
ਅਟਾਰੀ, 26 ਅਪ੍ਰੈਲ – ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਕੇਂਦਰ ਵਲੋਂ ਦੇਸ਼ ਛੱਡਣ ਲਈ 48 ਘੰਟਿਆਂ ਦੀ ਸਮਾਂ ਸੀਮਾ ਦਿਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਆਏ ਕੁੱਲ 191 ਪਾਕਿਸਤਾਨੀ ਨਾਗਰਿਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਜ਼ਮੀਨੀ ਰਸਤੇ ਰਾਹੀਂ ਘਰ ਪਰਤ ਆਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਦੀ ਯਾਤਰਾ ਕਰਨ ਵਾਲੇ ਕੁੱਲ 287 ਭਾਰਤੀ ਨਾਗਰਿਕ ਵੀ ਵਾਪਸ ਆ ਗਏ ਹਨ। ਪਾਕਿਸਤਾਨ ਵਿੱਚ ਵਿਆਹੀਆਂ ਪਰ ਭਾਰਤੀ ਪਾਸਪੋਰਟ ਰੱਖਣ ਵਾਲੀਆਂ ਕੁਝ ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ ਰੱਖਣ ਦੇ ਬਾਵਜੂਦ ਵਾਪਸ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਈਆਂ ਸਨ ਪਰ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਲਈ 48 ਘੰਟਿਆਂ ਦੀ ਸਮਾਂ ਸੀਮਾ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਆਉਣਾ ਪਿਆ। ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪ੍ਰਸਿੱਧ ਸੈਲਾਨੀ ਸ਼ਹਿਰ ਪਹਿਲਗਾਮ ’ਚ ਅਤਿਵਾਦੀਆਂ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ, ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਜਿਸ ਤੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੇਂਦਰ ਨੇ ਬੁੱਧਵਾਰ ਨੂੰ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਸਰਹੱਦ ਪਾਰ ਸਬੰਧਾਂ ’ਤੇ ਕਈ ਉਪਾਵਾਂ ਦਾ ਐਲਾਨ ਕੀਤਾ, ਜਿਸ ਵਿੱਚ 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਅਤੇ ਅਟਾਰੀ ਲੈਂਡ-ਟਰਾਂਜ਼ਿਟ ਚੈੱਕਪੁਆਇੰਟ ਨੂੰ ਤੁਰੰਤ ਬੰਦ ਕਰਨਾ ਸ਼ਾਮਲ ਹੈ।