
ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਦੀ ਨਿਲਾਮੀ ਤੇ ਇਸ ਤੋਂ ਇਕੱਠੇ ਹੋਏ ਪੈਸੇ ਨਿਵੇਸ਼ਕਾਂ ਨੂੰ ਮੋੜਨ ਦੀ ਪ੍ਰਕਿਰਿਆ ਇਕ ਵਾਰ ਫਿਰ ਸ਼ੁਰੂ ਹੋ ਰਹੀ ਹੈ। ਲੱਖਾਂ ਨਿਵੇਸ਼ਕਾਂ ਨੂੰ ਉਨ੍ਹਾਂ ਦੇ 69 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਪੈਸੇ ਮੁੜਨ ਦੀ ਆਸ ਵੀ ਜਾਗ ਪਈ ਹੈ। ਦਰਅਸਲ, ਗਰੁੱਪ ਦੀਆਂ 11 ਪ੍ਰਾਪਰਟੀਆਂ ਦੀ 21 ਅਪ੍ਰੈਲ ਨੂੰ ਨਿਲਾਮੀ ਕੀਤੀ ਜਾ ਰਹੀ ਹੈ। ਜ਼ਿਆਦਾਤਰ ਵਿਵਾਦਤ ਜਾਇਦਾਦਾਂ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਨ।
ਇਹ ਵੀ ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਲੋਕਾਂ ਦਾ ਪੈਸਾ ਮੋੜਨ ਤੇ ਗਰੁੱਪ ਦੀਆਂ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਨ ਕਰਕੇ ਇਨ੍ਹਾਂ ਨੂੰ ਵੇਚਣ ਲਈ ਲੋਢਾ ਕਮੇਟੀ ਬਣਾਈ ਸੀ। ਕਮੇਟੀ ਵੱਲੋਂ ਸਾਰੇ ਕਾਰਜ ਪੂਰੇ ਕਰ ਲਏ ਗਏ ਹਨ। ਪਿਛਲੇ ਸਾਲ ਪਰਲਜ਼ ਗਰੁੱਪ ਦੇ ਐੱਮਡੀ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਸੀ। ਆਮ ਆਦਮੀ ਪਾਰਟੀ ਨੇ ਸਾਲ 2022 ’ਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਸਰਕਾਰ ਬਣਨ ’ਤੇ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰਾਉਣ ਦਾ ਵਾਅਦਾ ਕੀਤਾ ਸੀ। ਇਸ ਘੁਟਾਲੇ ਦੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਲੋਕਾਂ ਦੇ ਪੈਸੇ ਤੋਂ ਬਣਾਈਆਂ ਜਾਇਦਾਦਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਵੇਚ ਦਿੱਤਾ ਗਿਆ ਸੀ। ਇਹ ਜਾਇਦਾਦਾਂ 1200 ਕਰੋੜ ਰੁਪਏ ਦੀ ਕੀਮਤ ਦੀਆਂ ਸਨ। ਪੰਜਾਬ ਪੁਲਿਸ ਨੇ 2020 ’ਚ ਐੱਫਆਈਆਰ ਦਰਜ ਕਰ ਕੇ ਐੱਮਡੀ ਭੰਗੂ ਦੇ ਪਰਿਵਾਰਕ ਮੈਂਬਰਾਂ ਸਣੇ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦਾ ਦਾਅਵਾ ਸੀ ਕੀ ਮੋਹਾਲੀ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਮੁੰਬਈ ਤੇ ਭਾਰਤ ਸਣੇ ਹੋਰ ਥਾਵਾਂ ’ਤੇ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਨੂੰ ਗੈ਼ਰ-ਕਾਨੂੰਨੀ ਢੰਗ ਨਾਲ ਵੇਚਿਆ ਗਿਆ ਸੀ। ਇਸ ਘੁਟਾਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਭਰ ’ਚ ਲਗਪਗ 5.5 ਕਰੋੜ ਨਿਵੇਸ਼ਕਾਂ ਨਾਲ ਇਸ ਗਰੁੱਪ ਨੇ 2014 ’ਚ ਵੱਖ-ਵੱਖ ਪੋਂਜ਼ੀ ਸਕੀਮਾਂ ਤਹਿਤ 45,000 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਕੀਤੀ ਸੀ। ਇਹ ਗਰੁੱਪ ਅਕਾਲੀ ਦਲ ਦੀ ਸਰਕਾਰ ਵੇਲੇ ਕਰਵਾਏ ਜਾਂਦੇ ਵਿਸ਼ਵ ਕਬੱਡੀ ਕੱਪ ਦਾ ਮੁੱਖ ਸਪਾਂਸਰ ਹੁੰਦਾ ਸੀ।
ਪੰਜਾਬ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ ਰਾਹੀਂ ਲੋਕਾਂ ਨੂੰ ਵੱਡੇ ਨਿਵੇਸ਼ ਦਾ ਲਾਲਚ ਦੇ ਕੇ ਘਪਲੇ ਕੀਤੇ ਗਏ ਹੋਣ। ਸੋਸ਼ਲ ਮੀਡੀਆ ’ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸਾਈਟਾਂ ਹਨ ਜਿਨ੍ਹਾਂ ’ਚ ਡਾਲਰ ਦੇ ਰੂਪ ’ਚ ਪੈਸੇ ਲਗਾ ਕੇ ਰੁਪਏ ਨੂੰ ਕਈ ਗੁਣਾ ਕਰਨ ਦਾ ਸਬਜ਼ਬਾਗ ਦਿਖਾਇਆ ਜਾਂਦਾ ਹੈ। ਪਿਛਲੇ ਦਿਨੀਂ ਕਈ ਲੋਕਾਂ ਦਾ ਇਨ੍ਹਾਂ ਕੰਪਨੀਆਂ ਨੇ ਪੈਸਾ ਲੁੱਟਿਆ ਵੀ ਹੈ। ਸਾਲ 2019 ’ਚ ਮਾਨਸਾ ਜ਼ਿਲੇ ’ਚ ਵੀ ਲਗਪਗ 100 ਲੋਕਾਂ ਤੋਂ ਨਿਵੇਸ਼ ਦੇ ਨਾਂ ’ਤੇ ਕਰੋੜਾਂ ਰੁਪਏ ਠੱਗੇ ਗਏ ਸਨ। ਇਸ ’ਚ ਕੰਪਨੀ ਦੇ ਮਾਲਕ ਨੇ ਸੱਤ ਮਹੀਨਿਆਂ ’ਚ ਡੇਢ ਗੁਣਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ।
ਸੂਬੇ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੇ ਪੈਸਾ ਵੀ ਲਗਾਇਆ ਪਰ ਕੰਪਨੀ ਦਾ ਮਾਲਕ ਕੁਝ ਦਿਨਾਂ ਬਾਅਦ ਰਫੂਚੱਕਰ ਹੋ ਗਿਆ। ਆਨਲਾਈਨ ਤਰੀਕੇ ਨਾਲ ਸ਼ੇਅਰ ਬਾਜ਼ਾਰ ’ਚ ਪੈਸਾ ਲਗਾ ਕੇ ਦੁੱਗਣੀ ਕਮਾਈ ਕਰਨ ਦੇ ਮਾਮਲੇ ਆਮ ਹਨ ਤੇ ਲੋਕ ਪੈਸਾ ਲਾ ਕੇ ਵੱਡੀਆਂ ਠੱਗੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਕਾਫ਼ੀ ਮਾਮਲੇ ਲੋਕਾਂ ਦੀ ਅਗਿਆਨਤਾ ਕਾਰਨ ਵਾਪਰ ਰਹੇ ਹਨ।