
ਤਰਨ ਤਾਰਨ, 19 ਅਪ੍ਰੈਲ – ਆਏ ਦਿਨ ਹੀ ਵਿਦੇਸ਼ਾਂ ਵਿੱਚੋਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਕਿਤੇ ਸੜਕ ਹਾਦਸਾ ਤਾਂ ਕਿਤੇ ਹਮਲਾ ਕਰਕੇ ਕਤਲ ਕੀਤੇ ਜਾਣ ਦੀਆਂ ਖਬਰਾਂ ਦਿਲ ਨੂੰ ਵਲੁੰਧਰ ਦਿੰਦੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਧੂੰਦਾ ਤੋਂ, ਜਿੱਥੋਂ ਦੀ ਰਹਿਣ ਵਾਲੀ ਹਰਸਿਮਰਤ ਕੋਰ ਰੰਧਾਵਾ ਨੂੰ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਹਰਸਿਮਰਤ ਦੀ ਮੌਤ ਕਤਲ ਹੈ ਜਾਂ ਇੱਕ ਹਾਦਸਾ ਇਸ ਦੀ ਪੜਤਾਲ ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਧੂੰਦਾ ‘ਚ ਸੋਗ ਦੀ ਲਹਿਰ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ‘ਸਾਡੀ ਲੜਕੀ ਲੱਗਭਗ ਦੋ ਸਾਲ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਈ ਸੀ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਘਰੋਂ ਨਿਕਲੀ ਤਾਂ ਅਚਾਨਕ ਹੀ ਉਸ ਉੱਤੇ ਕਿਸੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਉਥੇ ਕੋਈ ਦੋ ਗੁੱਟਾਂ ਵਿੱਚ ਲੜਾਈ ਦੌਰਾਨ ਗੋਲੀਬਾਰੀ ਕੀਤੀ ਜਾ ਰਹੀ ਸੀ ਤਾਂ ਅਚਾਨਕ ਹਰਸਿਮਰਤ ਕੌਰ ਦੇ ਗੋਲੀ ਲੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ।’
ਕੈਨੇਡਾ ਪੁਲਿਸ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਜ਼ਿਕਰਯੋਗ ਹੈ ਕਿ ਪੰਜਾਬ ਦੀ ਧੀ ਹਰਸਿਮਰਤ ਰੰਧਾਵਾ 21 ਸਾਲ ਦੀ ਸੀ ਅਤੇ ਉਹ ਓਨਟਾਰੀਓ ਦੇ ਹੈਮਿਲਟਨ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ। ਹੈਮਿਲਟਨ ਪੁਲਿਸ ਬੁੱਧਵਾਰ ਨੂੰ ਹੋਏ ਕਤਲ ਦੀ ਜਾਂਚ ਕਰ ਰਹੀ ਹੈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ੁੱਕਰਵਾਰ ਨੂੰ ਇੱਕ ਪੋਸਟ ਵਿੱਚ ਕਿਹਾ, “ਅਸੀਂ ਓਨਟਾਰੀਓ ਦੇ ਹੈਮਿਲਟਨ ਵਿੱਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਤੋਂ ਬਹੁਤ ਦੁਖੀ ਹਾਂ। ਉਹ ਇੱਕ ਮਾਸੂਮ ਬੱਚੀ ਸੀ। ਦੋ ਵਾਹਨਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਉਸ ਦੀ ਮੌਤ ਇੱਕ ਗੋਲੀ ਲੱਗਣ ਨਾਲ ਹੋ ਗਈ। ਕਤਲ ਦੀ ਜਾਂਚ ਜਾਰੀ ਹੈ। ਅਸੀਂ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ। ਅਸੀਂ ਹਰ ਸੰਭਵ ਮਦਦ ਦੇ ਰਹੇ ਹਾਂ। ਇਸ ਮੁਸ਼ਕਿਲ ਸਮੇਂ ਵਿੱਚ ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪਰਿਵਾਰ ਦੇ ਨਾਲ ਹਨ।’