ਪੰਜਾਬ ਬੋਲ ਕੁਝ ਤਾਂ ਬੋਲ,
ਦਿਲ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ!
*******************
ਤੈਨੂੰ ਵੱਢਿਆ,
ਤੈਨੂੰ ਟੁੱਕਿਆ,
ਤੈਨੂੰ ਪਿੰਜਿਆ,
ਤੈਨੂੰ ਮਰੋੜਿਆ,
ਤੈਨੂੰ ਦਰੜਿਆ,
ਤਦੇ ਹੈ ਤੇਰਾ ਮੁੱਖ ਵੀਰਾਨ,
ਤਦੇ ਹੈ ਦਿਸਦਾ ਤੂੰ ਪ੍ਰੇਸ਼ਾਨ,
ਪੰਜਾਬ ਬੋਲ ਕੁਝ ਤਾਂ ਬੋਲ,
ਦਿਲ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ!
*******************
ਸੀਨਾ ਤੇਰੀ ਧਰਤ ਦਾ ਹੋਇਆ ਚਾਕ ,
ਮਿੱਟੀ ਵਿੱਚ ਰੁਲਦੇ ਰਹੇ ਤੇਰੇ ਹੰਝੂ।
ਰੱਤ ਤੇਰੀ ਵਹਿ ਗਈ ਵਿੱਚ ਗਲੀਆਂ ਨਾਲੀਆਂ,
ਜ਼ਿੰਦਗੀ ਲੋਥ ਬਣ ਗਈ।
ਦਿਲ ਤੇਰੇ ‘ਤੇ ਅੰਗਿਆਰਾਂ ਦਾ
ਸੇਕ ਕੋਈ ਪਾ ਗਿਆ,
ਲੋਥਾਂ ਦੀ ਸੇਜ਼ ਤੇਰੇ ਲਈ,
ਕੋਈ ਵਿਛਾ ਗਿਆ।
ਭੁੱਖ, ਦੁੱਖ, ਸੋਗ ਜ਼ਖ਼ਮ, ਤੜਫ਼,
ਨਸੂਰ ਪੰਡ ਧੋਖਿਆਂ ਦੀ,
ਤੇਰੇ ਸਿਰ ਪਾ ਗਿਆ।
ਇਹ ਕੇਹਾ ਕੋਈ ਪੰਜਾਬ ਦੀ ਧਰਤ ‘ਤੇ,
ਸੋਗੀ ਗੀਤ ਗਾ ਗਿਆ।
ਪੰਜਾਬ ਕੁਝ ਤਾਂ ਬੋਲ,
ਦਿਲ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ!
******************
ਤੂੰ ਜ਼ਿੰਦਗੀ ਦਾ ਸੰਘਰਸ਼ ਸੀ,
ਤੂੰ ਜ਼ਰਖੇਜ਼ ਜ਼ਮੀਨ ਸੀ,
ਨੀਲਾ ਅਰਸ਼ ਸੀ।
ਤੂੰ ਜੰਗੇ-ਮੈਦਾਨ ‘ਚ ਚਮਕਦੀ ਤਲਵਾਰ,
ਸੀਸ ਤਲੀ ਤੇ ਧਰਿਆ ਤੂੰ, ਵਿਸ਼ਵਾਸ਼ ਸੀ।
ਤੂੰ ਸੀ ਜੀਊਂਦਾ,
ਜਾਗਦਾ ਇਤਿਹਾਸ ਸੁਰਖ਼ ਸਵੇਰਾ ਸੀ,
ਨਕਾਰਿਆ ਦਾ ਜੇਰਾ ਸੀ,
ਨਿਆਸਰਿਆਂ ਦਾ ਡੇਰਾ ਸੀ।
ਤੂੰ ਇਸ਼ਕ-ਮਟਕੀ ਸੀ,
ਲੋਕਾਂ ਦਾ ਦਰਦ ਸੀ,
ਤੂੰ ਸ਼ਕਤੀ-ਭਗਤੀ ਸੀ,
ਆਸ਼ਾਵਾਂ ਦੀ ਮਸਤੀ ਸੀ।
ਸੰਯੋਗ-ਵਿਯੋਗ ਸੀ, ਸੰਵਾਦ ਸੀ,
ਜਿਊਣ ਜੋਗਿਆ! ਤੂੰ ਪੰਜ-ਆਬ ਸੀ
ਤੂੰ ਸਾਗਰਾਂ ਦੀ ਤਾਬ ਸੀ।
ਹੁਣ ਤਾਂ ਤੂੰ ਉਲਝੀਆਂ ਜ਼ੁਲਫ਼ਾਂ ਦਾ ਹੀ,
ਇੱਕ ਰੰਗ ਬਣ ਰਹਿ ਗਿਆ,
ਆਪਣੇ ਰੁਲੇ-ਖੁਲੇ ਧੀਆਂ ਪੁੱਤਾਂ ਦੇ,
ਦੁੱਖਾਂ ਸੰਗ ਵਹਿ ਗਿਆ,
ਬਜ਼ੁਰਗਾਂ ਦੀਆਂ ਝੁਰੜੀਆਂ,
ਮਾਂ ਦੀਆਂ ਅੱਖਾਂ ਦੇ ਅੱਥਰੂ,
ਤੇਰੀ ਬੁਕੱਲ, ਤੇਰੇ ਸੀਨੇ ‘ਚ,
ਦਰਿਆ ਬਣ ਰਹਿ ਗਏ।
ਤੂੰ ਕਿਹੜੇ ਵਹਿਣੀਂ ਵਹਿ ਗਿਆ,
ਪੰਜਾਬ ਕੁਝ ਤਾਂ ਬੋਲ,
ਦਿਲ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ!
**********************
ਤੂੰ ਤਾਂ ਕਦੇ ਨਹੀਂ ਸੀ,
ਭ੍ਰਿਸ਼ਟਾਚਾਰ ਦੀ ਗੋਗੜ,
ਤੂੰ ਤਾਂ ਕਦੇ ਨਹੀਂ ਸੀ
ਮਾਫ਼ੀਏ ਤਿਕੜੀ ਦਾ ਡੇਰਾ,
ਤੂੰ ਤਾਂ ਕਦੇ ਨਹੀਂ ਸੀ,
ਬੇਈਮਾਨ ਸਿਆਸਤਦਾਨਾਂ ਦੀ ਧਰਤੀ,
ਤੂੰ ਤਾਂ ਕਦੇ ਨਹੀਂ ਸੀ,
ਨਸ਼ਿਆਂ ਦੀ ਮਸਤੀ।
ਤੂੰ ਤਾਂ ਕਦੇ ਨਹੀਂ ਸੀ,
ਸੱਖਣੇ ਭਾਂਡੇ ਠੰਡੇ ਚਲ੍ਹਿਆ ਦਾ ਮਾਲਕ,
ਤੂੰ ਤਾਂ ਕਦੇ ਨਹੀਂ ਸੀ ਗਿਰਝਾਂ,
ਬਗਲਿਆਂ ਦਾ ਪਾਲਕ।
ਤੂੰ ਤਾਂ ਸੀਸ ਤਲੀ ਸੀ,
ਤੂੰ ਤਾਂ ਖੰਡ ਦੀ ਡਲੀ ਸੀ।
ਤੂੰ ਅਕੀਦਤ ਸੀ,
ਤੂੰ ਹਿਫ਼ਾਜ਼ਤ ਸੀ।
ਤੈਨੂੰ ਹੁਣ ਲੱਗਿਆ ਕਾਹਦਾ ਝੋਰਾ?
ਪੰਜਾਬ ਕੁਝ ਤਾਂ ਬੋਲ,
ਦਿਲਾਂ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ!
*********************
ਤੂੰ ਸੀ ਨਾਨਕ ਦੀ ਬੇਈਂ,
ਬੁੱਧ ਦਾ ਪਿੱਪਲ,
ਤੂੰ ਸੀ ਧੰਨੇ ਦਾ ਪੱਥਰ,
ਫ਼ਰੀਦ ਦਾ ਸਿੰਮਲ।
ਖ਼ੂਬ ਸੂਰਤ ਮੰਜ਼ਰ ਸੀ ਤੇਰਾ,
ਫ਼ਕੀਰਾਂ ਦਾ ਡੇਰਾ।
ਕਰਦਾ ਨਾ ਸੀ ਕੋਈ ਤੇਰੇ,
ਵੱਲ ਭੈੜਾ ਤੱਕਣ ਦਾ ਜੇਰਾ,
ਤੂੰ ਸੀ ਕਹੀ, ਤੂੰ ਸੀ ਦਾਤੀ,
ਤੂੰ ਸੀ ਤੇਸੀ, ਤੂੰ ਸੀ ਕਲਮ,
ਤੂੰ ਦਵਾਤ, ਤੂੰ ਸੀ ਇਨਕਲਾਬ।
ਤੂੰ ਸੀ ਗਿਆਨ-ਸਾਗਰ ਦਾ,
ਵਗਦਾ ਦਰਿਆ,
ਤੂੰ ਸੀ ਪ੍ਰੇਮ ਦੀ ਗੰਗਾ,
ਸੀਨੇ ‘ਚ ਦਰਦ ਬੇਹਿਸਾਬ।
ਤੂੰ ਬੇਖ਼ੋਫ ਸੀ, ਬੇਡੋਲ ਸੀ,
ਭੋਲੇਪਨ ਦਾ ਮੁਜੱਸਮਾ।
ਸਮੁੰਦਰਾਂ ਦਾ ਤਾਰੂ,
ਮਾਨਵਤਾ ਦਾ ਪੁਜਾਰੀ,
ਨੈਤਿਕਤਾ ਦਾ ਸਾਥੀ,
ਨਿਰਲੱਜਤਾ ਜਬਰ ਲਈ ਤਾਂਡਵ,
ਕਿਉਂ ਹੋ ਗਿਉਂ ਨਿੱਸਲ ਐ ਪੰਜਾਬ!
ਪੰਜਾਬ ਬੋਲ ਕੁਝ ਤਾਂ ਬੋਲ,
ਦਿਲ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ!
*******************
ਐ ਪੰਜਾਬ! ਪੰਜਾਬੇ ਹੁਣ ਤੇਰਾ,
ਜੀਅ ਕਿਉਂ ਨਹੀਂ ਲੱਗਦਾ?
ਐ ਪੰਜਾਬ! ਤੇਰਾ ਪੰਜਾਬੋਂ,
ਮਨ ਕਿਉਂ ਭਰਿਆ?
ਐ ਪੰਜਾਬ! ਮੇਰੇ ਪੰਜਾਬ! ਤੇਰੇ ਲਾਡਲੇ,
ਗੱਠੜੀ ਬੰਨ ਪੰਜਾਬੋਂ ਕਿਉਂ ਤੁਰ ਗੇ?
ਐ ਪੰਜਾਬ! ਮੇਰੇ ਪੰਜਾਬ ! ਤੈਨੂੰ ਤਿਲਾਂਜ਼ਲੀ ਦੇ,
ਫਿਰ ਕਿਉਂ ਨਹੀਂ ਮੁੜ ਰਹੇ?
ਐ ਪੰਜਾਬ! ਤੇਰਾ ਗੀਤ ਕਿਉਂ ਟੁੱਟਿਆ,
ਐ ਪੰਜਾਬ! ਮੇਰੇ ਪਿਆਰੇ ਪੰਜਾਬ!
ਪੰਜਾਬ, ਪੰਜਾਬੋਂ ਮਨਫ਼ੀ ਕਿਉਂ ਹੋ ਰਿਹਾ?
ਪੰਜਾਬ ਕੁਝ ਤਾਂ ਬੋਲ,
ਦਿਲ ਦੀ ਘੁੰਡੀ ਖੋਹਲ,
ਐ ਪੰਜਾਬ ਕੁਝ ਤਾਂ ਬੋਲ।
**********************
-ਗੁਰਮੀਤ ਸਿੰਘ ਪਲਾਹੀ
-9815802070
218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ
7 ਦਸੰਬਰ 2021