ਸੋਚ ਸਮਝ ਕੇ ਬੋਲਿਆ ਕਰਨ ਰਾਹੁਲ – ਸੁਪਰੀਮ ਕੋਰਟ

ਨਵੀਂ ਦਿੱਲੀ, 26 ਅਪ੍ਰੈਲ – ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿੱਚ ਇੱਕ ਰੈਲੀ ਦੌਰਾਨ ਵਿਨਾਇਕ ਦਾਮੋਦਰ ਸਾਵਰਕਰ ਬਾਰੇ ‘ਗੈਰ-ਜ਼ਿੰਮੇਵਾਰਾਨਾ’ ਟਿੱਪਣੀਆਂ ਕਰਨ ਲਈ ਸ਼ੁੱਕਰਵਾਰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਝਾੜ-ਝੰਬ ਕੀਤੀ, ਪਰ ਨਾਲ ਹੀ ਉਨ੍ਹਾ ਵਿਰੁੱਧ ਅਪਰਾਧਕ ਕਾਰਵਾਈ ’ਤੇ ਰੋਕ ਲਗਾ ਦਿੱਤੀ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਕਿਹਾ, ‘ਸਾਨੂੰ ਆਪਣੇ ਆਜ਼ਾਦੀ ਘੁਲਾਟੀਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।’ ਬੈਂਚ ਨੇ ਰਾਹੁਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਸਵਾਲ ਕੀਤਾ ਕਿ ਕੀ ਉਨ੍ਹਾ ਨੂੰ ਚੇਤੇ ਹੈ ਕਿ ਮਹਾਤਮਾ ਗਾਂਧੀ ਨੇ ਵੀ ਅੰਗਰੇਜ਼ਾਂ ਨਾਲ ਆਪਣੀ ਖ਼ਤੋ-ਕਿਤਾਬਤ ਦੌਰਾਨ ਖ਼ੁਦ ਲਈ ‘ਤੁਹਾਡਾ ਵਫ਼ਾਦਾਰ ਸੇਵਕ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਜਦੋਂ ਸਿੰਘਵੀ ਨੇ ਦਲੀਲ ਦਿੱਤੀ ਕਿ ਰਾਹੁਲ ਵਿਰੁੱਧ ਦੁਸ਼ਮਣੀ ਅਤੇ ਜਨਤਕ ਸ਼ਰਾਰਤ ਨੂੰ ਹੁਲਾਰਾ ਦੇਣ ਦੇ ਦੋਸ਼ ਨਹੀਂ ਸਨ, ਤਾਂ ਜਸਟਿਸ ਦੱਤਾ ਨੇ ਟਿੱਪਣੀ ਕੀਤੀ, ‘ਤੁਸੀਂ ਬਹੁਤ ਆਗਿਆਕਾਰੀ ਹੋ… ਕੀ ਤੁਹਾਡੇ ਮੁਵੱਕਲ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਨੇ ਵੀ ਵਾਇਸਰਾਏ ਨੂੰ ਸੰਬੋਧਨ ਕਰਦੇ ਸਮੇਂ ‘ਤੁਹਾਡਾ ਵਫ਼ਾਦਾਰ ਸੇਵਕ’ ਵਰਤਿਆ ਸੀ? ਕੀ ਮਹਾਤਮਾ ਗਾਂਧੀ ਨੂੰ ਸਿਰਫ਼ ਇਸ ਲਈ ‘ਅੰਗਰੇਜ਼ਾਂ ਦਾ ਸੇਵਕ’ ਕਿਹਾ ਜਾ ਸਕਦਾ ਹੈ। ਮੈਂ ਦੇਖਿਆ ਹੈ ਕਿ ਉਨ੍ਹਾਂ ਦਿਨਾਂ ਵਿੱਚ ਕਲਕੱਤਾ ਹਾਈ ਕੋਰਟ ਦੇ ਜੱਜ ਤੱਕ ਵੀ ਚੀਫ਼ ਜਸਟਿਸ ਨੂੰ ‘ਤੁਹਾਡਾ ਸੇਵਕ’ ਲਿਖ ਕੇ ਸੰਬੋਧਤ ਕਰਦੇ ਸਨ।ਜਸਟਿਸ ਦੱਤਾ ਨੇ ਕਿਹਾ, ‘ਕੀ ਤੁਹਾਡੇ ਮੁਵੱਕਲ ਨੂੰ ਪਤਾ ਹੈ ਕਿ ਉਸ ਦੀ ਦਾਦੀ (ਇੰਦਰਾ ਗਾਂਧੀ), ਜਦੋਂ ਉਹ ਪ੍ਰਧਾਨ ਮੰਤਰੀ ਸਨ, ਨੇ ਵੀ ਇਸ ਬਹੁਤ ਹੀ ਸੱਜਣ (ਸਾਵਰਕਰ) ਦੀ ਪ੍ਰਸੰਸਾ ਕਰਦੇ ਹੋਏ ਇੱਕ ਪੱਤਰ ਭੇਜਿਆ ਸੀ? ’ ਫਾਜ਼ਲ ਜੱਜ ਨੇ ਕਿਹਾ, ‘ਤਾਂ, ਸਮਝ ਲਓ ਕਿ ਸਾਨੂੰ ਆਜ਼ਾਦੀ ਘੁਲਾਟੀਆਂ ਬਾਰੇ ਗੈਰ-ਜ਼ਿੰਮੇਵਾਰਾਨਾ ਬਿਆਨ ਨਹੀਂ ਦੇਣੇ ਚਾਹੀਦੇ। (ਉਂਝ) ਤੁਸੀਂ ਕਾਨੂੰਨ ’ਤੇ ਇੱਕ ਵਧੀਆ ਨੁਕਤਾ ਉਠਾਇਆ ਹੈ, ਇਸ ਲਈ ਤੁਸੀਂ ਸਟੇਅ ਹਾਸਲ ਕਰਨ ਦੇ ਹੱਕਦਾਰ ਹੋ।’

ਸਾਂਝਾ ਕਰੋ

ਪੜ੍ਹੋ

ਲੋਕ ਲਹਿਰ ਹੀ ਖ਼ਤਮ ਕਰ ਸਕੇਗੀ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ...