
ਨਵੀਂ ਦਿੱਲੀ, 18 ਅਪ੍ਰੈਲ – ਭਾਰਤੀ ਰਿਜ਼ਰਵ ਬੈਂਕ (RBI) ਨੇ ਇਕ ਵੱਡਾ ਕਦਮ ਚੁੱਕਦਿਆਂ ਅਹਿਮਦਾਬਾਦ ਸਥਿਤ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਬੈਂਕ ਦੀ ਵਿੱਤੀ ਸਥਿਤੀ ਗੰਭੀਰ ਤੌਰ ‘ਤੇ ਕਮਜ਼ੋਰ ਹੋ ਚੁੱਕੀ ਸੀ ਅਤੇ ਬੈਂਕ ਕੋਲ ਨਾ ਤਾਂ ਲੋੜੀਂਦੀ ਪੂੰਜੀ ਸੀ ਅਤੇ ਨਾ ਹੀ ਭਵਿੱਖ ਵਿੱਚ ਚੱਲਦੇ ਰਹਿਣ ਦੀ ਕੋਈ ਸੰਭਾਵਨਾ।
ਬੈਂਕ ਕਿਉਂ ਕੀਤਾ ਗਿਆ ਬੰਦ?
RBI ਦੇ ਅਨੁਸਾਰ, ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਕਈ ਮਹੱਤਵਪੂਰਣ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਨਿਰੰਤਰ ਨੁਕਸਾਨ ਅਤੇ ਕਮਜ਼ੋਰ ਵਿੱਤੀ ਹਾਲਤ ਕਾਰਨ ਇਹ ਬੈਂਕ ਆਪਣੇ ਗਾਹਕਾਂ ਦੀ ਜਮ੍ਹਾਂ ਰਕਮ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾ ਸਕਦਾ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ, ਰਿਜ਼ਰਵ ਬੈਂਕ ਨੇ ਗੁਜਰਾਤ ਕੋ-ਆਪਰੇਟਿਵ ਸੋਸਾਇਟੀ ਦੇ ਰਜਿਸਟ੍ਰਾਰ ਨੂੰ ਬੈਂਕ ਨੂੰ ਬੰਦ ਕਰਨ ਅਤੇ ਇੱਕ ਲਿਕਵਿਡੇਟਰ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ।
ਗਾਹਕਾਂ ਨੂੰ ਕਿੰਨਾ ਪੈਸਾ ਮਿਲੇਗਾ?
ਘਬਰਾਉਣ ਦੀ ਲੋੜ ਨਹੀਂ ਹੈ – RBI ਨੇ ਸਾਫ ਕੀਤਾ ਹੈ ਕਿ ਬੈਂਕ ਦੇ 98.51% ਗਾਹਕ Deposit Insurance and Credit Guarantee Corporation (DICGC) ਦੇ ਤਹਿਤ ਆਪਣੀ ਜਮ੍ਹਾਂ ਰਕਮ ਉੱਤੇ ਬੀਮਾ ਦਾਅਵੇ ਦੇ ਹੱਕਦਾਰ ਹਨ। DICGC ਦੇ ਨਿਯਮਾਂ ਅਨੁਸਾਰ, ਹਰ ਜਮਾਕਰਤਾ ਨੂੰ ਵੱਧ ਤੋਂ ਵੱਧ ₹5 ਲੱਖ ਤੱਕ ਦੀ ਜਮ੍ਹਾਂ ਰਕਮ ਵਾਪਸ ਮਿਲੇਗੀ। 31 ਮਾਰਚ, 2024 ਤੱਕ DICGC ਲਗਭਗ ₹13.94 ਕਰੋੜ ਰੁਪਏ ਦੀ ਰਕਮ ਗਾਹਕਾਂ ਨੂੰ ਵਾਪਸ ਕਰ ਚੁੱਕੀ ਹੈ।
ਹੁਣ ਬੈਂਕਿੰਗ ਸੇਵਾਵਾਂ ਹੋਈਆਂ ਬੰਦ
16 ਅਪ੍ਰੈਲ 2025 ਨੂੰ ਲਾਈਸੈਂਸ ਰੱਦ ਹੋਣ ਦੇ ਨਾਲ ਹੀ ਅਹਿਮਦਾਬਾਦ ਸਥਿਤ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਬੈਂਕਿੰਗ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਇਹ ਬੈਂਕ ਨਾ ਤਾਂ ਹੋਰ ਡਿਪੋਜ਼ਿਟ ਲੈ ਸਕੇਗਾ ਅਤੇ ਨਾ ਹੀ ਪੁਰਾਣੀਆਂ ਜਮ੍ਹਾਂ ਰਕਮਾਂ ਦੀ ਵਾਪਸੀ ਕਰ ਸਕੇਗਾ।