
ਅਹਿਮਦਾਬਾਦ, 19 ਅਪਰੈਲ – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਸ਼ਾਨਦਾਰ ਲੈਅ ’ਚ ਚੱਲ ਰਹੀਆਂ ਦਿੱਲੀ ਕੈਪੀਟਲਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਭਲਕੇ ਬਾਅਦ ਦੁਪਹਿਰ 3:30 ਵਜੇ ਆਹਮੋ-ਸਾਹਮਣੇ ਹੋਣਗੀਆਂ। ਦਿੱਲੀ ਛੇ ਮੈਚਾਂ ਵਿੱਚ 10 ਅੰਕਾਂ ਨਾਲ ਸਿਖਰ ’ਤੇ ਹੈ, ਜਦਕਿ ਗੁਜਰਾਤ ਦੀ ਟੀਮ ਛੇ ਮੈਚਾਂ ’ਚ ਅੱਠ ਅੰਕਾਂ ਨਾਲ ਦੂਜੇ ਸਥਾਨ ’ਤੇ ਚੱਲ ਰਹੀ ਹੈ। ਪਿਛਲੇ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਸੁਪਰ ਓਵਰ ਵਿੱਚ ਹਰਾਉਣ ਵਾਲੀ ਦਿੱਲੀ ਦੀ ਟੀਮ ਦੇ ਹੌਸਲੇ ਬੁਲੰਦ ਹਨ। ਦਿੱਲੀ ਲਈ ਇਸ ਮੈਚ ਦੇ ਹੀਰੋ ਰਹੇ ਮਿਸ਼ੇਲ ਸਟਾਰਕ ਦੇ ਸਾਹਮਣੇ ਹੁਣ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ, ਸਾਈ ਸੁਦਰਸ਼ਨ ਅਤੇ ਜੋਸ ਬਟਲਰ ਵਰਗੇ ਬੱਲੇਬਾਜ਼ਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਹੋਵੇਗੀ। ਦੂਜੇ ਪਾਸੇ ਗੁਜਰਾਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ।
ਰਾਜਸਥਾਨ ਤੇ ਲਖਨਊ ਵੀ ਹੋਣਗੇ ਆਹਮੋ-ਸਾਹਮਣੇ
ਜੈਪੁਰ: ਲੈਅ ਵਿੱਚ ਆਉਣ ਲਈ ਜੂਝ ਰਹੀ ਰਾਜਸਥਾਨ ਰੌਇਲਜ਼ ਦੀ ਟੀਮ ਭਲਕੇ ਆਈਪੀਐੱਲ ਦੇ ਰਾਤ ਦੇ ਮੈਚ ਵਿੱਚ ਲਖਨਊ ਸੁਪਰਜਾਇੰਟਸ ਸਾਹਮਣੇ ਹੋਵੇਗੀ। ਸੱਤ ’ਚੋਂ ਮਹਿਜ਼ ਦੋ ਮੈਚ ਜਿੱਤਣ ਮਗਰੋਂ ਰਾਜਸਥਾਨ ਦੀ ਟੀਮ ਅੱਠਵੇਂ ਸਥਾਨ ’ਤੇ ਹੈ, ਜਦਕਿ ਲਖਨਊ ਦੀ ਟੀਮ ਸੱਤ ’ਚੋਂ ਚਾਰ ਜਿੱਤਾਂ ਨਾਲ ਪੰਜਵੇਂ ਸਥਾਨ ’ਤੇ ਕਾਬਜ਼ ਹੈ। ਹੁਣ ਤੱਕ ਰਾਜਸਥਾਨ ਦੀ ਬੱਲੇਬਾਜ਼ ਨਾਕਾਮ ਰਹੀ ਹੈ।