
ਬੰਗਲਾਦੇਸ਼ ਦੇ ਨੋਬੇਲ ਪੁਰਸਕਾਰ ਜੇਤੂ ਤੇ ਉੱਥੋਂ ਦੀ ਅੰਤਰਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੂੰ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਹੈ, ਜਦਕਿ ਪੰਜ ਵਾਰ (2014, 15, 17, 20 ਤੇ 21) ਸੂਚੀ ਵਿੱਚ ਸ਼ਾਮਲ ਹੋਏ ਮੋਦੀ ਇਸ ਵਾਰ ਨਦਾਰਦ ਹਨ। ਮੁਹੰਮਦ ਯੂਨਸ ਨੂੰ ‘ਲੀਡਰਜ਼’ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾ ਦੀ ਇਹ ਉਪਲੱਬਧੀ ਬੰਗਲਾਦੇਸ਼ ਵਿੱਚ 2024 ਵਿੱਚ ਹੋਈ ਸਿਆਸੀ ਉਥਲ-ਪੁਥਲ ਦੇ ਬਾਅਦ ਉਨ੍ਹਾ ਦੀ ਭੂਮਿਕਾ ਨੂੰ ਦਰਸਾਉਦੀ ਹੈ। ਪਿਛਲੇ ਸਾਲ ਵਿਦਿਆਰਥੀ ਅੰਦੋਲਨ ਦੇ ਬਾਅਦ ਤੱਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦੀ ਸਰਕਾਰ ਦਾ ਤਖਤਾ ਪਲਟ ਹੋਇਆ ਅਤੇ ਯੂਨਸ ਨੇ ਮੁੱਖ ਸਲਾਹਕਾਰ ਵਜੋਂ ਦੇਸ਼ ਨੂੰ ਲੋਕਤੰਤਰ ਵੱਲ ਲਿਜਾਣ ਦੀ ਜ਼ਿੰਮੇਵਾਰੀ ਸੰਭਾਲੀ।
ਸੂਚੀ ਵਿੱਚ ਭਾਰਤ ਦੀ ਗੈਰਹਾਜ਼ਰੀ ਨੇ ਕਈ ਸਵਾਲ ਉਠਾਏ ਹਨ। ਪਿਛਲੇ ਵਰ੍ਹਿਆਂ ਵਿੱਚ ਸੂਚੀ ’ਚ ਮੋਦੀ ਤੋਂ ਇਲਾਵਾ ਅਭਿਨੇਤਰੀ ਆਲੀਆ ਭੱਟ, ਭਲਵਾਨ ਸਾਕਸ਼ੀ ਮਲਿਕ, ਉਦਮੀ ਗੌਤਮ ਅਡਾਨੀ ਅਤੇ ਭਾਰਤੀ ਮੂਲ ਦੇ ਸੱਤਿਆ ਨਡੇਲਾ ਤੇ ਅਜੈ ਬੰਗਾ ਵਰਗਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਵਾਰ ਸਿਰਫ ਭਾਰਤੀ ਮੂਲ ਦੀ ਰੇਸ਼ਮ ਕੇਵਲਰਮਾਨੀ ਨੂੰ ਥਾਂ ਮਿਲੀ ਹੈ। ਉਹ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ ਈ ਓ ਹੈ। ਰੇਸ਼ਮਾ 11 ਸਾਲ ਦੀ ਉਮਰ ਵਿੱਚ ਅਮਰੀਕਾ ਚਲੇ ਗਏ ਸੀ ਤੇ ਹੁਣ ਅਮਰੀਕਾ ਦੀ ਨਾਗਰਿਕ ਹੈ। ਮੋਦੀ ਦੀ ਗੈਰਹਾਜ਼ਰੀ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ।
2014 ਵਿੱਚ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਤੇ ਵਿਦੇਸ਼ ਨੀਤੀ ਵਿੱਚ ਸਰਗਰਮੀ ਨੇ ਮੋਦੀ ਨੂੰ ਸਭ ਤੋਂ ਪਹਿਲਾਂ ਟਾਈਮ ਦੀ ਸੂਚੀ ਵਿੱਚ ਥਾਂ ਦਿਵਾਈ ਸੀ। ਹਾਲਾਂਕਿ ਟਾਈਮ ਨੇ 2020 ਤੇ 2021 ਵਿੱਚ ਹਿੰਦੂ ਰਾਸ਼ਟਰਵਾਦ ਨੂੰ ਬੜ੍ਹਾਵਾ ਦੇਣ, ਘੱਟ ਗਿਣਤੀਆਂ ’ਤੇ ਹਮਲਿਆਂ ਤੇ ਪ੍ਰੈੱਸ ਦੀ ਅਜ਼ਾਦੀ ’ਤੇ ਨਕੇਲ ਲਈ ਮੋਦੀ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਸੀ। ਉਸ ਨੇ ਇਕ ਕਵਰ ਪੇਜ ’ਤੇ ਮੋਦੀ ਦੀ ਤਸਵੀਰ ਲਾ ਕੇ ਉਨ੍ਹਾ ਨੂੰ ਚੀਫ ਡਿਵਾਈਡਰ ਯਾਨਿ ਦੇਸ਼ ਤੋੜਨ ਵਾਲਾ ਮੁਖੀਆ ਤੱਕ ਲਿਖ ਦਿੱਤਾ ਸੀ।