
ਚੰਡੀਗੜ੍ਹ, 26 ਅਪ੍ਰੈਲ – ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਵਿਚਾਲੇ ਅੱਜ ਫਿਰ ਲੰਬੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਤਲਵਾੜਾ ਇਲਾਕੇ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਜੀਨੀਅਰ ਚਤਰ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਤੋਂ 11 ਕੇਵੀ ਤਲਵਾੜਾ ਤੋਂ ਚੱਲਣ ਵਾਲੇ ਭੁੰਬੋਟਾਡ ਅਤੇ ਸਾਂਡਪੁਰ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਦੌਰਾਨ ਪਿੰਡਾਂ ਦੋਸਾਡਕਾ, ਨਗਰ, ਧਾਰ, ਬਨਕਰਨਪੁਰ, ਡੈਮ ਰੋਡ, ਟੈਰੇਸ ਰੋਡ, ਨਥੋਲੀ, ਰਾਜਵਾਲ, ਹਾਲੇਡ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਬਿਜਲੀ ਵਿਭਾਗ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਇਸੇ ਤਰ੍ਹਾਂ ਪੰਜਾਬ ਦੇ ਨੂਰਪੁਰਬੇਦੀ ਵਿੱਚ ਵੀ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਹੈ। ਵਧੀਕ ਸਹਾਇਕ ਇੰਜੀਨੀਅਰ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਸਬ ਆਫਿਸ ਤਖ਼ਤਗੜ੍ਹ ਕੁਲਵਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਬਜਰੂੜ ਅਧੀਨ ਆਉਂਦੇ ਭੱਟੋਂ ਫੀਡਰ ਨਾਲ ਜੁੜੇ ਪਿੰਡਾਂ ਦੀਆਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ, ਪ੍ਰਾਪਤ ਪਰਮਿਟ ਅਨੁਸਾਰ 26 ਅਪ੍ਰੈਲ, ਸ਼ਨੀਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਪਿੰਡ ਸਰਥਲੀ, ਭੋਗੀਪੁਰ, ਭੱਟੋਂ, ਬੈਂਸ, ਅੱਡਾ ਬੈਂਸ, ਤਖਤਗੜ੍ਹ, ਢਾਹਾਂ, ਗ਼ਦੀਸਪੁਰ, ਔਲਖ, ਅਸਲਤਪੁਰ ਅਤੇ ਲੁਹਾਰੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਚੱਲ ਰਹੇ ਕੰਮ ਦੌਰਾਨ ਬਿਜਲੀ ਕੱਟਾਂ ਦੀ ਮਿਆਦ ਲੰਬੀ ਜਾਂ ਛੋਟੀ ਹੋ ਸਕਦੀ ਹੈ। ਜਿਸ ਲਈ ਖਪਤਕਾਰਾਂ ਨੂੰ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ।