
ਚੰਡੀਗੜ੍ਹ/ ਜਲੰਧਰ, 19 ਅਪ੍ਰੈਲ – ਪੰਜਾਬ ਸਰਕਾਰ ਵਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ਾ ਤਸਕਰਾਂ ਖਿਲਾਫ ਇਕ ਹੋਰ ਵੱਡੀ ਕਾਰਵਾਈ ਕੀਤੀ। ਨਗਰ ਨਿਗਮ ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਢਾਹੁਣ ਦੀ ਚੱਲ ਰਹੀ ਇਸ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ-5 ਅਧੀਨ ਪੈਂਦੇ ਮਾਡਲ ਹਾਊਸ ਜਲੰਧਰ ਵਿਖੇ ਸਰਕਾਰੀ ਜ਼ਮੀਨ ‘ਤੇ ਉਸਾਰੀ ਜਾਇਦਾਦ ਨੂੰ ਢਾਹ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਵੈਸਟ ਸਵਰਨਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸਰਕਾਰੀ ਜ਼ਮੀਨ ’ਤੇ ਗੈਰ ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਸ ਗੈਰ ਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਗੈਰ ਕਾਨੂੰਨੀ ਜਗ੍ਹਾ ਵਿੱਚ ਰਹਿ ਰਹੇ ਲਖਬੀਰ ਕੌਰ ਰੇਖਾ, ਉਸਦੇ ਪਤੀ ਸੰਦੀਪ ਕੁਮਾਰ ਅਤੇ ਰਿਸ਼ਤੇਦਾਰ ਸੂਰਜ ਖਿਲਾਫ ਤਿੰਨ-ਤਿੰਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੇਂਸਿਸ (ਐਨ.ਡੀ.ਪੀ.ਐਸ.) ਦੇ ਮੁਕਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਰੇਖਾ ਐਨ.ਡੀ.ਪੀ.ਐਸ ਦੇ ਮੁਕਦਮੇ ਵਿੱਚ ਕਪੂਰਥਲਾ ਜੇਲ੍ਹ ਵਿਚ ਬੰਦ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ’ਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਏ.ਸੀ.ਪੀ. ਸਵਰਨਜੀਤ ਸਿੰਘ ਨੇ ਜਲੰਧਰ ਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ।