
26, ਅਪ੍ਰੈਲ – ਕੁੱਲ 16 ਐਫ਼ਆਈਆਰ ਦਰਜ ਕੀਤੀਆਂ ਗਈਆਂ ਅਤੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਪ੍ਰਾਈਵੇਟ ਏਜੰਟ ਅਤੇ ਕੁੱਝ ਸਰਕਾਰੀ ਅਧਿਕਾਰੀ ਸ਼ਾਮਲ ਸਨ। ਪੰਜਾਬ ਵਿਜੀਲੈਂਸ ਬਿਊਰੋ ਵਲੋਂ 7 ਅਪ੍ਰੈਲ ਨੂੰ ਰਾਜ ਭਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰਾਂ ਅਤੇ ਡਰਾਈਵਿੰਗ ਟੈਸਟ ਸੈਂਟਰਾਂ ‘ਤੇ ਕੀਤੇ ਗਏ ਅਚਾਨਕ ਨਿਰੀਖਣ ਨੇ ਇਕ ਵੱਡਾ ਭਾਂਡਾ ਫੋੜ ਦਿਤਾ, ਜਿਸ ਵਿਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਵਿਚੋਲਿਆਂ (ਏਜੰਟਾਂ) ਵਲੋਂ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਜਾਂ ਡਰਾਈਵਿੰਗ ਟੈਸਟ ਦੇ ਨਤੀਜਿਆਂ ਵਿਚ ਹੇਰਾਫੇਰੀ ਕਰਨ ਲਈ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਫੀਸਾਂ ਵਸੂਲੀਆਂ ਜਾਂਦੀਆਂ ਸਨ। ਛਾਪਿਆਂ ਦੌਰਾਨ ਰਿਸ਼ਵਤਖੋਰੀ ਅਤੇ ਫ਼ਰਜ਼ੀ ਡਰਾਈਵਿੰਗ ਟੈਸਟ ਵਿਚ ਕਥਿਤ ਤੌਰ ‘ਤੇ ਸ਼ਾਮਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਏਜੰਟਾਂ ਰਾਹੀਂ ਬਿਨੈਕਾਰਾਂ ਤੋਂ ਰਿਸ਼ਵਤ ਲੈ ਕੇ, ਬਹੁਤ ਸਾਰੇ ਲਾਇਸੈਂਸ ਸਹੀ ਡਰਾਈਵਿੰਗ ਟੈਸਟ ਤੋਂ ਬਿਨਾਂ ਜਾਰੀ ਕੀਤੇ ਜਾ ਰਹੇ ਸਨ। ਜਿਸ ਤਹਿਤ ਕੁੱਲ 16 ਐਫ਼ਆਈਆਰ ਦਰਜ ਕੀਤੀਆਂ ਗਈਆਂ ਅਤੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਪ੍ਰਾਈਵੇਟ ਏਜੰਟ ਅਤੇ ਕੁੱਝ ਸਰਕਾਰੀ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਏਜੰਟਾਂ ਅਤੇ ਅਧਿਕਾਰੀਆਂ ਨੂੰ ਮੋਹਾਲੀ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਕਪੂਰਥਲਾ, ਐਸ.ਬੀ.ਐਸ. ਨਗਰ, ਸੰਗਰੂਰ, ਤਰਨਤਾਰਨ, ਬਠਿੰਡਾ ਅਤੇ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਤੋਂ ਪਤਾ ਲੱਗਾ ਕਿ ਏਜੰਟ ਕਈ ਤਰੀਕਿਆਂ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਸਿਸਟਮ ਨੂੰ ਧੋਖਾ ਦੇ ਰਹੇ ਸਨ। ਪੰਜਾਬ ਵਿਚ 32 ਆਟੋਮੇਟਿਡ ਟਰੈਕ ਹਨ, ਜਿੱਥੇ ਡਰਾਈਵਿੰਗ ਟੈਸਟ ਵੀਡੀਉ ‘ਤੇ ਰਿਕਾਰਡ ਕੀਤੇ ਜਾਂਦੇ ਹਨ ਅਤੇ ਡਿਜੀਟਲ ਰੂਪ ਵਿਚ ਸਕੋਰ ਕੀਤੇ ਜਾਂਦੇ ਹਨ। ਏਜੰਟ, ਆਰਟੀਓ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ, ਯੋਗ ਉਮੀਦਵਾਰਾਂ ਦੇ ਪੁਰਾਣੇ ਵੀਡੀਉ ਫ਼ੁਟੇਜ ਦੀ ਵਰਤੋਂ ਕਰ ਰਹੇ ਸਨ ਅਤੇ ਇਸ ਨੂੰ ਨਵੇਂ ਬਿਨੈਕਾਰਾਂ ਦੇ ਨਾਮ ‘ਤੇ ਅਪਲੋਡ ਕਰ ਰਹੇ ਸਨ। ਜਿਨ੍ਹਾਂ ਨੇ ਅਸਲ ਵਿਚ ਕਦੇ ਪ੍ਰੀਖਿਆ ਨਹੀਂ ਦਿਤੀ ਸੀ। ਕਈ ਮਾਮਲਿਆਂ ਵਿਚ, ਇਕੋ ਵਾਹਨ ਨੂੰ ਕਈ ਵਾਰ ਵਰਤਿਆ ਗਿਆ, ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ। ਏਜੰਟਾਂ ਦੁਆਰਾ ਪ੍ਰਬੰਧ ਕੀਤੇ ਗਏ ਵਾਹਨਾਂ ਦੀ ਵਰਤੋਂ ਕਰ ਕੇ ਦੂਜਿਆਂ ਵਲੋਂ ਪ੍ਰੀਖਿਆ ਦੇਣ ਲਈ ਪ੍ਰੌਕਸੀ ਡਰਾਈਵਰਾਂ ਦੀ ਵਰਤੋਂ ਵੀ ਕੀਤੀ ਗਈ।