
ਦੇਸ਼ ਵਿੱਚ ਫ਼ਿਰਕੂ ਜ਼ਹਿਨੀਅਤ ਦੇ ਸ਼ਿਕਾਰ ਟੋਲਿਆਂ ਨੂੰ ਕਿਸੇ ਇੱਕ ਜਾਂ ਦੂਜੇ ਧਰਮ ਨੂੰ ਨਫ਼ਰਤ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ। ਮਸਜਿਦਾਂ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣਾ ‘ਨਫ਼ਰਤ ਦਾ ਕਾਰੋਬਾਰ’ ਚਲਾਉਣ ਲਈ ਉਰਦੂ ਮਿਲ ਗਈ ਹੈ। ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਵਿੱਚ ਪੈਂਦੇ ਪਾਤੂਰ ਕਸਬੇ ਦੀ ਨਗਰ ਪਾਲਿਕਾ ਦੀ ਇੱਕ ਸਾਬਕਾ ਕੌਂਸਲਰ ਨਗਰ ਕੌਂਸਲ ਦੇ ਸਾਈਨਬੋਰਡਾਂ ’ਤੇ ਮਰਾਠੀ ਤੇ ਅੰਗਰੇਜ਼ੀ ਤੋਂ ਇਲਾਵਾ ਉਰਦੂ ਭਾਸ਼ਾ ਦੇ ਇਸਤੇਮਾਲ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਗਈ।
ਇਸ ਤੋਂ ਪਹਿਲਾਂ ਬੰਬਈ ਹਾਈ ਕੋਰਟ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਤੇ ਠੀਕ ਇਵੇਂ ਹੀ ਸੁਪਰੀਮ ਕੋਰਟ ਨੇ ਕਰਦੇ ਹੋਏ ਸਮੁੱਚੇ ਦੇਸ਼ ਨੂੰ ਸਾਫ਼, ਸਪਸ਼ਟ ਤੇ ਬਹੁਤ ਜ਼ਰੂਰੀ ਸੰਦੇਸ਼ ਦਿੱਤਾ ਹੈ ਕਿ ‘ਭਾਸ਼ਾ ਨੂੰ ਕਿਸੇ ਧਰਮ ਨਾਲ ਨੱਥੀ ਨਹੀਂ ਕੀਤਾ ਜਾਣਾ ਚਾਹੀਦਾ।’ ਉਰਦੂ ਨੂੰ ‘ਗੰਗਾ ਜਮਨੀ ਤਹਿਜ਼ੀਬ’ ਦਾ ਬਾਕਮਾਲ ਨਮੂਨਾ ਕਰਾਰ ਦਿੰਦਿਆਂ ਅਦਾਲਤ ਨੇ ਆਖਿਆ ਹੈ ਕਿ ਇਸ ਨੂੰ ਮਹਿਜ਼ ਮੁਸਲਮਾਨਾਂ ਦੀ ਭਾਸ਼ਾ ਵਜੋਂ ਦੇਖਣਾ ਨਾ ਕੇਵਲ ਹਕੀਕਤ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ ਸਗੋਂ ਦੇਸ਼ ਦੀ ਵੰਨ-ਸਵੰਨਤਾ ਵਿੱਚ ਏਕਤਾ ਦੇ ਸੂਤਰ ਤੋਂ ਵੀ ਇਨਕਾਰੀ ਹੋਣ ਦੇ ਸਮਾਨ ਹੈ। ਇਸ ਫ਼ੈਸਲੇ ਰਾਹੀਂ ਸਿਆਸੀ ਲੀਡਰਸ਼ਿਪ ਨੂੰ ਚੇਤੇ ਕਰਾਇਆ ਗਿਆ ਹੈ ਕਿ ਮਹਾਰਾਸ਼ਟਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਰਤੇ ਗਏ ‘ਏਕ ਹੈਂ ਤੋ ਸੇਫ ਹੈਂ’ ਜਿਹੇ ਵੰਡਪਾਊ ਨਾਅਰੇ ਦੇਸ਼ ਦੇ ਬਹੁਭਾਂਤੇ ਕਿਰਦਾਰ ਨਾਲ ਦੁਸ਼ਮਣੀ ਪਾਲ਼ਦੇ ਹਨ।
ਪਟੀਸ਼ਨਰ ਨੇ ਇਸ ਤੱਥ ਨੂੰ ਅਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਕਿ ਉਰਦੂ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਦਰਜ ਕੀਤੀਆਂ ਗਈਆਂ 14 ਭਾਸ਼ਾਵਾਂ ਵਿੱਚ ਸ਼ਾਮਿਲ ਹੈ। ਸਦੀਆਂ ਤੋਂ ਇਹ ਨਾ ਕੇਵਲ ਵੱਖੋ-ਵੱਖਰੇ ਧਰਮਾਂ ਤੇ ਫ਼ਿਰਕਿਆਂ ਨਾਲ ਸਬੰਧਿਤ ਉੱਘੇ ਸ਼ਾਇਰਾਂ ਤੇ ਵਿਦਵਾਨਾਂ ਦੀ ਜ਼ਬਾਨ ਰਹੀ ਹੈ ਸਗੋਂ ਅੱਜ ਵੀ ਸਾਡੀ ਰੋਜ਼ਮੱਰਾ ਬੋਲਚਾਲ ਵਿੱਚ ਰਚੀ ਮਿਚੀ ਹੋਈ ਹੈ। ਕੀ ਉਰਦੂ ਤੋਂ ਬਗ਼ੈਰ ਦੇਸ਼ ਦੀ ਸਾਂਝੀ ਅਦਬੀ ਤੇ ਸੱਭਿਆਚਾਰਕ ਵਿਰਾਸਤ ਨੂੰ ਚਿਤਵਿਆ ਜਾ ਸਕਦਾ ਹੈ? ਕੀ ਹਿੰਦੀ ਫਿਲਮਾਂ ਦੇ ਸਦਾਬਹਾਰ ਸੰਗੀਤ ’ਚੋਂ ਉਰਦੂ ਨੂੰ ਕੱਢਿਆ ਜਾ ਸਕਦਾ ਹੈ? ਅੱਜ ਵੀ ਉਰਦੂ ਤੇ ਫਾਰਸੀ ਦੇ ਹਜ਼ਾਰਾਂ ਸ਼ਬਦ ਅਸੀਂ ਆਪਣੀ ਰੋਜ਼ਮੱਰਾ ਜ਼ਿੰਦਗੀ ਵਿੱਚ ਇਸਤੇਮਾਲ ਕਰਦੇ ਹਾਂ।
ਪਾਰਲੀਮਾਨੀ ਬਹਿਸਾਂ ਵਿੱਚ ਜਦੋਂ ਕਿਤੇ ਕੋਈ ਉਰਦੂ ਦਾ ਸ਼ੇਅਰ ਆ ਜਾਂਦਾ ਹੈ ਤਾਂ ਵੱਖਰਾ ਹੀ ਰੰਗ ਉੱਘੜ ਪੈਂਦਾ ਹੈ। ਸੁਪਰੀਮ ਕੋਰਟ ਨੇ ਇਹ ਸਹੀ ਫ਼ਰਮਾਇਆ ਹੈ ਕਿ ‘ਹਿੰਦੀ’ ਸ਼ਬਦ ਵੀ ਫਾਰਸੀ ਦੇ ‘ਹਿੰਦਵੀ’ ਤੋਂ ਬਣਿਆ ਹੈ। ਕਈ ਖੇਤਰਾਂ ਵਿੱਚ ਉਰਦੂ ਨੂੰ ‘ਹਿੰਦਵੀ’ ਆਖਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬੀ ਨਾਲ ਉਰਦੂ ਦਾ ਰਿਸ਼ਤਾ ਬਹੁਤ ਗਹਿਰਾ ਤੇ ਪੁਰਾਣਾ ਹੈ। ਇਸ ਤਰ੍ਹਾਂ ਦੀਆਂ ਸਾਂਝਾਂ ਹਿੰਦੂਤਵੀ ਜਨੂੰਨੀਆਂ ਨੂੰ ਰੜਕਦੀਆਂ ਰਹਿੰਦੀਆਂ ਹਨ ਜੋ ਹਰੇਕ ਮਸਜਿਦ ਦੇ ਹੇਠਾਂ ਮੰਦਰ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ। ਪਾਤੂਰ ਨਗਰ ਕੌਂਸਲ ਨੇ ਇਸੇ ਕਰ ਕੇ ਸਾਈਨਬੋਰਡਾਂ ’ਤੇ ਉਰਦੂ ਦੇ ਇਸਤੇਮਾਲ ਜਾਰੀ ਰੱਖਿਆ ਹੈ ਕਿਉਂਕਿ ਉੱਥੋਂ ਦੇ ਬਹੁਤ ਸਾਰੇ ਲੋਕ ਇਸ ਭਾਸ਼ਾ ਨੂੰ ਬਾਖ਼ੂਬੀ ਜਾਣਦੇ ਪਛਾਣਦੇ ਹਨ। ਅੰਤ ਨੂੰ ਇਸੇ ਤਰ੍ਹਾਂ ਸੰਚਾਰ ਕਰਨਾ ਹੀ ਹਰੇਕ ਭਾਸ਼ਾ ਦਾ ਕੰਮ ਹੁੰਦਾ ਹੈ