ਕਵਿਤਾ/ ਫ਼ਾਸਲਾ/ ਗੁਰਮੀਤ ਸਿੰਘ ਪਲਾਹੀ

 

ਇੱਕ ਮਿੱਕ ਹੋਏ ਮੈਂ ਕਿਹਾ ਸੀ,

ਤੂੰ ਤੇ ਮੈਂ ਇੱਕ ਹਾਂ।

ਜਵਾਬ ਤੇਰਾ ਸੀ,

ਤੂੰ, ਤੂੰ ਹੈਂ,

ਮੈਂ, ਮੈਂ ਹਾਂ,

ਇੱਕ ਕਿਵੇਂ ਹੋ ਸਕਦੇ ਹਾਂ?

ਮੈਂ ਜਜ਼ਬਾਤ ‘ਚੋਂ ਨਿਕਲਿਆ ਸਾਂ,

ਤਾ-ਉਮਰ ਇਕੱਲੇਪਨ ਦਾ,

ਅਹਿਸਾਸ ਹੰਢਾਉਂਦਾ ਰਿਹਾ,

ਗੀਟੀਆਂ ਗਿਣਦਾ ਰਿਹਾ,

ਕਦੇ ਹੱਸਦਾ, ਕਦੇ ਰੋਂਦਾ,

ਕਦੇ ਮੁਸਕਰਾਉਂਦਾ ਰਿਹਾ।

——————–0——————

ਅਰਥ ਜ਼ਿੰਦਗੀ ਦੇ ਲੱਭਦਿਆਂ,

ਆਪਣੀ ਤੇਰੀ ਹੋਂਦ ਨੂੰ ਪਰਖ਼ਦਿਆਂ,

ਇੱਕੋ ਘਰ, ਇੱਕੋ ਛੱਤ ਹੇਠ,

ਵਿਚਰਦਿਆਂ, ਰਹਿੰਦਿਆਂ,

ਬੋਟਾਂ-ਬੱਚਿਆਂ ਦਾ ਬਣਕੇ ਪਾਲਕ ਵੀ,

ਓਪਰੇਪਨ ਨੂੰ ਹੰਢਾਉਂਦਾ ਰਿਹਾ,

ਕਦੇ ਖ਼ੁਸ਼ੀ, ਕਦੇ ਗ਼ਮੀ ਦੇ ਗਾਉਂਦਾ ਰਿਹਾ।

——————–0——————

ਜਦੋਂ ਵੀ ਰਾਤ ਦੇ ਹਨ੍ਹੇਰੇ ‘ਚ,

ਤੈਨੂੰ ਸਵੇਰ ਵਾਂਗਰ ਵੇਖਿਆ,

ਬੱਸ ਰੋਟੀ ਵੇਖੀ,

ਦੋਹਾਂ ਪੁਰਜਿਆਂ ‘ਚ ਮਿਲਣ ਦੀ ਤਾਂਘ ਵੇਖੀ,

ਪੰਛੀਆਂ ਦੀ ਆਵਾਜ਼ ਨੂੰ ਤਰਸਿਆ।

ਨਾ ਕਿਲਕਾਰੀ ਵੇਖੀ, ਨਾ ਵੇਖਿਆ ਹਵਾ ਦਾ ਬੁਲਾ,

ਮਨ ਦੇ ਗਰਭ ‘ਚ,

ਬਸ ਇੱਕ ਗੁਬਾਰ ਵੇਖਿਆ,

ਤੂਫ਼ਾਨ ਦੀ ਚਾਹ ‘ਚ ਭਟਕਦਿਆਂ,

ਇੱਕ ਠੰਡਾ ਅਹਿਸਾਸ ਵੇਖਿਆ।

——————–0——————

ਚਾਹਿਆ ਸੀ ਕਵਿਤਾ ਲਿਖਾਂ,

ਨਿਆਰੀ ਜਿਹੀ ਕਵਿਤਾ ਲਿਖਾਂ,

ਤੇਰੇ-ਮੇਰੇ ਅਹਿਸਾਸ ਤੈਰਨ,

ਜਿਵੇਂ ਝੀਲ ‘ਚ ਤੈਰਨ ਬਤਖਾਂ।

ਝੱਖੜਾਂ ਹਵਾਵਾਂ ‘ਚ ਨਾ ਟੁੱਟਣ,

ਤੇਰੇ-ਮੇਰੇ ਰਿਸ਼ਤਿਆਂ ਦੀਆਂ ਤੰਦਾਂ,

ਨਾ ਡੋਲਾਂ, ਨਾ ਥਿੜਕਾਂ,

ਬੱਸ ਨੰਨੀ ਜਿਹੀ,

ਨਿੱਕੀ ਜਿਹੀ ਇੱਕ ਕਵਿਤਾ ਲਿਖਾਂ,

ਸਾਉਣੀਆਂ ਤੇ ਹਾੜੀਆਂ ‘ਚ

ਰੰਗਾਂ ਨਾਲ ਗੁਫ਼ਤਗੂ ਕਰਾਂ।

——————–0——————

ਭੇਤ ਭਰੀ ਚੁੱਪ ਦਾ ਕਦੇ ਰਾਹ ਨਾ ਫੜਾਂ,

ਨਾ ਰਿਸ਼ਤਿਆਂ ‘ਚ ਉਗਣ,

ਫੁੱਲਾਂ ਦੇ ਕਾਲੇ ਗੁੱਛੇ,

ਕਦੇ ਵੀ ਰਿਸ਼ਤਿਆਂ ਦੇ ਆਰ-ਪਾਰ,

ਬੇਜ਼ਾਰ ਨਾ ਰਹਾਂ।

ਧੁੱਪ-ਛਾਂ, ਔੜਾਂ-ਬਰਸਾਤਾਂ, ਜਿੱਤਾਂ-ਹਾਰਾਂ,

ਜ਼ਿੰਦਗੀ ਦੀ ਬੁੱਕਲ।

ਵਲੇਵੇਂ, ਛਲਾਵੇ, ਨਾ ਉਗਣ ਵਿਕਸਣ,

ਮੈਂ ਜੁਗਨੂੰ ਬਣਾਂ, ਸੂਰਜ ਵਾਂਗਰ ਮੁਸਕਰਾਵਾਂ।

——————–0——————

 ਨਾ ਪਰਦੇਸੀ ਨਾ ਪੰਛੀ,

 ਨਾ ਜੋਗੀ ਦਾ ਇਕਰਾਰ ਕਰਾਂ,

ਰੇਤਾ ਬਣਕੇ ਫੈਲਾਂ ਨਾ,

ਕੋਇਲ ਦੀ ਕੂ-ਕੂ ਤੇ,

ਅੰਬੀਂ ਪੈਂਦੇ ਬੂਰ ਜਿਹਾ ਅਹਿਸਾਸ ਕਰਾਂ,

ਅੰਬਰਾਂ ‘ਚ ਉਡਾਂ, ਲਾਵਾਂ ਬਾਜ ਜਿਹੀ ਉਡਾਰੀ,

ਨਾ ਸੰਘਣਾ ਹਨ੍ਹੇਰਾ ਢੋਵਾਂ।

ਬੜੇ ਚਿਰਾਂ ਤੋਂ ਨੇ

ਮਨ ‘ਚ ਮਾਤਮੀ ਧੁੰਨਾਂ,

ਵਜਦਾ ਬਸੰਤ ਰਾਗ ਰਹੇ,

ਸਦਾ ਮਨ ‘ਚ ਕਲਪਾਂ,

ਤੂੰ ਤੇ ਮੈ, ਮੈਂ ਤੇ ਤੂੰ ਇੱਕ ਹੋਵਾਂ,

ਜਜ਼ਬਿਆਂ ਦੇ ਦਰਿਆ ‘ਚ ਲਾਵਾਂ ਟੁੱਬੀਆਂ,

ਜੋ ਤੇਰੇ ਤੇ ਮੇਰੇ ਚਾਰ ਚੁਫੇਰੇ,

ਓੜਿਆ ਬੇਵਿਸ਼ਵਾਸ਼ੀ, ਤਰਕ ਦਾ ਪਿੰਜਰਾ,

ਉਹਨੂੰ ਤੋੜਾਂ ਤੇ,

ਤੇਰੀ ਨਿੱਘੀ ਗੋਦ ‘ਚ ਜਾ ਸੌਵਾਂ।

——————–0——————

ਧਰਤੀ ਗੂੰਗੀ ਏ ਤਾਂ ਰਹੇ ਗੂੰਗੀ,

ਅੰਬਰ ਬੋਲਾ ਏ ਤਾਂ ਰਹੇ ਬੋਲਾ,

ਲੋਕਾਂ ਦੇ ਕੰਨ ਪੱਥਰ ਨੇ ਤਾਂ ਰਹਿਣ ਪੱਥਰ,

ਮੈਨ ਤੇਰੀ ਬੌਣੀ ਸੋਚ ਨੂੰ,

ਸੂਰਜੀ ਗੁਲਾਬ ਬਨਾਉਣਾ ਚਾਹਾਂ,

ਤੇਰੀ ਮਜ਼ਬੂਰੀ ਨੂੰ ਸਿਮਟ ਕੇ,

ਮੇਰੀ ਚਾਹ ਹੈ ਤੇਰੀ ਹਰ ਪੀੜ ਹਰਾਂ।

——————–0——————

ਅਣਜਾਣ ਰਸਤਿਆਂ ‘ਤੇ ਬਿਨ੍ਹਾਂ ਸੋਚੇ,

ਬਿਨ੍ਹਾਂ ਸਮਝੇ ਤੁਰਦੇ ਰਹੇ,

ਭਟਕਦੇ ਰਹੇ, ਉਣਦੇ ਰਹੇ,

ਮਕੜੀ ਜਿਹਾ ਜਾਲ।

ਨਾ ਮਿਟੀ ਤੇਹ, ਛਾਏ ਰਹੇ ਬੱਦਲ,

ਜ਼ਿੰਦਗੀ ਨਦੀ ਵਾਗੂੰ,

ਚਲਦੀ ਰਹੀ ਚਾਲ ਆਪਣੀ,

ਆਪਾਂ ਭੰਵਰ ਅੰਦਰ ਨਾ ਤਰ ਸਕੇ,

ਨਦੀਆਂ ਕਿਨਾਰੇ ਡੁੱਬਦੇ ਰਹੇ।

ਘੋਰ ਉਦਾਸੀ ਪਸਰੀ,

ਰਿਹਾ ਖਿਲਾਅ ਅੰਦਰ,

ਲੱਭਦੇ ਰਹੇ ਸਤਰੰਗੀ,

 ਖੱਟਿਆ ਰੰਗ ਕਾਲਾ,

ਭਰੇ ਬਜ਼ਾਰੀਂ,

ਵਿੱਚ ਚੁੱਰਸਤੇ. ਵਿੱਚ ਰਾਹੀਂ,

ਸਭਨਾਂ ਪਾਸੇ ਤੂੰ-ਤੂੰ, ਮੈਂ-ਮੈਂ ਵੇਖਾਂ।

ਚੱਲ ਮੁੜ ਆਪਾਂ, ਅੰਗ-ਸੰਗ ਹੋਈਏ,

ਜੰਗਲ ਛਡੀਏ, ਛਲ ਛੱਡੀਏ,

ਪੀੜਾ ਦੁੱਖ ਨੂੰ ਛੰਡ ਦੇਈਏ,

ਚੰਨ ਚਕੋਰ ਦੇ ਵਾਗੂੰ,

 ਇੱਕ ਥਾਂ ਹੋ ਬਹੀਏ,

ਸਿਰਜੀਏ ਮੁੜ ਇਕਰਾਰ ਤੇ,

ਮਿੱਠੇ ਪਿਆਰੇ ਖ਼ਾਬ ਆਪਾਂ।

——————–0——————

-ਗੁਰਮੀਤ ਸਿੰਘ ਪਲਾਹੀ

-9815802070

-218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ।

8 ਦਸੰਬਰ 2021

ਸਾਂਝਾ ਕਰੋ

ਪੜ੍ਹੋ