤੇ ਹਮਲਾ ਹੋਵੇ ਜਾਂ ਕੋਈ ਹੋਰ ਉਪਾਅ। ਅੱਜ ਪਾਕਿਸਤਾਨ ਵਿਰੁੱਧ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਹ ਸਮਝੌਤਾ ਕਰਨ ਦਾ ਸਮਾਂ ਨਹੀਂ ਹੈ, ਢੁਕਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਅੱਗੇ ਵਧੋ, ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। 140 ਕਰੋੜ ਭਾਰਤੀ ਤੁਹਾਡੇ ਨਾਲ ਹਨ। ਰੈੱਡੀ ਨੇ ਕਿਹਾ, “ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿਓ, ਪੀਓਕੇ ਨੂੰ ਭਾਰਤ ਵਿੱਚ ਮਿਲਾਓ। ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਤੁਸੀਂ ਦੁਰਗਾ ਮਾਤਾ ਦੇ ਭਗਤ ਹੋ। ਇੰਦਰਾ ਜੀ ਨੂੰ ਯਾਦ ਰੱਖੋ।”